ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਿਸਾਨ ਜਥੇਬੰਦੀਆਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਏ ਹਨ। ਕਿਸਾਨ 26 ਨਵੰਬਰ ਤੋਂ ਤਿੰਨ ਦਿਨ ਲਈ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਧਰਨਾ ਦੇ ਰਹੇ ਹਨ। ਪੰਜਾਬ ਭਰ ਤੋਂ ਹਜਾਰਾਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਚੰਡੀਗੜ੍ਹ ਪੁੱਜ ਰਹੇ ਹਨ। ਕਿਸਾਨਾਂ ਵੱਲੋਂ ਮਿਥੇ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਕਿਸਾਨ ਟ੍ਰਿਬਿਊਨ ਤੋਂ ਰਾਜਭਵਨ ਵੱਲ ਅੱਗੇ ਜਾਣਗੇ ਪਰ ਪੁਲੀਸ ਵੱਲੋਂ ਜਿਥੇ ਰੋਕ ਲਿਆ ਗਿਆ ਤਾਂ ਉਥੇ ਹੀ ਧਰਨਾ ਲਾ ਕੇ ਬੈਠ ਜਾਣਗੇ। ਦੂਜੇ ਪਾਸੇ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਸੜ੍ਹਕ ਉੱਤੇ ਬੈਠ ਕੇ ਮਸਲੇ ਹੱਲ ਨਹੀ ਹੋ ਸਕਦੇ। ਇਸ ਵਾਸਤੇ ਕਿਸਾਨ ਮੁੱਖ ਮੰਤਰੀ ਦੇ ਘਰ ਆਉਣ ਜਾਂ ਦਫਤਰ ਆੳਣ ਤਾਂ ਗੱਲਬਾਤ ਹੋ ਸਕਦੀ ਹੈ। ਕਿਸਾਨ ਆਗੂਆਂ ਨੇ ਮੋੜਵਾਂ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਿਸਾਨ ਸੜ੍ਕ ਉੱਪਰ ਨਹੀਂ ਬੈਠਣਗੇ ਅਤੇ ਮਾਨ ਦੇ ਘਰ ਹੀ ਗੱਲ ਕਰਨ ਆ ਰਹੇ ਹਨ।
ਸੰਯੁਕਤ ਕਿਸਾਨ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਚੰਡੀਗੜ੍ਹ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਕਿਸਾਨ ਮਾਮਲਿਆਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਤਿੱਖਾ ਕੀਤਾ ਜਾਵੇਗਾ ਕਿਉਂ ਜੋ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਕਿਸਾਨ ਦੀ ਗੱਲ ਸੁਨਣ ਲਈ ਹੀ ਤਿਆਰ ਨਹੀਂ ਹਨ।
ਕਿਸਾਨ ਮੰਗ ਕਰ ਰਹੇ ਹਨ ਕਿ ਕਿਸਾਨੀ ਕਰਜੇ ਉਪਰ ਲਕੀਰ ਫੇਰੀ ਜਾਵੇ, ਫਸਲੀ ਬੀਮਾਂ ਸਕੀਮ ਨਿੱਜੀ ਕੰਪਨੀਆਂ ਨੂੰ ਦੇਣ ਦੀ ਥਾਂ ਸਰਕਾਰ ਆਪਣੇ ਹੱਥਾਂ ਵਿਚ ਲਏ। ਇਸੇ ਤਰਾਂ ਫਸਲਾਂ ਦੀ ਘੱਟੋ ਘੱਟ ਕੀਮਤ ਤੈਅ ਕੀਤੀ ਜਾਵੇ। ਕਿਸਾਨਾਂ ਲਈ ਬੁਢਾਪਾ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ।ਕਿਸਾਨ ਪ੍ਰੋਜੈਕਟਾਂ ਲਈ ਜਮੀਨ ਸਸਤੇ ਭਾਅ ਤੇ ਲੈਣ ਦਾ ਵਿਰੋਧ ਕਰ ਰਹੇ ਹਨ।
ਕਿਸਾਨ ਗੰਨੇ ਦੀ ਵਾਜਿਬ ਕੀਮਤ ਦੀ ਮੰਗ ਕਰ ਰਹੇ ਹਨ। ਕਿਸਾਨਾਂ ਵੱਲੋਂ ਜਲੰਧਰ ਫਗਵਾੜਾ ਹਾਈਵੇ ਉੱਪਰ ਗੰਨੇ ਦੀ ਕੀਮਤ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ।