ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ 13 ਮਈ ਨੂੰ ਜਾਰੀ ਕਰ ਦਿੱਤਾ ਗਿਆ ਹੈ। ਵਿਦਿਆਰਥੀ ਆਪਣਾ ਨਤੀਜਾ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਵੇਖ ਸਕਦੇ ਹਨ। ਇਸ ਵਾਰ ਕਰੀਬ 2 ਲੱਖ 65 ਹਜ਼ਾਰ 417 ਵਿਦਿਆਰਥੀਆਂ ਨੇ ਪੇਪਰ ਦਿੱਤੇ, ਜਿਨ੍ਹਾਂ ਵਿੱਚੋਂ 2 ਲੱਖ 42 ਹਜ਼ਾਰ 755 ਪਾਸ ਹੋਏ ਹਨ। ਕੁੱਲ ਪਾਸ ਪ੍ਰਤੀਸ਼ਤ 91.46 ਫੀਸਦੀ ਰਿਹਾ ਹੈ।
ਇਸ ਵਾਰ ਵੀ ਟਾਪਰਾਂ ਵਿੱਚ ਕੁੜੀਆਂ ਅੱਗੇ ਰਹੀਆਂ ਹਨ। ਮਾਨਸਾ ਦੀ ਸੁਪਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲੁਧਿਆਣਾ ਦੀ ਸੋਹਾਨੀ ਚੋਹਾਨ ਦੂਜੇ ਅਤੇ ਦਿਵਾਂਸ਼ੀ ਤੀਜੇ ਸਥਾਨ ‘ਤੇ ਰਹੀ। ਤਿੰਨਾਂ ਵਿਦਿਆਰਥਣਾਂ ਨੇ 500 ਵਿੱਚੋਂ 500 ਨੰਬਰ ਲਏ ਹਨ।

ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸਾਇੰਸ ਗਰੁੱਪ ਨਾਲ ਸੰਬੰਧਿਤ ਹੈ, ਜਦਕਿ ਦੂਜੇ ਅਤੇ ਤੀਜੇ ਸਥਾਨ ਵਾਲੀਆਂ ਹਿਊਮੈਨਿਟੀਜ਼ ਗਰੁੱਪ ਦੀਆਂ ਹਨ। ਇਹਨਾਂ ਤਿੰਨਾਂ ਨੇ ਪੜਾਈ ਦੇ ਨਾਲ ਖੇਡਾਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ।
ਜ਼ਿਲ੍ਹਾ ਅਨੁਸਾਰ ਮੇਰਿਟ ਲਿਸਟ ਵਿੱਚ ਪਟਿਆਲਾ ਦੇ ਸਭ ਤੋਂ ਵੱਧ 58 ਵਿਦਿਆਰਥੀ ਸ਼ਾਮਲ ਹਨ। ਇਸ ਤੋਂ ਬਾਅਦ ਲੁਧਿਆਣਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਬਠਿੰਡਾ ਦੇ ਵਿਦਿਆਰਥੀਆਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਵਿਦਿਆਰਥੀ ਆਪਣਾ ਨਤੀਜਾ ਵੇਖਣ ਲਈ ਬੋਰਡ ਦੀ ਵੈੱਬਸਾਈਟ ‘ਤੇ ਜਾ ਕੇ ਰੋਲ ਨੰਬਰ ਜਾਂ ਨਾਮ ਦਰਜ ਕਰ ਸਕਦੇ ਹਨ। ਨਤੀਜੇ ਨੂੰ ਡਾਊਨਲੋਡ ਜਾਂ ਪ੍ਰਿੰਟ ਵੀ ਕੀਤਾ ਜਾ ਸਕਦਾ ਹੈ। ਜੇ ਕਿਸੇ ਨੂੰ ਨਤੀਜਾ ਵੇਖਣ ਵਿੱਚ ਦਿੱਕਤ ਆਵੇ ਤਾਂ ਉਹ ਹੈਲਪਲਾਈਨ ਨੰਬਰ 95491-61161 ‘ਤੇ ਸੰਪਰਕ ਕਰ ਸਕਦੇ ਹਨ।

