ਕੈਪਟਨ ਅਮਰਿੰਦਰ ਨਾਲ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੇ ਕਿਉਂ ਨਹੀਂ ਕੀਤੀ ਮੁਲਾਕਾਤ ?

TeamGlobalPunjab
5 Min Read

-ਅਵਤਾਰ ਸਿੰਘ;

 

ਪੰਜਾਬ ਵਿੱਚ ਵਿਧਾਨ ਸਭਾ 2022 ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਇਸ ਨਾਲ ਸਿਆਸੀ ਹਲਚਲ ਵੀ ਤੇਜ਼ ਹੋ ਗਈ ਹੈ। ਇਨ੍ਹਾਂ ਸਰਗਰਮੀਆਂ ਵਿਚ ਕਾਂਗਰਸ ਪਾਰਟੀ ਦੀ ਅੰਦਰੂਨੀ ਕਸ਼ਮਕਸ਼, ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਚੋਣ ਗੱਠਜੋੜ ਅਤੇ ਆਮ ਆਦਮੀ ਪਾਰਟੀ ਵਲੋਂ ਨਵੇਂ ਲੀਡਰਾਂ ਨੂੰ ਪਾਰਟੀ ਵਿਚ ਜੋੜਨਾ ਅਹਿਮ ਗੱਲਾਂ ਹਨ। ਕਾਂਗਰਸ ਸਾਰੀਆਂ ਕੋਸ਼ਿਸਾਂ ਦੇ ਬਾਵਜੂਦ ਆਪਣੀ ਘਰੋਗੀ ਜੰਗ ਨੂੰ ਹੱਲ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ।

ਨਵਜੋਤ ਸਿੰਘ ਸਿੱਧੂ ਦੀਆਂ ਮੀਡੀਆ ਨਾਲ ਕੀਤੀਆਂ ਮੁਲਾਕਾਤਾਂ ਨੇ ਵੱਖਰੀ ਸਿਆਸਤ ਨੂੰ ਜਨਮ ਦਿੱਤਾ ਹੈ। ਦਿੱਲੀ ਬੈਠੀ ਕਾਂਗਰਸ ਹਾਈ ਕਮਾਂਡ ਗੁੱਟਬਾਜ਼ੀ ਘਟ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਰ ਦੂਜੇ ਪਾਸੇ ਹਰ ਨੇਤਾ ਅਗਾਊਂ ਚੋਣਾਂ ਵਿਚ ਆਪਣੀ ਆਪਣੀ ਟਿਕਟ ਦੀ ਦਾਅਵੇਦਾਰੀ ਮਜ਼ਬੂਤ ਕਰਨ ਦੇ ਯਤਨਾਂ ਵਿਚ ਆਪਣੀ ਹਰ ਗੱਲ ਦਿੱਲੀ ਤਕ ਪਹੁੰਚਾਉਣਾ ਚਾਹੁੰਦਾ ਹੈ। ਕਾਂਗਰਸ ਦੀ ਇਹ ਗੁੱਟਬਾਜ਼ੀ ਉਸ ਦਾ ਬਹੁਤ ਨੁਕਸਾਨ ਕਰ ਸਕਦੀ ਹੈ।

- Advertisement -

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਛਿੜੀ ਖਾਨਾਜੰਗੀ ਰੁਕਣ ਦਾ ਨਾਂ ਨਹੀਂ ਲੈ ਰਹੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਵਿੱਚ ਨਾਰਾਜ਼ਗੀ ਵਧਦੀ ਜਾ ਰਹੀ ਹੈ। ਇਹ ਵਿਸ਼ਾ ਮੀਡੀਆ ਵਿੱਚ ਵੀ ਖਾਸ ਸੁਰਖੀਆਂ ਬਟੋਰ ਰਿਹਾ ਹੈ।

ਬੀਤੇ ਬੁੱਧਵਾਰ ਨੂੰ ਅਮਰਿੰਦਰ ਸਿੰਘ ਨੂੰ ਨਿਰਦੇਸ਼ ਦਿੱਤੇ ਗਏ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਜੋ 18 ਵਾਅਦੇ ਲੋਕਾਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਸਮੇਂ ਦੀ ਹੱਦ ਅੰਦਰ ਪੂਰਾ ਕੀਤਾ ਜਾਵੇ।

ਪੰਜਾਬ ਬਾਰੇ ਮਲਿਕਾਰਜੁਨ ਖੜਗੇ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਕਿਹਾ ਕਿ ਅਮਰਿੰਦਰ ਸਿੰਘ ਦੇ ਮੁਕਾਬਲੇ ਵਿੱਚ ਉਭਰੇ ਨਵਜੋਤ ਸਿੰਘ ਸਿੱਧੂ ਨੂੰ ਗੱਲ ਕਰਨ ਲਈ ਦਿੱਲੀ ਬੁਲਾਇਆ ਜਾਵੇਗਾ।

ਮੀਡੀਆ ਰਿਪੋਰਟਾਂ ਅਨੁਸਾਰ ਅਮਰਿੰਦਰ ਸਿੰਘ ਪਿਛਲੇ ਦੋ ਦਿਨਾ ਤੋਂ ਦਿੱਲੀ ਵਿੱਚ ਸੀ। ਉਨ੍ਹਾਂ ਨੂੰ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਬਿਨਾ ਮੁਲਾਕਾਤ ਕਰਨ ਤੋਂ ਵਾਪਿਸ ਆਉਣਾ ਪਿਆ ਸੀ। ਰਿਪੋਰਟਾਂ ਤੋਂ ਝਲਕ ਪੈਂਦੀ ਹੈ ਕਿ ਕਾਂਗਰਸ ਹਾਈਕਮਾਂਡ ਸਿੱਧੂ ਨਾਲ ਛਿੜੇ ਵਿਵਾਦ ਤੋਂ ਖੁਸ਼ ਨਹੀਂ ਹੈ।

- Advertisement -

ਖੜਗੇ ਕਮੇਟੀ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਹ 2017 ਦੇ ਚੋਣ ਵਾਅਦਿਆਂ ਨੂੰ ਚੋਣਾਂ ਤੋਂ ਪਹਿਲਾਂ ਪਹਿਲਾਂ ਪੂਰਾ ਕਰਨ। ਇਨ੍ਹਾਂ ਵਾਅਦਿਆਂ ਵਿੱਚ ਬਰਗਾੜੀ ਵਿੱਚ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣੀ ਵੀ ਸ਼ਾਮਿਲ ਹੈ। ਡਰੱਗ ਮਾਫੀਆ ਦੇ ਨਾਲ ਨਾਲ ਟਰਾਂਸਪੋਰਟ ਅਤੇ ਰੇਤ ਮਾਫੀਆ ਦੇ ਖਿਲਾਫ ਠੋਸ ਕਾਰਵਾਈ ਆਦਿ ਵਾਅਦੇ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿੱਚ ਘਰਾਂ ਨੂੰ 200 ਯੂਨਿਟ ਬਿਜਲੀ ਮੁਫ਼ਤ, ਅਨੁਸੂਚਿਤ ਜਾਤ ਦੇ ਬੱਚਿਆਂ ਨੂੰ ਸਕਾਲਰਸ਼ਿਪ ਅਤੇ ਦਲਿਤਾਂ ਦੇ ਕਰਜ਼ੇ ਮਾਫ ਕਰਨ ਵਰਗੇ ਵਾਅਦੇ ਸ਼ਾਮਿਲ ਹਨ।

ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਿਕ ਪੰਜਾਬ ਵਿੱਚ ਕਾਂਗਰੇਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਪਾਰਟੀ ਨੇ ਮੁੱਖ ਮੰਤਰੀ ਤੋਂ 18 ਵਾਅਦਿਆਂ ਬਾਰੇ ਪੁੱਛਿਆ ਹੈ। ਮੁੱਖ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਵਾਅਦਿਆਂ ਸਬੰਧੀ ਦੱਸਣਗੇ। ਇਸ ਤੋਂ ਇਲਾਵਾ ਬੁਧਵਾਰ ਨੂੰ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਲੋਕ ਸਭ ਮੈਂਬਰ ਮਨੀਸ਼ ਤਿਵਾੜੀ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਕੀਤੀ ਹੈ।

ਉਧਰ ਵੀਰਵਾਰ ਨੂੰ ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਸਿਆਸੀ ਦਬਾਅ ਬਣਨ ਮਗਰੋਂ ਆਪਣੇ ਪੁੱਤਰ ਨੂੰ ਮਿਲੀ ਸਰਕਾਰੀ ਨੌਕਰੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਬਾਜਵਾ ਨੇ ਪ੍ਰੈੱਸ ਕਾਨਫਰੰਸ ਕਰਕੇ ਖਾਸ ਤੌਰ ’ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਜ਼ੀਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਹੁਣ ਇਹ ਆਗੂ ਵੀ ਆਪਣੇ ਸਕੇ-ਸਬੰਧੀਆਂ ਨੂੰ ਅਹੁਦਿਆਂ ਤੋਂ ਲਾਂਭੇ ਕਰਾ ਕੇ ਬਾਜਵਾ ਪਰਿਵਾਰ ਵੱਲੋਂ ਅੱਜ ਪਾਈ ਪਿਰਤ ’ਤੇ ਪਹਿਰਾ ਦੇਣ। ਗੌਰਤਲਬ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਜਵਾ ਦੇ ਪੁੱਤਰ ਨੂੰ ਨੌਕਰੀ ਦੇਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਨੇ ਬਾਜਵਾ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਇਆ ਹੈ।

ਸਰਕਾਰ ਨੇ 18 ਜੂਨ ਨੂੰ ਕਾਂਗਰਸੀ ਫ਼ਤਹਿਜੰਗ ਸਿੰਘ ਬਾਜਵਾ ਦੇ ਪੁੱਤਰ ਅਰਜੁਨ ਪ੍ਰਤਾਪ ਸਿੰਘ ਬਾਜਵਾ ਨੂੰ ਇੰਸਪੈਕਟਰ ਅਤੇ ਲੁਧਿਆਣਾ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਨਾਇਬ ਤਹਿਸੀਲਦਾਰ ਦੀ ‘ਤਰਸ ਦੇ ਆਧਾਰ’ ਉੱਤੇ ਨੌਕਰੀ ਦੇਣ ਉਪਰ ਮੋਹਰ ਲਾਈ ਸੀ।

Share this Article
Leave a comment