ਨਵਜੋਤ ਸਿੱਧੂ ਅਤੇ ਹੋਰਾਂ ਲਈ ਸ਼ੁਭ ਸੰਕੇਤ; ਆਸ਼ਾ ਕੁਮਾਰੀ ਦੀ ਥਾਂ ਹਰੀਸ਼ ਰਾਵਤ

TeamGlobalPunjab
7 Min Read

-ਜਗਤਾਰ ਸਿੰਘ ਸਿੱਧੂ

 

ਕਾਂਗਰਸ ਹਾਈਕਮਾਂਡ ਵੱਲੋਂ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਹਰੀਸ਼ ਰਾਵਤ ਨੂੰ ਪੰਜਾਬ ਦਾ ਜਨਰਲ ਸਕੱਤਰ/ਇੰਚਾਰਜ ਲਾਉਣ ਨਾਲ ਪੰਜਾਬ ਕਾਂਗਰਸ ਦੇ ਖੜ੍ਹੇ ਪਾਣੀਆਂ ‘ਚ ਹਲਚਲ ਹੋ ਗਈ ਹੈ। ਇਸ ਤਬਦੀਲੀ ਦਾ ਵੱਡਾ ਸੰਕੇਤ ਇਹ ਹੈ ਕਿ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਜਿੱਥੇ ਇੱਕੋ ਝਟਕੇ ਨਾਲ ਪੰਜਾਬ ਤੋਂ ਪਾਸੇ ਕੀਤਾ ਗਿਆ ਹੈ ਉੱਥੇ ਉਸ ਨੂੰ ਕੌਮੀ ਪੱਧਰ ‘ਤੇ ਕਾਂਗਰਸ ਅੰਦਰ ਕੋਈ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਆਸ਼ਾ ਕੁਮਾਰੀ ਪੰਜਾਬ ਮਾਮਲਿਆਂ ਦੀ ਇੰਚਾਰਜ ਹੋਣ ਦੇ ਬਾਵਜੂਦ ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮਤਭੇਦਾਂ ਨੂੰ ਹੱਲ ਨਹੀਂ ਕਰਾ ਸਕੀ। ਪੰਜਾਬ ਦੇ ਦੋ ਪਾਰਲੀਮੈਂਟ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦੇ ਮੁੱਖ ਮੰਤਰੀ ਨਾਲ ਸਿੱਧੇ ਟਕਰਾ ਦਾ ਕੋਈ ਹੱਲ ਨਾ ਕਰਵਾ ਸਕੀ। ਇਸ ਦੌਰਾਨ ਸਗੋਂ ਬਾਜਵਾ ਅਤੇ ਦੂਲੋਂ ਨੂੰ ਕਾਂਗਰਸ ਤੋਂ ਬਾਹਰ ਦਾ ਰਾਹ ਵਿਖਾਉਣ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਂਡ ਨੂੰ ਰਿਪੋਰਟ ਭੇਜ ਦਿੱਤੀ। ਪਾਰਟੀ ਹਾਈਕਮਾਂਡ ਵੱਲੋਂ ਇਸ ਰਿਪੋਰਟ ‘ਚ ਬਾਜਵਾ ਅਤੇ ਦੂਲੋਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨਾਲ ਜਾਖੜ ਦੀ ਰਿਪੋਰਟ ਵੀ ਮਜ਼ਾਕ ਬਣ ਕੇ ਰਹਿ ਗਈ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਇਹ ਸੰਕੇਤ ਆ ਰਹੇ ਸਨ ਕਿ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ। ਇਸ ਲਈ ਪਾਰਟੀ ਅਤੇ ਸਰਕਾਰ ਪੱਧਰ ‘ਤੇ ਤਬਦੀਲੀਆਂ ਦੀ ਸੰਭਾਵਨਾ ਨਜ਼ਰ ਆ ਰਹੀ ਸੀ। ਰਾਵਤ ਪੰਜ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਇੱਕ ਵਾਰ ਕੇਂਦਰੀ ਮੰਤਰੀ ਰਹਿ ਚੁੱਕੇ ਹਨ ਅਤੇ ਆਪਣੇ ਸੂਬੇ ਦੇ ਦਲੇਰ ਅਤੇ ਇਮਾਨਦਾਰ ਮੁੱਖ ਮੰਤਰੀ ਵਜੋਂ ਪਹਿਚਾਣ ਬਨਾਉਣ ਵਾਲੇ ਨੇਤਾ ਹਨ। ਇਸ ਸਥਿਤੀ ‘ਚ ਰਾਵਤ ਨੂੰ ਇੱਕ ਮਜ਼ਬੂਤ ਨੇਤਾ ਵਜੋਂ ਪੰਜਾਬ ‘ਚ ਲਿਆਇਆ ਜਾ ਰਿਹਾ ਹੈ। ਉਸ ਸਾਹਮਣੇ ਬੇਸ਼ਕ ਵੱਡੀਆਂ ਚੁਣੌਤੀਆਂ ਹਨ, ਕਿ ਨਵਜੋਤ ਸਿੱਧੂ ਸਮੇਤ ਬਾਗੀ ਆਗੂਆਂ ਨੂੰ ਕਿਵੇਂ ਪਾਰਟੀ ਦੀ ਮੁੱਖ ਧਾਰਾ ‘ਚ ਲਿਆਂਦਾ ਜਾਵੇਗਾ ਇਹ ਸਪਸ਼ਟ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਲਈ ਮੋਮ ਦਾ ਨੱਕ ਨਹੀਂ ਹੋ ਸਕਦੇ ਕਿ ਜਿੱਧਰ ਨੂੰ ਦਿਲ ਕਰੋ ਮਰੋੜ ਦਿਓ। ਕੌਮੀ ਪੱਧਰ ‘ਤੇ ਕਾਂਗਰਸ ਲਈ ਬਣੀਆਂ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਕੌਮੀ ਨਜ਼ਰੀਏ ਤੋਂ ਅਹਿਮ ਸੂਬਾ ਹੈ ਜਿੱਥੇ ਕਿ ਦੋ ਸਾਲ ਦੇ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਇਸ ‘ਚ ਵੀ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਕੈਪਟਨ ਅਮਰਿੰਦਰ ਸਰਕਾਰ ਦਾ ਲੋਕਾਂ ‘ਚ ਅਕਸ ਹੇਠਾਂ ਜਾ ਰਿਹਾ ਹੈ। ਨਵਜੋਤ ਸਿੰਧੂ ਦਾ ਪੰਜਾਬੀਆਂ ‘ਚ ਅਜੇ ਵੀ ਨਾਂ ਹੈ ਪਰ ਕੈਪਟਨ ਨਾਲ ਨਾਰਾਜ਼ਗੀ ਕਾਰਨ ਘਰ ਬੈਠਾ ਹੈ। ਹਰੀਸ਼ ਰਾਵਤ ਨੇ ਇਹ ਸੰਕੇਤ ਦਿੱਤਾ ਹੈ ਕਿ ਨਵਜੋਤ ਸਿੱਧੂ ਸਮੇਤ ਬਾਕੀ ਬਾਗੀ ਸੁਰਾਂ ਵਾਲੇ ਆਗੂਆਂ ਨੂੰ ਪਾਰਟੀ ਦੇ ਪਲੇਟਫਾਰਮ ‘ਤੇ ਲੈ ਕੇ ਆਉਣਗੇ। ਇਸ ਸਥਿਤੀ ਨੂੰ ਬਹੁਤੀ ਦੇਰ ਲਟਕਾਇਆ ਨਹੀਂ ਜਾ ਸਕਦਾ ਕਿਉਂ ਜੋ ਪੰਜਾਬ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਵਿਰੋਧੀ ਧਿਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਨਵਜੋਤ ਸਿੰਧੂ ਲਈ ਵੀ ਆਉਣ ਵਾਲੇ ਦਿਨ ਅਹਿਮ ਹਨ ਕਿਉਂਕਿ ਉਹ ਹੋਰ ਵਧੇਰੇ ਸਮਾਂ ਘਰ ‘ਚ ਬੈਠ ਕੇ ਪੰਜਾਬ ਦੀ ਰਾਜਨੀਤੀ ‘ਚ ਅਹਿਮ ਭੂਮਿਕਾ ਨਹੀਂ ਨਿਭਾ ਸਕਦੇ। ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਪਿਛਲੇ ਦਿਨੀਂ ਕੁਝ ਹੋਰ ਇੰਤਜ਼ਾਰ ਕਰਨ ਲਈ ਕਿਹਾ ਸੀ ਪਰ ਹੁਣ ਆਸ਼ਾ ਕੁਮਾਰੀ ਦੇ ਪਾਸੇ ਹੋਣ ਨਾਲ ਤਬਦੀਲੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਤਬਦੀਲੀਆਂ ਵੀ ਯੁਵਾ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸੋਚ ਮੁਤਾਬਕ ਹੀ ਹੋ ਰਹੀਆਂ ਹਨ। ਪੰਜਾਬ ਲਈ ਤਾਂ ਇਸ ਦਾ ਸਪਸ਼ਟ ਸੰਕੇਤ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੂੰ ਸੀ.ਡਬਲਿਊ.ਸੀ. ਦਾ ਪੱਕੇ ਤੌਰ ‘ਤੇ ਮੀਟਿੰਗਾਂ ‘ਚ ਸ਼ਾਮਲ ਹੋਣ ਦਾ ਅਧਿਕਾਰ ਦੇਣਾ ਹੈ। ਨਾਗਰਾ ਨੂੰ ਸਿੱਕਮ ਅਤੇ ਨਾਗਾਲੈਂਡ ਰਾਜਾਂ ਦਾ ਪਾਰਟੀ ਮਾਮਲਿਆਂ ਦਾ ਇੰਚਾਰਜ ਬਣਾਇਆ ਗਿਆ ਹੈ। ਵੱਡੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਫੇਰਬਦਲ ਤੋਂ ਬਾਹਰ ਹਨ। ਕਾਂਗਰਸ ਦੇ ਨਜ਼ਦੀਕੀ ਹਲਕਿਆਂ ਦਾ ਕਹਿਣਾ ਹੈ ਕਿ ਪਾਰਟੀ ਦੀ ਕੌਮੀ ਲੀਡਿਰਸ਼ਿਪ ਨੇ ਨਾਗਰਾ ਨੂੰ ਆਪਣੇ ਤੌਰ ‘ਤੇ ਪਾਰਟੀ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਤਰ੍ਹਾਂ ਪੰਜਾਬ ‘ਚੋਂ ਇੱਕ ਨਵਾਂ ਚੇਹਰਾ ਕੁਲਜੀਤ ਸਿੰਘ ਨਾਗਰਾ ਕਾਂਗਰਸ ਦੀ ਕੌਮੀ ਲੀਡਰਸ਼ਿਪ ‘ਚ ਉੱਭਰ ਕੇ ਸਾਹਮਣੇ ਆਇਆ ਹੈ। ਸਾਬਕਾ ਕੈਬਨਿਟ ਮੰਤਰੀ ਪਵਨ ਬਾਂਸਲ ਨੂੰ ਵੀ ਕੌਮੀ ਪੱਧਰ ‘ਤੇ ਪ੍ਰਸਾਸ਼ਕੀ ਮਾਮਲਿਆਂ ਦਾ ਜਨਰਲ ਸਕੱਤਰ ਅਤੇ ਸੀ.ਡਬਲਿਊ.ਸੀ. ਦਾ ਪੱਕਾ ਮੈਂਬਰ (ਇਨਵਾਇਟੀ) ਨਿਯੁਕਤ ਕੀਤਾ ਹੈ। ਇਸ ਨਿਯੁਕਤੀ ਦਾ ਅਹਿਮ ਪਹਿਲੂ ਇਹ ਹੈ ਕਿ ਬਾਂਸਲ ਨੇ ਮੋਤੀ ਲਾਲ ਵੋਹਰਾ ਦੀ ਥਾਂ ਲਈ ਹੈ ਜੋ ਕਿ ਲੰਮੇ ਸਮੇਂ ਤੋਂ ਇਸ ਅਹੁਦੇ ‘ਤੇ ਸਨ। ਬਾਂਸਲ ਬੇਸ਼ਕ ਚ਼ੰਡੀਗੜ੍ਹ ਨਾਲ ਸਬੰਧ ਰੱਖਦੇ ਹਨ ਪਰ ਪੰਜਾਬ ਦੀ ਤਪਾ ਮੰਡੀ ਦੇ ਵਸਨੀਕ ਹਨ। ਇਸ ਤਰ੍ਹਾਂ ਪੰਜਾਬ ਦੀ ਰਾਜਨੀਤੀ ਦਾ ਇੱਕ ਹੋਰ ਤਜਰਬੇਕਾਰ ਚੇਹਰਾ ਕਾਂਗਰਸ ਦੀ ਹਾਈਕਮਾਂਡ ‘ਚ ਪੁੱਜ ਗਿਆ ਹੈ। ਨਾਗਰਾ ਅਤੇ ਬਾਂਸਲ ਦੋਵੇਂ ਲੋਕਾਂ ਦੇ ਨੁਮਾਇੰਦੇ ਅਤੇ ਲੋਕਾਂ ਦੀਆਂ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਏ ਹਨ। ਇਸ ਵੇਲੇ ਇੱਕ ਹੋਰ ਵੱਡਾ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਕਿ ਰਾਵਤ ਪੰਜਾਬ ਕਾਂਗਰਸ ਦੇ ਆਮ ਵਰਕਰ ਦੀ ਨਾਰਾਜ਼ਗੀ ਦੂਰ ਕਰ ਸਕਣਗੇ? ਪਿਛਲੇ ਸਮੇਂ ‘ਚ ਕੈਪਟਨ ਅਮਰਿੰਦਰ ਬਾਰੇ ਲਗਾਤਾਰ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਕੈਪਟਨ ਕਿਸੇ ਨੂੰ ਮਿਲਦੇ ਨਹੀਂ ਹਨ। ਕੋਰੋਨਾ ਮਹਾਮਾਰੀ ਦੌਰਾਨ ਉਮਰ ਦੇ ਲਿਹਾਜ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਆਮ ਲੋਕਾਂ ਤੋਂ ਦੂਰੀਆਂ ਹੋਰ ਵੀ ਵੱਧ ਗਈਆਂ। ਇਹ ਕਿਹਾ ਜਾਂਦਾ ਹੈ ਕਿ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਲਈ ਵੀ ਮੁੱਖ ਮੰਤਰੀ ਨੂੰ ਮਿਲਣਾ ਔਖਾ ਹੈ। ਇਸ ਬਾਰੇ ਰਹਿੰਦੀ ਕਸਰ ਵਿਰੋਧੀ ਧਿਰਾਂ ਦੇ ਲਗਾਤਾਰ ਪ੍ਰਚਾਰ ਨੇ ਪੂਰੀ ਕਰ ਦਿੱਤੀ। ਕਾਂਗਰਸ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੀ ਇਸ ਮਾਮਲੇ ‘ਚ ਪ੍ਰਭਾਵਸ਼ਾਲੀ ਭੂਮਿਕਾ ਨਹੀਂ ਨਿਭਾ ਸਕੇ, ਬੇਸ਼ਕ ਉਹ ਆਮ ਲੋਕਾਂ ‘ਚ ਜਾਂਦੇ ਹਨ। ਇਸ ਤਰ੍ਹਾਂ ਹਰੀਸ਼ ਰਾਵਤ ਲਈ ਇਹ ਵੀ ਵੱਡੀ ਚੁਣੌਤੀ ਹੈ ਕਿ ਪਾਰਟੀ ਦੇ ਆਮ ਵਰਕਰਾਂ ਦੀ ਨਾਰਾਜ਼ਗੀ ਕਿਵੇਂ ਦੂਰ ਕੀਤੀ ਜਾਵੇ। ਅਸਲ ‘ਚ ਲੋਕਾਂ ਦੀ ਚੁਣੀ ਹੋਈ ਸਰਕਾਰ ਤਾਂ ਲੋਕਾਂ ਦੇ ਸਰਗਰਮ ਸਹਿਯੋਗ ਨਾਲ ਹੀ ਚੱਲਦੀ ਹੈ ਪਰ ਕੈਪਟਨ ਸਰਕਾਰ ‘ਚ ਵਧੇਰੇ ਜ਼ਿੰਮੇਵਾਰੀ ਅਧਿਕਾਰੀਆਂ ਦੇ ਮੋਢਿਆਂ ‘ਤੇ ਸੁੱਟੀ ਗਈ ! ਇਹ ਤਬਦੀਲੀ ਹੀ ਕਾਂਗਰਸ ਲਈ ਆ ਰਹੀ ਵਿਧਾਨ ਸਭਾ ਚੋਣ ਲਈ ਮੈਦਾਨ ਤਿਆਰ ਕਰ ਸਕਦੀ ਹੈ।

ਸੰਪਰਕ : 98140-02186

- Advertisement -

Share this Article
Leave a comment