ਕੈਪਟਨ ਨੇ ਮਾਲ ਗੱਡੀਆਂ ਦੀ ਬਹਾਲੀ ਲਈ ਕੇਂਦਰੀ ਰੇਲਵੇ ਮੰਤਰੀ ਦਾ ਨਿੱਜੀ ਦਖਲ ਮੰਗਿਆ

TeamGlobalPunjab
4 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲ ਗੱਡੀਆਂ ਦੀ ਆਵਾਜਾਈ ਦੀ ਤੁਰੰਤ ਬਹਾਲੀ ਲਈ ਕੇਂਦਰੀ ਰੇਲਵੇ ਮੰਤਰੀ ਪਿਯੂਸ਼ ਗੋਇਲ ਦਾ ਨਿੱਜੀ ਦਖਲ ਮੰਗਿਆ ਹੈ। ਕਿਸਾਨਾਂ ਵੱਲੋਂ ਰੇਲ ਰੋਕਣ ਦੇ ਫੈਸਲੇ ਨੂੰ ਅੰਸ਼ਿਕ ਰੂਪ ਵਿੱਚ ਵਾਪਸ ਲੈਣ ਦੇ ਬਾਵਜੂਦ ਇਹ ਆਵਾਜਾਈ ਸੂਬੇ ਭਰ ਵਿੱਚ ਬੰਦ ਪਈ ਹੈ।

ਰੇਲਵੇ ਵੱਲੋਂ ਮਾਲ ਗੱਡੀਆਂ ‘ਤੇ ਮੁੱਢਲੇ ਦੌਰ ਵਿੱਚ ਦੋ ਦਿਨਾਂ (24 ਤੇ 25 ਅਕਤੂਬਰ) ਲਈ ਪਾਬੰਦੀ ਤੋਂ ਬਾਅਦ ਇਸ ਨੂੰ ਚਾਰ ਹੋਰ ਦਿਨ ਵਧਾਉਣ ਦੇ ਫੈਸਲੇ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਨਾਲ ਗੱਲਬਾਤ ਵੀ ਕੀਤੀ।

ਮੁੱਖ ਮੰਤਰੀ ਨੇ ਕਿਹਾ ਕਿ ਰੇਲਵੇ ਵੱਲੋਂ ਪੰਜਾਬ ਵਿੱਚ ਮਾਲ ਗੱਡੀਆਂ ਨੂੰ ਨਾ ਚਲਾਉਣ ਦਾ ਫੈਸਲਾ ਸੂਬਾ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਤੱਕ ਹਾਸਲ ਕੀਤੀ ਸਫਲਤਾ ਨੂੰ ਮਨਫੀ ਕਰ ਸਕਦਾ ਹੈ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਰੇਲਵੇ ਦਾ ਇਹ ਫੈਸਲਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੋਰ ਉਤੇਜਕ ਕਰ ਸਕਦਾ ਹੈ।

ਰੇਲਵੇ ਵੱਲੋਂ ਮਾਲ ਗੱਡੀਆਂ ਦੀ ਬਹਾਲੀ ਨਾ ਕਰਨ ਦੇ ਗੰਭੀਰ ਪ੍ਰਭਾਵਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਪਿਯੂਸ਼ ਗੋਇਲ ਨੂੰ ਪੱਤਰ ਲਿਖ ਕੇ ਤੁਰੰਤ ਮਾਲ ਗੱਡੀਆਂ ਨਾ ਬਹਾਲ ਕਰਨ ਦੀ ਸੂਰਤ ਵਿੱਚ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ”ਨਾ ਸਿਰਫ ਪੰਜਾਬ ਨੂੰ ਆਰਥਿਕ ਗਤੀਵਿਧੀਆਂ ਤੇ ਜ਼ਰੂਰੀ ਵਸਤਾਂ ਦੀ ਘਾਟ ਨਾਲ ਜੂਝਣਾ ਪਵੇਗਾ ਸਗੋਂ ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਜੰਮੂ ਤੇ ਕਸ਼ਮੀਰ ਅਤੇ ਲੇਹ ਤੇ ਲੱਦਾਖ ਨੂੰ ਵੀ ਡੂੰਘੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਵੇਗਾ।” ਉਨ੍ਹਾਂ ਕੇਂਦਰੀ ਮੰਤਰਾਲਿਆਂ ਤੇ ਵਿਭਾਗਾਂ ਸਣੇ ਵੱਖ-ਵੱਖ ਹਿੱਸਿਆਂ ਵੱਲੋਂ ਸੂਬਾ ਸਰਕਾਰ ਨੂੰ ਕੀਤੀਆਂ ਬੇਨਤੀਆਂ ਦਾ ਹਵਾਲਾ ਦਿੱਤਾ ਜਿਸ ਵਿੱਚ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ।

- Advertisement -

ਕੈਪਟਨ ਅਮਰਿੰਦਰ ਸਿੰਘ ਨੇ ਗੋਇਲ ਨੂੰ ਲਿਖੇ ਅਰਧ ਸਰਕਾਰੀ ਪੱਤਰ ਵਿੱਚ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨ ਯੂਨੀਅਨ ਨਾਲ ਗੱਲਬਾਤ ਦੀਆਂ ਪਹਿਲਾ ਨਿਰੰਤਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਦਕਾ ਉਨ੍ਹਾਂ ਕੋਲੋਂ 22 ਅਕਤੂਬਰ ਤੋਂ ਅੰਸ਼ਿਕ ਰੇਲ ਸੇਵਾਵਾਂ ਬਹਾਲ ਕਰਵਾਉਣ ਦੀ ਸਫਲਤਾ ਹਾਸਲ ਕੀਤੀ ਸੀ। 23 ਅਕਤੂਬਰ ਨੂੰ ਮਾਲ ਗੱਡੀਆਂ ਦੀ ਬਹਾਲੀ ਤੋਂ ਬਾਅਦ ਰੇਲਵੇ ਨੇ ਇਕਤਰਫਾ ਫੈਸਲਾ ਕਰਦਿਆਂ ਪੰਜਾਬ ਵਿੱਚ ਸਾਰੀਆਂ ਮਾਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ।

ਮੁੱਖ ਮੰਤਰੀ ਨੇ ਕਿਹਾ ਕਿ ਮਾਲ ਗੱਡੀਆਂ ਤਾਂ ਲੌਕਡਾਊਨ ਦੇ ਸਮੇਂ ਦੌਰਾਨ ਵੀ ਨਿਰਵਿਘਨ ਚੱਲਦੀਆਂ ਰਹੀਆਂ ਸਨ ਜਦੋਂ ਕਿ ਉਸ ਸਮੇਂ ਦੌਰਾਨ ਯਾਤਰੀ ਰੇਲ ਗੱਡੀਆਂ ਮੁਕੰਮਲ ਤੌਰ ‘ਤੇ ਬੰਦ ਸਨ। ਉਨ੍ਹਾਂ ਕਿਹਾ, ”ਪੰਜਾਬ ਵਿੱਚ ਮਾਲ ਗੱਡੀਆਂ ਰੋਕਣ ਦਾ ਹੁਣ ਕੋਈ ਠੋਸ ਕਾਰਨ ਨਹੀਂ ਹੈ।” ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁਜ਼ਾਹਰਾਕਾਰੀ ਕਿਸਾਨਾਂ ਕੋਲੋਂ ਯਾਤਰੀ ਗੱਡੀਆਂ ਨੂੰ ਵੀ ਬਹਾਲ ਕਰਵਾਉਣ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ।

ਬਾਅਦ ਵਿੱਚ ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਰੇਲਵੇ ਬੋਰਡ ਦੇ ਚੇਅਰਮੈਨ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ‘ਰੇਲ ਰੋਕੋ’ ਖਤਮ ਕਰਨ ਅਤੇ ਯਾਤਰੀ ਰੇਲਾਂ ਨੂੰ ਵੀ ਬਹਾਲ ਕਰਨ ਲਈ ਗੱਲਬਾਤ ਵਾਸਤੇ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ। ਹਾਲਾਂਕਿ ਜਿੱਥੋਂ ਤੱਕ ਮਾਲ ਗੱਡੀਆਂ ਦਾ ਸਬੰਧ ਹੈ, ਅੱਜ ਦੀ ਤਰੀਕ ਤੱਕ ਮਾਲ ਗੱਡੀਆਂ ਦੀ ਕੋਈ ਵੀ ਮੁੱਖ ਲਾਈਨ ਨਹੀਂ ਰੋਕੀ ਗਈ ਅਤੇ ਸਿਰਫ ਇਕ ਲਾਈਨ ਰੋਕੀ ਗਈ ਹੈ ਜੋ ਪ੍ਰਾਈਵੇਟ ਥਰਮਲ ਪਲਾਂਟ ਤਲਵੰਡੀ ਸਾਬੋ ਨੂੰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਗੱਲ ਦੀ ਕੋਈ ਪ੍ਰਮਾਣਿਕਤਾ ਨਹੀਂ ਬਣਦੀ ਕਿ ਪੰਜਾਬ ਵਿੱਚ ਰੇਲਵੇ ਵੱਲੋਂ ਮਾਲ ਗੱਡੀਆਂ ਨੂੰ ਬੰਦ ਕੀਤਾ ਜਾਵੇ ਜਦੋਂ ਕਿ ਸੂਬੇ ਨੂੰ ਕੋਲਾ, ਯੂਰੀਆ ਆਦਿ ਸਣੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਲੋੜ ਹੈ। ਜ਼ਰੂਰੀ ਵਸਤਾਂ ਦੀ ਸਪਲਾਈ ਤੋਂ ਇਲਾਵਾ ਸੂਬੇ ਨੂੰ ਹੋਰ ਅਨਾਜ ਰੱਖਣ ਲਈ ਗੋਦਾਮਾਂ ਵਿੱਚੋਂ ਅਨਾਜ ਦੇ ਭੰਡਾਰ ਚੁਕਵਾਉਣ ਦੀ ਬਹੁਤ ਜ਼ਰੂਰੀ ਲੋੜ ਹੈ।

Share this Article
Leave a comment