ਪੰਜਾਬ ਦਾ ਬਜਟ ਬੇਅਸਰ, ਦਿਸ਼ਾਹੀਣ ਅਤੇ ਨਿਰਾਸ਼ਾਜਨਕ : ਸ਼ੇਰਗਿੱਲ

Prabhjot Kaur
3 Min Read

ਜਲੰਧਰ: ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਬਜਟ ਨੂੰ ਦਿਸ਼ਾਹੀਣ, ਖੋਖਲਾ ਅਤੇ ਪੰਜਾਬੀਆਂ ਨਾਲ ਧੋਖਾ ਕਰਾਰ ਦਿੰਦਿਆਂ ਕਿਹਾ ਹੈ ਕਿ ਬਜਟ ਵਿੱਚ ਆਪ ਸਰਕਾਰ ਨੇ ਰਿਵਰਸ ਗਿਅਰ ਵਿੱਚ ਪਾਈ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਲਈ ਕੋਈ ਕਦਮ ਨਹੀਂ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਬਜਟ ਨੇ ਸੂਬੇ ਦੇ ਵੱਖ-ਵੱਖ ਖੇਤਰਾਂ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ।

ਬਜਟ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਮੌਜੂਦਾ ਆਪ ਸਰਕਾਰ ਦੇ ਸ਼ਾਸਨ ‘ਚ ਸੂਬੇ ਦੀ ਆਰਥਿਕਤਾ ਵੈਂਟੀਲੇਟਰ ‘ਤੇ ਹੈ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਹੁਣ ਮੌਜੂਦਾ ਬਜਟ ਵੀ ਸੂਬੇ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਮਾਲੀਆ ਪੈਦਾ ਕਰਨ ਦੇ ਵਿਚਾਰ ਤੋਂ ਸੱਖਣਾ ਹੈ। ਸ਼ੇਰਗਿੱਲ ਨੇ ਕਿਹਾ ਕਿ ਬਜਟ ਵਿੱਚ ਮਾਲੀਏ ਦੇ ਵਸੀਲਿਆਂ ਨੂੰ ਵਧਾਉਣ ਅਤੇ ਸੂਬੇ ਦੀ ਆਰਥਿਕਤਾ ਦੇ ਤੇਜ਼ੀ ਨਾਲ ਵਿਕਾਸ ਲਈ ਨੀਤੀਗਤ ਪਹਿਲਕਦਮੀਆਂ ਦੇ ਸਬੰਧ ਵਿੱਚ ਕਿਸੇ ਨਵੇਂ ਉਪਾਅ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੁਰੀ ਤਰ੍ਹਾਂ ਹਾਰ ਗਈ ਹੈ ਅਤੇ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ‘ਚ ਨਾਕਾਮ ਰਹੀ ਹੈ।

ਸ਼ੇਰਗਿੱਲ ਨੇ ਆਪ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਲਗਾਤਾਰ ਤੀਜੇ ਬਜਟ ‘ਚ 18 ਸਾਲ ਦੀ ਉਮਰ ਪੂਰੀ ਕਰਨ ਵਾਲੀਆਂ 1.3 ਕਰੋੜ ਔਰਤਾਂ ਲਈ 1000 ਰੁਪਏ ਪ੍ਰਤੀ ਮਹੀਨਾ ਨਾ ਦੇਣਾ ਔਰਤਾਂ ਨਾਲ ਸਭ ਤੋਂ ਵੱਡੇ ਧੋਖਿਆਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰ ਇਸ ਸਰਕਾਰ ਨੂੰ ਸਬਕ ਸਿਖਾਉਣਗੀਆਂ ਅਤੇ ਇਹ ਯਕੀਨੀ ਬਣਾਉਣਗੀਆਂ ਕਿ ਆਪ ਪੰਜਾਬ ਦੀਆਂ ਸਾਰੀਆਂ 13 ਸੰਸਦੀ ਸੀਟਾਂ ਹਾਰੇ।

ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਆਪ ਸਰਕਾਰ ਨੇ ਇੱਕ ਵਾਰ ਫਿਰ ਖੇਤੀ, ਉਦਯੋਗ, ਔਰਤਾਂ, ਨੌਜਵਾਨਾਂ ਅਤੇ ਰੁਜ਼ਗਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬਜਟ ਵਿੱਚ ਕੋਈ ਐਲਾਨ ਨਹੀਂ ਕੀਤਾ ਹੈ। ਸ਼ੇਰਗਿੱਲ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਸਰਕਾਰ ਨੇ ਖੇਤੀ ਖੇਤਰ ਦੀ ਦੁਰਦਸ਼ਾ ਨੂੰ ਨਜ਼ਰਅੰਦਾਜ਼ ਕਰਦਿਆਂ ਕਿਸਾਨਾਂ ਦੇ ਭਲੇ ਲਈ ਕੋਈ ਠੋਸ ਐਲਾਨ ਨਹੀਂ ਕੀਤਾ।

- Advertisement -

ਸ਼ੇਰਗਿੱਲ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਉਦਯੋਗਾਂ ਲਈ ਬਿਜਲੀ ਦੀਆਂ ਦਰਾਂ 5 ਰੁਪਏ ਪ੍ਰਤੀ ਯੂਨਿਟ ਕਰਨ ਦਾ ਆਪਣਾ ਵਾਅਦਾ ਪੂਰਾ ਨਾ ਕਰਨ ਨਾਲ ਪੰਜਾਬ ਦੀ ਸਨਅਤ ਨੂੰ ਵੱਡਾ ਧੱਕਾ ਲੱਗਾ ਹੈ।

ਸ਼ੇਰਗਿੱਲ ਨੇ ਬਜਟ ਨੂੰ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਧੋਖਾ ਦੇਣ ਲਈ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ। ਪਿਛਲੇ ਬਜਟ ਵਿੱਚ ਐਲਾਨੇ ਗਏ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਆਪ ਸਰਕਾਰ ਨੂੰ ਪਿਛਲੇ ਬਜਟ ਦੌਰਾਨ ਕੀਤੇ ਸਾਰੇ ਐਲਾਨਾਂ ’ਤੇ ਵਾਈਟ ਪੇਪਰ ਲਿਆਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਯੂ-ਟਰਨ, ਝੂਠੇ ਵਾਅਦੇ ਅਤੇ ਪਾਖੰਡ ਇਸ ‘ਆਪ’ ਸਰਕਾਰ ਦੀ ਖਾਸੀਅਤ ਹਨ, ਪਰ ਹੁਣ ਇਹ ਪੰਜਾਬ ਦੇ 3 ਕਰੋੜ ਲੋਕਾਂ ਦੇ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਪੰਜਾਬ ਦੀ ਆਪ ਸਰਕਾਰ ਆਈ.ਸੀ.ਯੂ. ਵਿੱਚ ਹੈ।

Share this Article
Leave a comment