ਕਣਕ ਨੂੰ ਪੀਲੀ ਕੁੰਗੀ ਤੋਂ ਸਮੇਂ ਸਿਰ ਬਚਾਉਣ ਲਈ ਪੀ.ਏ.ਯੂ. ਮਾਹਿਰਾਂ ਨੇ ਦਿੱਤੇ ਸੁਝਾਅ

TeamGlobalPunjab
2 Min Read

ਲੁਧਿਆਣਾ: ਕਣਕ ਦੀ ਪੀਲੀ ਕੁੰਗੀ ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਗਰਮੀ ਰੁੱਤੇ ਬੀਜੀ ਜਾਣ ਵਾਲੀ ਕਣਕ ਜਾਂ ਆਪ ਮੁਹਾਰੇ ਉਗੀ ਕਣਕ ਉਤੇ ਪਲਦੀ ਰਹਿੰਦੀ ਹੈ। ਇਸ ਬਿਮਾਰੀ ਦੇ ਕਣ ਹਵਾ ਰਾਹੀਂ ਉਡ ਕੇ ਦਸੰਬਰ-ਜਨਵਰੀ ਮਹੀਨਿਆਂ ਦੌਰਾਨ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਬੀਜੀ ਕਣਕ ਉਤੇ ਹਮਲਾ ਕਰ ਸਕਦੇ ਹਨ। ਇਸ ਕਾਰਨ ਕਣਕ ਤੇ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ (ਪੱਤਿਆਂ ਤੇ ਹਲਦੀਨੁਮਾ ਧਾਰੀਆਂ) ਧੌੜੀਆਂ ਵਿੱਚ ਪਹਿਲਾਂ ਇਨ੍ਹਾ ਇਲਾਕਿਆਂ ਵਿੱਚ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਮੌਸਮ ਦੀਆਂ ਮੌਜੂਦਾ ਹਾਲਤਾਂ ਕਣਕ ਦੀ ਪੀਲੀ ਕੁੰਗੀ ਦੇ ਸ਼ੁਰੂਆਤੀ ਵਾਧੇ ਅਤੇ ਫੈਲਾਅ ਲਈ ਢੁਕਵੀਆਂ ਚੱਲ ਰਹੀਆਂ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਹਿਰਾਂ ਦੇ ਸਰਵੇਖਣ ਅਨੁਸਾਰ ਹੁਣ ਤੱਕ ਪੀਲੀ ਕੁੰਗੀ ਦੀ ਸ਼ੁਰੂਆਤੀ ਆਮਦ ਵਾਲੀਆਂ ਧੌੜੀਆਂ ਰੋਪੜ ਜ਼ਿਲੇ ਦੇ (ਬਲਾਕ ਅਨੰਦਪੁਰ ਸਾਹਿਬ) ਡਰੌਲੀ, ਚੰਦੇਸਰ, ਚੰਦਪੁਰ ਬੇਲਾ, ਹਰੀਅਲ, ਬ੍ਰਹਮਪੁਰ ਹੇਠਲਾ, ਅਜੌਲੀ, ਨਿਕੂ ਨੰਗਲ, ਡੁਕਲੀ, ਪੱਟੀ, ਹੁਸ਼ਿਆਰਪੁਰ ਜ਼ਿਲੇ ਦੇ (ਬਲਾਕ ਬੁੰਗਾ) ਖਾਨਪੁਰ, ਮਖੋ ਮਾਜਰਾ (ਬਲਾਕ ਚੱਬੇਵਾਲ), ਪਠਾਨਕੋਟ ਜ਼ਿਲੇ ਦੇ ਆਸਾਬਾਨੋ, ਗੁਰਦਾਸਪੁਰ ਜ਼ਿਲੇ ਦੇ (ਬਲਾਕ ਦੀਨਾਨਗਰ) ਬਟੋਆ ਅਤੇ ਖਾਨੂਵਾਲ ਇਲਾਕੇ ਵਿੱਚ ਡਬਲਯੂ ਐਚ 711, ਐਚ ਡੀ 2967, ਐਚ ਡੀ 3086, ਬਰਬਟ 291, ਚੈਂਪੀਅਨ ਅਤੇ ਸ਼੍ਰੀ ਰਾਮ 1734 ਆਦਿ ਕਿਸਮਾਂ ਤੇ ਵੇਖਣ ਨੂੰ ਮਿਲੀਆਂ।

ਇਨ੍ਹਾ ਬਿਮਾਰੀਆਂ ਨਾਲ ਪ੍ਰਭਾਵਿਤ ਧੌੜੀਆਂ ਵਾਲੇ ਖੇਤਾਂ ਵਿੱਚ ਮਾਹਿਰਾਂ ਵੱਲੋਂ ਸਿਫਾਰਿਸ਼ ਕੀਤੇ ਉਲੀਨਾਸ਼ਕਾਂ ਦਾ ਛਿੜਕਾਅ ਕਰਕੇ ਬਿਮਾਰੀ ਦੀ ਮੁੱਢਲੀ ਲਾਗ ਤੇ ਕਾਬੂ ਪਾ ਲਿਆ ਗਿਆ ਹੈ।

ਪੰਜਾਬ ਖੇਤੀਬਾੜੀ ਦੀਆਂ ਟੀਮਾਂ ਲਗਾਤਾਰ ਸਰਵੇਖਣ ਕਰ ਰਹੀਆਂ ਹਨ ਅਤੇ ਇਸ ਬਿਮਾਰੀ ਤੇ ਨਜ਼ਰ ਰੱਖ ਰਹੀਆਂ ਹਨ ਕਿਉਂਕਿ ਪੀਲੀ ਕੁੰਗੀ ਦੀ ਬਿਮਾਰੀ ਹਵਾ ਰਾਹੀਂ ਫੈਲਦੀ ਹੈ ਇਸ ਲਈ ਕੁਝ ਨੇੜੇ ਲੱਗਦੇ ਖੇਤਾਂ ਉਪਰ ਹੋ ਸਕਦਾ ਹੈ।ਮੌਜੂਦਾ ਮੌਸਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ•ਾਂ ਦੱਸਿਆ ਕਿ ਨੀਮ ਪਹਾੜੀ ਇਲਾਕਿਆਂ ਦੇ ਕਿਸਾਨ ਆਪਣੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ। ਜਦੋਂ ਹੀ ਪੀਲੀ ਕੁੰਗੀ ਦੀਆਂ ਮੁੱਢਲੀਆਂ ਨਿਸ਼ਾਨੀਆਂ ਖੇਤ ਵਿੱਚ ਦਿਖਾਈ ਦੇਣ ਤਾਂ ਉਨ੍ਹਾਂ ‘ਤੇ ਸਿਫਾਰਿਸ਼ ਕੀਤੇ ਉਲੀਨਾਸ਼ਕਾਂ (ਨਟੀਵੋ 120 ਗ੍ਰਾਮ ਜਾਂ ਕੈਵੀਅਟ 200 ਗ੍ਰਾਮ ਜਾਂ ਓਪੇਰਾ/ਟਿਲਟ/ਬੰਪਰ/ਸ਼ਾਈਨ/ਸਟਿਲਟ/ਕੰਪਾਸ/ਮਾਰਕਜ਼ੋਲ 200 ਮਿ.ਲਿ. ਨੂੰ 200 ਲਿਟਰ ਪਾਣੀ) ਦਾ ਛਿੜਕਾਅ ਕਰਕੇ ਬਿਮਾਰੀ ਨੂੰ ਉਥੇ ਹੀ ਕਾਬੂ ਕਰ ਲੈਣ ਤਾਂ ਜੋ ਅੱਗੇ ਇਸਦਾ ਫੈਲਾਅ ਮੈਦਾਨੀ ਇਲਾਕਿਆਂ ਵਿੱਚ ਨਾ ਹੋ ਸਕੇ।

- Advertisement -

Share this Article
Leave a comment