ਰਾਜ ਕੁਮਾਰ ਗਰਗ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ

TeamGlobalPunjab
2 Min Read

-ਡਾ. ਤੇਜਵੰਤ ਮਾਨ

ਪੰਜਾਬੀ ਗਲਪ ਸਾਹਿਤ ਦੀ ਇੱਕ ਮਹੱਤਵਪੂਰਨ ਸਖਸ਼ੀਅਤ ਡਾ. ਰਾਜ ਕੁਮਾਰ ਗਰਗ ਦੇ ਦੇਹਾਂਤ ਉਤੇ ਦੁੱਖ ਅਤੇ ਅਫਸੋਸ ਪ੍ਰਗਟ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕਿਹਾ ਕਿ ਡਾ. ਗਰਗ ਪੰਜਾਬੀ ਨਾਵਲ ਦੇ ਖੇਤਰ ਵਿੱਚ ‘ਜੱਟ ਦੀ ਜੂਨ* ਨਾਵਲ ਵਾਲਾ ਰਾਜ ਕੁਮਾਰ ਗਰਗ ਵਜੋਂ ਪਹਿਚਾਣ ਬਣਾ ਚੁੱਕੇ, ਕਿਸਾਨ ਅਤੇ ਆੜਤੀਏ ਦੇ ਸਬੰਧਾਂ ਨੂੰ ਪੇਸ਼ ਕਰਨ ਵਾਲੇ ਨਾਵਲ ਕਾਰ ਸਨ। ਉਨ੍ਹਾਂ ਦੀ ਕਲਮ ਤੋਂ ਟਿਬਿਆਂ ਵਿੱਚ ਵਗਦਾ ਦਰਿਆ, ਪੌੜੀਆਂ, ਜਿਗਰਾ ਧਰਤੀ ਦਾ, ਆਪੇ ਅਰਜਨ ਆਪੇ ਸਾਰਥੀ, ਸੂਰਜ ਕਦੇ ਮਰਦਾ ਨਹੀਂ, ਤੱਤੀ ਰੇਤ, ਫਿਕਰ ਆਪੋ ਆਪਣਾ, ਚਾਨਣ ਦੀ ਉਡੀਕ ਅਤੇ ਜੱਟ ਦੀ ਜੁਨ ਨੌ ਨਾਵਲਾਂ ਦੀ ਰਚਨਾ ਹੋਈ। ਇਸ ਤੋਂ ਬਿਨਾਂ ਚਾਰ ਕਹਾਣੀ ਸੰਗ੍ਰਿਹ ਭਲਾਮਾਣਸ ਕੌਣ, ਨੀਲ ਕੰਠ ਦੀ ਉਡੀਕ, ਪਾਰੋ, ਰਾਤ ਦਾ ਚਿਹਰਾ ਲਿਖੇ।

ਡਾ. ਰਾਜ ਕੁਮਾਰ ਗਰਗ ਖੇਤੀਬਾੜੀ ਵਿਸ਼ੇ ਦੇ ਅਕਾਲ ਕਾਲਜ ਮਸਤੂਆਣਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਦੇ ਸਨ। ਇਸ ਲਈ ਉਨ੍ਹਾਂ ਖੇਤੀਬਾੜੀ ਵਿਸ਼ੇ ਬਾਰੇ ਵੀ ਕਈ ਪੁਸਤਕਾਂ ਖਾਸ ਕਰ ਜੈਵਿਕ ਖੇਤੀ ਅਤੇ ਜੀਵ ਵਿਗਿਆਨ ਲਿਖੀਆਂ। 70 ਸਾਲ ਦੀ ਉਮਰ ਵਿੱਚ ਕੁਝ ਸਮਾਂ ਬੀਮਾਰ ਰਹਿਣ ਉਪਰੰਤ 22 ਜੁਲਾਈ 2020 ਉਨ੍ਹਾਂ ਦਾ ਦੇਹਾਂਤ ਹੋ ਗਿਆ। ਡਾ. ਰਾਜ ਕੁਮਾਰ ਗਰਗ ਦੇ ਦੇਹਾਂਤ ਉਤੇ ਦੁੱਖ ਅਤੇ ਅਫਸੋਸ ਪ੍ਰਗਟ ਕਰਨ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੀ ਇੱਕ ਸ਼ੋਕ ਸਭਾ ਕੀਤੀ ਗਈ। ਜਿਸ ਵਿੱਚ ਡਾ. ਸਵਰਾਜ ਸਿੰਘ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਭਗਵੰਤ ਸਿੰਘ, ਦੇਸ਼ ਭੂਸ਼ਨ, ਡਾ. ਰਵਿੰਦਰ ਭੱਠਲ, ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਦਵਿੰਦਰ ਕੌਰ, ਡਾ. ਜੋਗਿੰਦਰ ਸਿੰਘ ਨਿਰਾਲਾ, ਸੰਧੂ ਵਰਿਆਣਵੀ, ਜਗਰਾਜ ਧੌਲਾ, ਡਾ. ਰਾਹੁਲ ਰੁਪਾਲ, ਜਗੀਰ ਸਿੰਘ ਜਗਤਾਰ ਸਿੰਘ ਜਗਤਾਰ, ਗੁਰਨਾਮ ਸਿੰਘ ਕਾਨੂੰਗੋ, ਡਾ. ਅਰਵਿੰਦਰ ਕੌਰ ਕਾਕੜਾ, ਕ੍ਰਿਸ਼ਨ ਬੇਤਾਬ, ਕਰਤਾਰ ਠੁੱਲੀਵਾਲ, ਕਾਮਰੇਡ ਕੌਰ ਸੈਲ, ਨਵਰਾਹੀ ਘੁਗਿਆਣਵੀ, ਜਗਦੀਪ ਸਿੰਘ, ਚਰਨਜੀਤ ਸਿੰਘ ਆਦਿ ਲੇਖਕਾਂ ਨੇ ਰਾਜ ਕੁਮਾਰ ਗਰਗ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ। ਡਾ. ਰਾਜ ਕੁਮਾਰ ਗਰਗ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਸਕੱਤਰ, ਕਾਰਜਕਾਰਨੀ ਮੈਂਬਰ, ਨਾਵਲ ਸਕੂਲ ਦੇ ਕਨਵੀਨਰ, ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਮੀਤ ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਰਪ੍ਰਸਤ ਅਹੁਦੇਦਾਰ ਦੀ ਜਿੰਮੇਵਾਰੀ ਨਿਭਾਉਂਦੇ ਰਹੇ। ਸੰਗਰੂਰ—ਬਰਨਾਲਾ ਦੀ ਸਾਹਿਤਕ ਲਹਿਰ ਦੇ ਸਿਰਕੱਢ ਆਗੂ ਸਨ।

Share this Article
Leave a comment