ਵਿਦਿਆਰਥੀਆਂ ਨੂੰ ਰਾਹਤ! ਪੰਜਾਬ ਸਰਕਾਰ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਹੁਕਮ ਜਾਰੀ

Global Team
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ 1 ਜੂਨ ਤੋਂ 30 ਜੂਨ 2026 ਤੱਕ ਸਾਰੇ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲ ਬੰਦ ਰਹਿਣਗੇ। ਵੱਧ ਰਹੀ ਗਰਮੀ ਅਤੇ ਹੀਟਵੇਵ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।

ਸਿੱਖਿਆ ਵਿਭਾਗ ਦੀ ਸਕੱਤਰ ਸੋਨਾਲੀ ਗਿਰੀ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹੁਕਮਾਂ ਦੀਆਂ ਕਾਪੀਆਂ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨੂੰ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਸਕੂਲਾਂ ਵਿੱਚ ਇਸ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਹੀਟਵੇਵ ਕਾਰਨ ਪਹਿਲਾਂ ਹੀ ਬਦਲਿਆ ਗਿਆ ਸੀ ਦਫ਼ਤਰਾਂ ਦਾ ਸਮਾਂ

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ 25 ਮਈ ਤੋਂ ਸੂਬੇ ਦੇ ਸਰਕਾਰੀ ਦਫ਼ਤਰਾਂ, ਸੇਵਾ ਕੇਂਦਰਾਂ ਅਤੇ ਸਕੂਲਾਂ ਦਾ ਸਮਾਂ ਵੀ ਬਦਲ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਗਰਮੀ ਦੀ ਲਹਿਰ ਨੂੰ ਦੇਖਦਿਆਂ ਕੰਮਕਾਜ ਦਾ ਸਮਾਂ ਸਵੇਰੇ 7:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਕੀਤਾ ਗਿਆ ਸੀ।

ਇਹ ਹੁਕਮ 25 ਮਈ ਤੋਂ 15 ਜੁਲਾਈ ਤੱਕ ਲਾਗੂ ਰਹਿਣਗੇ। ਸਰਕਾਰ ਦਾ ਮਕਸਦ ਲੋਕਾਂ ਅਤੇ ਵਿਦਿਆਰਥੀਆਂ ਨੂੰ ਤਿੱਖੀ ਗਰਮੀ ਦੇ ਪ੍ਰਭਾਵ ਤੋਂ ਬਚਾਉਣਾ ਹੈ।

ਚੰਡੀਗੜ੍ਹ ਵਿੱਚ ਪਹਿਲਾਂ ਹੀ ਸਕੂਲ ਬੰਦ, 1 ਜੁਲਾਈ ਤੋਂ ਹੋਣਗੇ ਮੁੜ ਸ਼ੁਰੂ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਗਰਮੀ ਨੂੰ ਦੇਖਦਿਆਂ ਪਹਿਲਾਂ ਹੀ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਉੱਥੇ 23 ਮਈ ਤੋਂ 30 ਜੂਨ ਤੱਕ ਕੁੱਲ 39 ਦਿਨਾਂ ਲਈ ਸਕੂਲ ਬੰਦ ਰੱਖੇ ਗਏ ਹਨ।

ਪੰਜਾਬ ਅਤੇ ਚੰਡੀਗੜ੍ਹ ਦੋਵਾਂ ਥਾਵਾਂ ‘ਤੇ ਹੁਣ ਸਕੂਲ 1 ਜੁਲਾਈ ਤੋਂ ਨਿਯਮਤ ਤੌਰ ‘ਤੇ ਖੁੱਲਣਗੇ।

ਪੰਜਾਬ ਵਿੱਚ 59 ਲੱਖ ਤੋਂ ਵੱਧ ਵਿਦਿਆਰਥੀ

ਪੰਜਾਬ ਵਿੱਚ ਇਸ ਵੇਲੇ 27,281 ਸਕੂਲਾਂ ਵਿੱਚ 59 ਲੱਖ ਤੋਂ ਵੱਧ ਵਿਦਿਆਰਥੀ ਪੜ੍ਹ ਰਹੇ ਹਨ। ਸੂਬੇ ਵਿੱਚ ਲਗਭਗ 2.73 ਲੱਖ ਅਧਿਆਪਕ ਸੇਵਾਵਾਂ ਨਿਭਾ ਰਹੇ ਹਨ। 19,243 ਸਰਕਾਰੀ ਸਕੂਲਾਂ ਵਿੱਚ ਕਰੀਬ 26.69 ਲੱਖ ਵਿਦਿਆਰਥੀ ਪੜ੍ਹਦੇ ਹਨ, ਜਦਕਿ ਨਿੱਜੀ ਸਕੂਲਾਂ ਵਿੱਚ ਲਗਭਗ 30.63 ਲੱਖ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ।

ਸੂਬੇ ਦਾ ਵਿਦਿਆਰਥੀ-ਅਧਿਆਪਕ ਅਨੁਪਾਤ 22:1 ਹੈ, ਜੋ ਰਾਸ਼ਟਰੀ ਔਸਤ 24:1 ਨਾਲੋਂ ਬਿਹਤਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਕੁੱਲ ਅਧਿਆਪਕਾਂ ਵਿੱਚੋਂ 76.6 ਫੀਸਦੀ ਮਹਿਲਾ ਅਧਿਆਪਕ ਹਨ, ਜੋ ਦੇਸ਼ ਦੇ ਸਾਰੇ ਸੂਬਿਆਂ ਵਿੱਚ ਸਭ ਤੋਂ ਵੱਧ ਹਨ।

Share This Article
Leave a Comment