Home / News / ਰੇਲ ਰੋਕੋ ਅੰਦੋਲਨ ਰਹੇਗਾ ਜਾਰੀ, ਬੀਜੇਪੀ ਲੀਡਰਾਂ ਦਾ ਕੀਤਾ ਜਾਵੇਗਾ ਘਿਰਾਓ, ਕਿਸਾਨਾਂ ਦਾ ਫ਼ੈਸਲਾ

ਰੇਲ ਰੋਕੋ ਅੰਦੋਲਨ ਰਹੇਗਾ ਜਾਰੀ, ਬੀਜੇਪੀ ਲੀਡਰਾਂ ਦਾ ਕੀਤਾ ਜਾਵੇਗਾ ਘਿਰਾਓ, ਕਿਸਾਨਾਂ ਦਾ ਫ਼ੈਸਲਾ

ਚੰਡੀਗੜ੍ਹ: ਨਵੇਂ ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੀ ਗੱਲਬਾਤ ਕੇਂਦਰ ਨਾਲ ਅਸਫਲ ਹੋਣ ਤੋਂ ਬਾਅਦ ਅੱਜ ਵੀਰਵਾਰ ਨੂੰ ਕਿਸਾਨ ਆਗੂਆਂ ਨੇ ਚੰਡੀਗੜ੍ਹ ਕਿਸਾਨ ਭਵਨ ‘ਚ ਬੈਠਕ ਕੀਤੀ। ਇਸ ਦੌਰਾਨ ਕਿਸਾਨ ਆਗੂਆਂ ਨੇ ਰੇਲ ਰੋਕੋ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਲਿਆ। ਇਸ ਦੇ ਨਾਲ ਹੀ ਕਿਹਾ ਕਿ ਹੁਣ ਕੇਂਦਰ ਨਾਲ ਗੱਲਬਾਤ ਨਹੀਂ ਹੋਵੇਗੀ ਸਗੋਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ।

ਅੱਜ ਕਿਸਾਨ ਆਗੂਆਂ ਨਾਲ ਪੰਜਾਬ ਦੇ ਮੰਤਰੀਆਂ ਨੇ ਇੱਕ ਵਾਰ ਫਿਰ ਤੋਂ ਗੱਲਬਾਤ ਕੀਤੀ ਇਸ ਤੋਂ ਬਾਅਦ ਕਿਸਾਨਾਂ ਨੇ ਹੁਣ ਕਾਂਗਰਸੀ ਆਗੂਆਂ ਦਾ ਘਿਰਾਓ ਕਰਨ ਦਾ ਫੈਸਲਾ ਟਾਲ ਦਿੱਤਾ ਹੈ, ਪਰ ਉਨ੍ਹਾਂ ਨੇ ਸਾਫ਼ ਕੀਤਾ ਕਿ ਭਾਜਪਾ ਦੇ ਆਗੂਆਂ ਦਾ ਘਿਰਾਓ ਜਾਰੀ ਰਹੇਗਾ। ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਡਾ.ਦਰਸ਼ਨ ਪਾਲ, ਰੁਲਦੂ ਸਿੰਘ ਮਾਨਸਾ ਤੇ ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਦਿੱਲੀ ਨਾਲ ਗੱਲ ਨਹੀਂ ਹੋਵੇਗੀ ਸਗੋਂ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜਲਦ ਹੀ ਦੇਸ਼ ਦੇ ਸਾਰੀ ਕਿਸਾਨ ਜਥੇਬੰਦੀਆਂ ਦੀ ਬੈਠਕ ਬੁਲਾਈ ਗਈ ਹੈ ਜਿਸ ਵਿੱਚ ਦਿੱਲੀ ਨੂੰ ਘੇਰਨ ਦਾ ਫ਼ੈਸਲਾ ਲਿਆ ਜਾਵੇਗਾ।

ਦੱਸ ਦਈਏ ਬੀਤੇ ਦਿਨੀਂ ਕੇਂਦਰੀ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਸੀ। ਲਗਭਗ ਇੱਕ ਘੰਟੇ ਤੱਕ ਚਰਚਾ ਵੀ ਹੋਈ, ਪਰ ਕਿਸਾਨ ਆਗੂਆਂ ਨੇ ਬੈਠਕ ਵਿੱਚ ਹੀ ਛੱਡ ਦਿੱਤੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਕੱਤਰ ਸੰਜੈ ਅਗਰਵਾਲ ਕਿਸੇ ਵੀ ਮੁੱਦੇ ਤੇ ਕੋਈ ਸਟੀਕ ਜਵਾਬ ਨਹੀਂ ਦੇ ਰਹੇ ਸਨ। ਬੈਠਕ ਵਿੱਚ ਖੇਤੀ ਮੰਤਰੀ ਨਰੇਂਦਰ ਤੋਮਰ ਜਾਂ ਖੇਤੀਬਾੜੀ ਰਾਜ ਮੰਤਰੀ ਵੀ ਮੌਜੂਦ ਨਹੀਂ ਸਨ।

ਉੱਥੇ ਹੀ ਖੇਤੀਬਾੜੀ ਸਕੱਤਰ ਦਾ ਕਹਿਣਾ ਸੀ ਕਿ ਪ੍ਰੋਟੋਕੋਲ ਅਨੁਸਾਰ ਪਹਿਲਾਂ ਉਨ੍ਹਾਂ ਦੇ ਨਾਲ ਬੈਠਕ ਹੋਵੇਗੀ ਅਤੇ ਬਾਅਦ ਵਿੱਚ ਮੰਤਰੀਆਂ ਦੇ ਨਾਲ ਬੈਠਕ ਸੰਭਵ ਹੈ। ਜਿਸ ‘ਤੇ ਨਾਰਾਜ਼ ਹੋਏ ਕਿਸਾਨ ਆਗੂ ਬੈਠਕ ਵਿੱਚ ਹੀ ਛੱਡ ਕੇ ਬਾਹਰ ਆ ਗਏ ਤੇ ਨਵੇਂ ਕਾਨੂੰਨਾਂ ਪ੍ਰਤੀ ਰੋਸ ਜਾਹਰ ਕੀਤਾ ਉਧਰ ਖੇਤੀਬਾੜੀ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਕਿਸਾਨ ਸੰਗਠਨਾਂ ਦੇ ਨਾਲ ਖੇਤੀਬਾੜੀ ਸਕੱਤਰ ਸੰਜੈ ਅਗਰਵਾਲ ਦੇ ਨਾਲ ਹੀ ਬੈਠਕ ਹੋਣੀ ਤੈਅ ਹੋਈ ਸੀ।

Check Also

ਖੇਤੀ ਦੇ ਸੁਚੱਜੇ ਵਪਾਰ ਬਾਰੇ ਆਨਲਾਈਨ ਕੋਰਸ ਕਰਵਾਇਆ

ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ …

Leave a Reply

Your email address will not be published. Required fields are marked *