ਮੁੱਖ ਸਕੱਤਰ ਨੇ ਕੋਵਿਡ ਤੋਂ ਮਨੁੱਖ ਜਾਨਾਂ ਦੇ ਬਚਾਅ ਲਈ ਸਨਅੱਤਕਾਰਾਂ ਨੂੰ ਮੈਡੀਕਲ ਆਕਸੀਜ਼ਨ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ

TeamGlobalPunjab
2 Min Read

ਚੰਡੀਗੜ੍ਹ: ਕੋਵਿਡ-19 ਮਹਾਂਮਾਰੀ ਦੌਰਾਨ ਮਨੁੱਖੀ ਜਾਨਾਂ ਬਚਾਉਣ ਅਤੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਲਈ ਬਿਹਤਰੀਨ ਸਿਹਤ ਸਹੂਲਤਾਂ ਦੇਣਾ ਯਕੀਨੀ ਬਣਾਉਣ ਲਈ ਅੱਜ ਪੰਜਾਬ ਦੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਆਕਸੀਜਨ ਬਣਾਉਣ ਵਾਲੀਆਂ ਸਨਅਤਾਂ ਦੇ ਨੁਮਾਇੰਦਿਆਂ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ। ਮੁੱਖ ਸਕੱਤਰ ਨੇ ਸਬੰਧਤ ਵਿਭਾਗਾਂ ਨੂੰ ਮੈਡੀਕਲ ਆਕਸੀਜਨ ਯੂਨਿਟਾਂ ਨੂੰ ਖਾਲੀ ਸਿਲੰਡਰਾਂ ਦੀ ਸਪਲਾਈ ਅਤੇ ਇਨਾਂ ਯੂਨਿਟਾਂ ਨੂੰ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਤਾਂ ਜੋ ਮੈਡੀਕਲ ਆਕਸੀਜਨ ਦੇ ਉਤਪਾਦਨ ਵਿੱਚ ਕੋਈ ਰੁਕਾਵਟ ਨਾ ਆਵੇ।

ਮੁੱਖ ਸਕੱਤਰ ਨੇ ਅੱਜ ਇਥੇ ਆਕਸੀਜਨ ਉਤਪਾਦਨ ਨਾਲ ਜੁੜੀਆਂ ਸਨਅਤਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਜੋ ਕੋਵਿਡ ਖ਼ਿਲਾਫ਼ ਜੰਗ ਵਿੱਚ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ। ਮੁੱਖ ਸਕੱਤਰ ਨੇ ਇਨਾਂ ਸਨਅਤਾਂ ਦੇ ਹਿੱਤਾਂ ਦੀ ਰਾਖੀ ਕਰਨ, ਸਿਲੰਡਰਾਂ ਦੀ ਉਪਲਬਧਤਾ, ਬਿਜਲੀ ਦੀ ਨਿਰਵਿਘਨ ਸਪਲਾਈ ਸਮੇਤ ਮੈਡੀਕਲ ਆਕਸੀਜ਼ਨ ਦੇ ਉਤਪਾਦਨ ਸਬੰਧੀ ਸਮੇਂ ਸਿਰ ਲਾਇਸੈਂਸ ਜਾਰੀ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਅਜਿਹੀ ਗੰਭੀਰ ਸਥਿਤੀ ਦੌਰਾਨ ਮੈਡੀਕਲ ਆਕਸੀਜ਼ਨ ਦੀ ਕਮੀ ਨਹੀਂ ਆਉਣੀ ਚਾਹੀਦੀ , ਜਦੋਂ ਸੂਬੇ ਵਿੱਚ ਕੋਵਿਡ ਦੇ ਮਾਮਲਿਆਂ ਵਿੱਚ ਨਿਰੰਤਰ ਵਾਧਾ ਹੋ ਰਿਹਾ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਕਸੀਜਨ ਉਤਪਾਦਨ ਵਾਲੀਆਂ ਸਨਅਤਾਂ ਦੇ ਨੁਮਾਇੰਦਿਆਂ ਨੇ ਸੂਬਾ ਸਰਕਾਰ ਨੂੰ ਇਸ ਮਹਾਂਮਾਰੀ ਖ਼ਿਲਾਫ਼ ਲੜਾਈ ਵਿੱਚ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਵੀਡੀਓ ਕਾਨਫਰੰਸ ਮੀਟਿੰਗ ਵਿੱਚ ਉਦਯੋਗ ਤੇ ਵਣਜ ਦੇ ਪ੍ਰਮੁੱਖ ਸਕੱਤਰ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸਨ ਲਾਲ ਅਤੇ ਪ੍ਰਮੁੱਖ ਸਕੱਤਰ ਮੈਡੀਕਸ ਸਿੱਖਿਆ ਤੇ ਖੋਜ ਡੀ.ਕੇ. ਤਿਵਾੜੀ ਨੇ ਵੀ ਸ਼ਿਰਕਤ ਕੀਤੀ।

ਮੁੱਖ ਸਕੱਤਰ ਨੇ ਇਸ ਔਖੇ ਵੇਲੇ ਸੂਬਾ ਵਾਸੀਆਂ ਦੀ ਮਦਦ ਲਈ ਅੱਗੇ ਆਉਣ ਲਈ ਸਨਅਤਕਾਰਾਂ ਦਾ ਸ਼ਲਾਘਾ ਕਰਦਿਆਂ ਕਿਹਾ ਕਿ ਮੈਡੀਕਲ ਸਟਾਫ ਸਮੇਤ ਕੋਰੋਨਾ ਖ਼ਿਲਾਫ਼ ਮੋਹਰੀ ਕਤਾਰ ਵਿੱਚ ਲੜ ਰਹੇ ਯੋਧਿਆਂ ਦੀ ਸੁਰੱਖਿਆ ਲਈ ਟੈਕਸਟਾਈਲ ਇੰਡਸਟਰੀ ਨੇ ਆਪਣੇ ਆਪ ਨੂੰ ਪੀ.ਪੀ.ਈ. ਕਿੱਟ ਨਿਰਮਾਤਾ ਵਜੋਂ ਸਥਾਪਤ ਕੀਤਾ ਹੈ। ਉਨਾਂ ਨੇ ਉਮੀਦ ਜ਼ਾਹਿਰ ਕੀਤੀ ਕਿ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਕਸੀਜਨ ਉਤਪਾਦਨ ਨਾਲ ਜੁੜੀਆਂ ਸਨਅਤਾਂ ਵੀ ਟੈਕਸਟਾਈਲ ਸਨਅਤ ਵਾਲਾ ਰਾਹ ਚੁਣਨਗੀਆਂ।

- Advertisement -

Share this Article
Leave a comment