ਜਗਤਾਰ ਸਿੰਘ ਸਿੱਧੂ;
ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਪੰਜ ਨਵੇਂ ਮੰਤਰੀ ਸ਼ਾਮਲ ਕਰਨ ਨਾਲ ਹੁਣ ਮੁੱਖ ਮੰਤਰੀ ਮਾਨ ਦੀ 16 ਮੈਂਬਰੀ ਟੀਮ ਹੋ ਗਈ ਹੈ। ਇਸ ਤਰਾਂ ਜਿਥੇ ਪੰਜ ਨਵੇਂ ਕੈਬਨਿਟ ਮੰਤਰੀ ਲਏ ਗਏ ਹਨ ਅਤੇ ਚਾਰ ਪਿਛਲੇ ਕੈਬਨਿਟ ਮੰਤਰੀਆਂ ਦੀ ਛੁੱਟੀ ਹੋ ਗਈ ਹੈ।
ਸ਼ਾਮੀ ਪੰਜਾਬ ਰਾਜ ਭਵਨ ਵਿੱਚ ਸਾਦਾ ਜਿਹਾ ਸਮਾਗਮ ਕਰਕੇ ਜਿਹੜੇ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਵਜੋਂ ਸੰਹੁ ਚੁਕਾਈ ਗਈ ਹੈ ਉਨਾਂ ਵਿਚ ਮੋਹਿੰਦਰ ਭਗਤ ( ਜਲੰਧਰ ਪੱਛਮੀ) ਡਾ ਰਵੀਜੋਤ ਸਿੰਘ ਸ਼ਾਮ ਚੁਰਾਸੀ, ਤਰੁਣਪ੍ਰੀਤ ਸਿੰਘ ਖੰਨਾ, ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਅਤੇ ਬਰਿੰਦਰ ਗੋਇਲ ਲਹਿਰਾਗਾਗਾ ਸ਼ਾਮਲ ਹਨ। ਜਿਹੜੇ ਚਾਰ ਸਾਬਕਾ ਕੈਬਨਿਟ ਮੰਤਰੀ ਹੋ ਗਏ ਹਨ ਉਨਾਂ ਵਿਚ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਅਨਮੋਲ ਗਗਨ ਮਾਨ ਸ਼ਾਮਲ ਹਨ। ਜਿਹੜੇ ਕੈਬਨਿਟ ਵਿਚ ਨਵੇਂ ਚੇਹਰੇ ਸ਼ਾਮਲ ਕੀਤੇ ਗਏ ਹਨ ਉਹ ਕਈ ਤਾਂ ਪਹਿਲੀਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜੇ ਹਨ ਪਰ ਕਈ ਤਕੜਾ ਰਾਜਸੀ ਪਿਛੋਕੜ ਰੱਖਦੇ ਹਨ। ਮਿਸਾਲ ਵਜੋਂ ਬਰਿੰਦਰ ਗੋਇਲ ਅਜਿਹੇ ਨੇਤਾ ਹਨ ਜਿੰਨਾਂ ਨੇ ਲਹਿਰਾਗਾਗਾ ਤੋਂ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਰਾਜਨੀਤੀ ਅੰਦਰ ਕਿਵੇਂ ਪਾਸਾ ਬਦਲ ਜਾਂਦਾ ਹੈ? ਇਸ ਦੀ ਮਿਸਾਲ ਲਹਿਰਾਗਾਗਾ ਹੈ। 1992 ਵਿਚ ਬਰਿੰਦਰ ਗੋਇਲ ਬੀਬੀ ਭਠਲ ਕੋਲੋਂ ਹਾਰ ਗਏ ਸਨ ਪਰ ਹੁਣ ਬੀਬੀ ਭੱਠਲ ਨੂੰ ਹਰਾਕੇ ਉਹ ਕੈਬਨਿਟ ਵਿਚ ਪੁੱਜ ਗਏ ਹਨ। ਇਸ ਤਰਾਂ ਲਹਿਰਾਗਾਗਾ ਨੂੰ ਨਵਾਂ ਚੇਹਰਾ ਕੈਬਨਿਟ ਮੰਤਰੀ ਦੇ ਤੌਰ ਤੇ ਮਿਲ ਗਿਆ ਹੈ! ਕੋਈ ਸਮਾਂ ਸੀ ਕਿ ਬੀਬੀ ਭੱਠਲ ਦੀ ਪਹਿਚਾਣ ਹੀ ਲਹਿਰਾਗਾਗਾ ਹੁੰਦਾ ਸੀ।
ਮੁੱਖ ਮੰਤਰੀ ਮਾਨ ਨੇ ਜਲੰਧਰ ਪੱਛਮੀ ਦੀ ਚੋਣ ਵੇਲੇ ਦੁਆਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਮੋਹਿੰਦਰ ਭਗਤ ਨੂੰ ਜਿਤਾਕੇ ਭੇਜੋ, ਮੰਤਰੀ ਬਨਾਉਣਾ ਉਨਾ ਦਾ ਕੰਮ ਹੈ! ਮਾਨ ਨੇ ਵਾਅਦਾ ਹੀ ਪੂਰਾ ਨਹੀ ਕੀਤਾ ਸਗੋ ਜਲੰਧਰੀਆਂ ਦਾ ਦਿੱਲ ਜਿੱਤ ਲਿਆ। ਭਗਤ ਭਾਜਪਾ ਛੱਡ ਕੇ ਆਏ ਹਨ ਅਤੇ ਉਸ ਪਰਿਵਾਰ ਦਾ ਤਕੜਾ ਰਸੂਖ ਹੈ! ਲੁਧਿਆਣਾ ਵਾਲੇ ਵੀ ਇਸ ਤਬਦੀਲ਼ੀ ਨਾਲ ਖੱਟ ਗਏ! ਪਹਿਲਾਂ ਲੁਧਿਆਣਾ ਤੋ ਕੋਈ ਕੈਬਨਿਟ ਮੰਤਰੀ ਨਹੀਂ ਸੀ ਪਰ ਹੁਣ ਖੰਨਾ ਅਤੇ ਸਾਹਨੇਵਾਲ ਦੇ ਦੋ ਵਿਧਾਇਕ ਮੰਤਰੀ ਮੰਡਲ ਵਿਚ ਆ ਗਏ। ਸ਼ਾਮ ਚੁਰਾਸੀ ਨੂੰ ਵੀ ਡਾ ਰਵੀਜੋਤ ਨਾਲ ਥਾਂ ਮਿਲ ਗਈ ਅਤੇ ਦੁਆਬੇ ਸਮੇਤ ਪਛੜੀਆਂ ਸ਼੍ਰੈਣੀਆਂ ਅਤੇ ਅਨੁਸੂਚਿਤ ਜਾਤੀਆਂ ਦੀ ਵੀ ਪ੍ਰਤੀਨਧਤਾ ਹੋ ਗਈ।
- Advertisement -
ਨਵੇਂ ਫੇਰਬਦਲ ਨਾਲ ਕੁਲ ਸੋਲਾਂ ਮੈੰਬਰੀ ਵਜਾਰਤ ਹੋ ਗਈ ਜਦੋਂ ਕਿ ਅਠਾਰਾਂ ਮੈਂਬਰ ਹੋ ਸਕਦੇ ਹਨ। ਗਗਨ ਮਾਨ ਦੇ ਜਾਣ ਨਾਲ ਹੁਣ ਡਾ ਬਲਜੀਤ ਕੌਰ ਇਕਲੌਤੇ ਮਹਿਲਾ ਮੈਂਬਰ ਵਜਾਰਤ ਵਿੱਚ ਰਹਿ ਗਏ ਹਨ। ਬੇਸ਼ਕ ਇਹ ਚੌਥਾ ਵਜਾਰਤੀ ਬਦਲ ਗਿਣਿਆ ਜਾ ਰਿਹਾ ਹੈ ਪਰ ਆਪ ਨੇ ਸੁਨੇਹਾ ਦਿੱਤਾ ਹੈ ਕਿ ਕਾਰਗੁਜਾਰੀ ਹੀ ਕੈਬਨਿਟ ਵਿਚ ਰਹਿਣ ਦੀ ਕਸਵੱਟੀ ਹੈ ਅਤੇ ਇਹ ਸੁਨੇਹਾ ਪੰਜਾਬੀਆਂ ਨੂੰ ਵੀ ਗਿਆ ਹੈ।
ਆਪ ਵਲੋਂ ਮੰਤਰੀ ਮੰਡਲ ਦੇ ਵਾਧੇ ਬਾਰੇ ਕਈ ਦਿਨ ਤੋਂ ਮੀਡੀਆ ਅੰਦਰ ਚਰਚਾ ਸੀ ਪਰ ਜੌੜਾਮਾਜਰਾ ਜਿਹੇ ਮੰਤਰੀ ਵੀ ਚਲੇ ਗਏ ਜਿਹੜੇ ਕਿ ਕਈ ਮਹਿਕਮੇ ਸੰਭਾਲ ਰਹੇ ਸਨ। ਇਸ ਤਬਦੀਲ਼ੀ ਨਾਲ ਪ੍ਰਸ਼ਾਸ਼ਕੀ ਹਲਕਿਆਂ ਅੰਦਰ ਵੀ ਸੁਨੇਹਾ ਜਾਏਗਾ ਕਿ ਕਾਰਗੁਜਾਰੀ ਹੀ ਕਿਸੇ ਅਧਿਕਾਰੀ ਦਾ ਅਧਾਰ ਮੰਨਿਆ ਜਾਵੇਗਾ। ਵਿਧਾਇਕਾਂ ਨੂੰ ਸੁਨੇਹਾ ਕਿ ਜੇਕਰ ਕੋਈ ਇਕ ਵਾਰ ਮੰਤਰੀ ਬਣ ਗਿਆ ਤਾਂ ਉਸ ਦਾ ਜਨਮ ਸਿੱਧ ਅਧਿਕਾਰ ਨਹੀ ਹੈ ਕਿ ਸਦਾ ਮੰਤਰੀ ਹੀ ਰਹੇਗਾ। ਇਹ ਵੀ ਸਹੀ ਹੈ ਕਿ ਅੰਤਿਮ ਫਤਵਾ ਪੰਜਾਬੀਆਂ ਦਾ ਹੀ ਮੰਨਿਆ ਜਾਵੇਗਾ।
ਸੰਪਰਕ 9814002186