ਜਗਤਾਰ ਸਿੰਘ ਸਿੱਧੂ;
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਿਚਕਾਰ ਹੋਈ ਮੁਲਾਕਾਤ ਨੇ ਸੂਬੇ ਦੇ ਦੋਹਾਂ ਸਿਖਰਲੇ ਸੰਵਿਧਾਨਕ ਅਹੁਦਿਆਂ ਦਾ ਕਾਫ਼ੀ ਅਰਸੇ ਬਾਅਦ ਸੁਖਾਵੇਂ ਸਬੰਧਾਂ ਦਾ ਸੁਨੇਹਾ ਦਿੱਤਾ ਹੈ। ਅਸਲ ਵਿਚ ਪੰਜਾਬ ਨੂੰ ਪਿਛਲੇ ਕੁਝ ਸਾਲ ਰਾਜਪਾਲ ਅਤੇ ਮੁੱਖ ਮੰਤਰੀ ਦੇ ਆਪਸੀ ਟਕਰਾਅ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦਾ ਪੰਜਾਬ ਦੇ ਵਿਕਾਸ ਉਤੇ ਵੀ ਮਾੜਾ ਅਸਰ ਪਿਆ। ਵਿਧਾਨ ਸਭਾ ਵਲੋਂ ਪਾਸ ਕੀਤੇ ਗਏ ਕਈ ਬਿੱਲ ਰਾਜਪਾਲ ਨੇ ਰੋਕ ਲਏ। ਇਸ ਦਾ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਮਾੜਾ ਅਸਰ ਪੈਂਦਾ ਹੈ ਅਤੇ ਅਫ਼ਸਰਸ਼ਾਹੀ ਲਈ ਸਤਾ ਦੇ ਦੋ ਕੇਂਦਰ ਬਣ ਜਾਂਦੇ ਹਨ। ਕੇਵਲ ਐਨਾ ਹੀ ਨਹੀਂ ਸਗੋਂ ਟਕਰਾਅ ਦੀ ਸਥਿਤੀ ਵਿੱਚ ਰਾਜਪਾਲ ਦਾ ਆਫਿਸ ਰਾਜਸੀ ਅਖਾੜਾ ਬਣ ਜਾਂਦਾ ਹੈ। ਪੰਜਾਬ ਨੇ ਵੇਖਿਆ ਹੈ ਕਿ ਪਿਛਲੇ ਦਿਨਾਂ ਵਿੱਚ ਪੰਜਾਬ ਦੀਆਂ ਵਿਰੋਧੀ ਧਿਰਾਂ ਹਰ ਨਿੱਕੇ ਨਿੱਕੇ ਮਸਲੇ ਨੂੰ ਲੈ ਕੇ ਰਾਜਪਾਲ ਕੋਲ ਪਹੁੰਚਦੀਆਂ ਰਹੀਆਂ ਹਨ। ਉਸ ਨਾਲ ਮੀਡੀਆ ਦੀਆਂ ਸੁਰਖੀਆਂ ਬਟੋਰਨ ਦਾ ਮੌਕਾ ਵੀ ਮਿਲਦਾ ਹੈ।
ਹੁਣ ਮੁੱਖ ਮੰਤਰੀ ਮਾਨ ਅਤੇ ਰਾਜਪਾਲ ਕਟਾਰੀਆ ਵਿਚਕਾਰ ਇਕ ਦਿਨ ਪਹਿਲਾਂ ਅੱਧਾ ਘੰਟਾ ਰਾਜ ਭਵਨ ਵਿੱਚ ਖੁਸ਼ਗਵਾਰ ਮਾਹੌਲ ਵਿੱਚ ਹੋਈ ਮੀਟਿੰਗ ਵਿਚ ਰਾਜ ਦੇ ਮਾਮਲਿਆਂ ਨੂੰ ਲੈ ਕੇ ਗੱਲਬਾਤ ਹੋਣਾ ਤਾਂ ਸੁਭਾਵਿਕ ਹੈ ਪਰ ਸੂਬੇ ਅੰਦਰ ਪ੍ਰਸ਼ਾਸਕੀ ਹਲਕਿਆਂ ਅੰਦਰ ਵੀ ਚੰਗਾ ਸੁਨੇਹਾ ਗਿਆ ਹੈ।
ਮੁੱਖ ਮੰਤਰੀ ਮਾਨ ਅਤੇ ਰਾਜਪਾਲ ਕਟਾਰੀਆ ਦੀ ਮੁਲਾਕਾਤ ਵਿਚ ਪੰਜਾਬ ਦੀਆਂ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰਨ ਬਾਰੇ ਚਰਚਾ ਹੋਈ ਅਤੇ ਪੰਜਾਬ ਦੇ ਬਹੁਪੱਖੀ ਵਿਕਾਸ ਦੀ ਗੱਲ ਹੋਈ। ਦੋਹਾਂ ਆਗੂਆਂ ਵਿਚਕਾਰ ਕੇਂਦਰ ਨਾਲ ਪੰਜਾਬ ਦੇ ਸੁਖਾਵੇ ਸਬੰਧ ਬਨਾਉਣ ਦੀ ਚਰਚਾ ਵੀ ਸੁਭਾਵਿਕ ਸੀ। ਪੰਜਾਬ ਦੀਆਂ ਕਈ ਸਕੀਮਾਂ ਦਾ ਪੈਸਾ ਕਿਸੇ ਇਕ ਜਾਂ ਦੂਜੇ ਕਾਰਨ ਕਰਕੇ ਕੇਂਦਰ ਨੇ ਰੋਕ ਰੱਖਿਆ ਹੈ। ਪੇਂਡੂ ਵਿਕਾਸ ਫੰਡ ਦਾ ਪੈਸਾ ਕੇਂਦਰ ਨੇ ਰੋਕ ਰਖਿਆ ਹੈ। ਇਸ ਕਾਰਨ ਪਿੰਡਾਂ ਦੇ ਬਹੁਪੱਖੀ ਵਿਕਾਸ ਉੱਤੇ ਮਾੜਾ ਅਸਰ ਪਿਆ ਹੈ ਕਿਉ ਜੋ ਫੰਡਾਂ ਦੀ ਘਾਟ ਕਾਰਨ ਪੇਂਡੂ ਸੜਕਾਂ ਦਾ ਕੰਮ ਰੁਕਿਆ ਪਿਆ ਹੈ। ਰਾਜਪਾਲ ਆਪਣੇ ਰਸੂਖ ਨਾਲ ਪੰਜਾਬ ਦੀ ਮਦਦ ਕਰ ਸਕਦੇ ਹਨ। ਦੇਸ਼ ਦਾ ਸੰਘੀ ਢਾਂਚਾ ਵੀ ਕੇਂਦਰ ਅਤੇ ਸੂਬਿਆਂ ਦੇ ਮਜ਼ਬੂਤ ਸਬੰਧਾਂ ਦਾ ਅਧਾਰ ਹੈ।
ਸੰਪਰਕ 9814002186