ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 1013 ਲੈਕਚਰਾਰ ਅਸਾਮੀਆਂ ਲਈ ਭਰਤੀ ਦਾ ਐਲਾਨ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੈਕਚਰਾਰ ਬਣਨ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟੋਰੇਟ ਪੰਜਾਬ ਵੱਲੋਂ ਲੈਕਚਰਾਰ ਕੈਡਰ ਦੀਆਂ 1,013 ਅਸਾਮੀਆਂ ਭਰਨ ਲਈ ਅਧਿਕਾਰਿਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

1 ਜੁਲਾਈ ਤੋਂ ਸ਼ੁਰੂ ਹੋਵੇਗੀ ਅਰਜ਼ੀ ਪ੍ਰਕਿਰਿਆ

ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ। ਯੋਗ ਅਤੇ ਇੱਛੁਕ ਉਮੀਦਵਾਰ 31 ਜੁਲਾਈ 2026 ਤੱਕ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ ‘ਤੇ ਜਾ ਕੇ ਅਰਜ਼ੀ ਦੇ ਸਕਣਗੇ। ਅਰਜ਼ੀ ਲਈ ਸਬੰਧਤ ਵਿਸ਼ੇ ਵਿੱਚ ਮਾਸਟਰ ਡਿਗਰੀ ਦੇ ਘੱਟੋ-ਘੱਟ 55 ਫੀਸਦੀ ਅੰਕ ਲਾਜ਼ਮੀ ਰੱਖੇ ਗਏ ਹਨ।

829 ਨਵੀਆਂ ਅਤੇ 184 ਬੈਕਲਾਗ ਅਸਾਮੀਆਂ ਭਰੀਆਂ ਜਾਣਗੀਆਂ

ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਕੁੱਲ 1,013 ਅਸਾਮੀਆਂ ਵਿੱਚੋਂ 829 ਨਿਯਮਿਤ ਨਵੀਆਂ ਅਸਾਮੀਆਂ ਹਨ, ਜਦਕਿ 184 ਬੈਕਲਾਗ ਅਸਾਮੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਨੋਟੀਫਿਕੇਸ਼ਨ ਵਿੱਚ ਵਿਸ਼ੇ ਅਨੁਸਾਰ ਅਸਾਮੀਆਂ, ਯੋਗਤਾ ਅਤੇ ਚੋਣ ਪ੍ਰਕਿਰਿਆ ਦੀ ਪੂਰੀ ਜਾਣਕਾਰੀ ਜਾਰੀ ਕੀਤੀ ਗਈ ਹੈ।

12 ਵਿਸ਼ਿਆਂ ਵਿੱਚ ਹੋਵੇਗੀ ਭਰਤੀ, ਇਤਿਹਾਸ ਵਿੱਚ ਸਭ ਤੋਂ ਵੱਧ ਅਸਾਮੀਆਂ

ਇਸ ਭਰਤੀ ਤਹਿਤ 12 ਵੱਖ-ਵੱਖ ਵਿਸ਼ਿਆਂ ਲਈ ਲੈਕਚਰਾਰ ਚੁਣੇ ਜਾਣਗੇ। ਇਤਿਹਾਸ ਵਿਸ਼ੇ ਲਈ ਸਭ ਤੋਂ ਵੱਧ 210 ਅਸਾਮੀਆਂ ਰੱਖੀਆਂ ਗਈਆਂ ਹਨ। ਇਸ ਤੋਂ ਬਾਅਦ ਇੰਗਲਿਸ਼ ਲਈ 141, ਪਾਲਿਟੀਕਲ ਸਾਇੰਸ ਲਈ 131, ਮੈਥ ਲਈ 105, ਪੰਜਾਬੀ ਲਈ 99, ਕਾਮਰਸ ਲਈ 98, ਫਿਜ਼ਿਕਸ ਲਈ 58, ਇਕਨਾਮਿਕਸ ਲਈ 50, ਕੈਮਿਸਟਰੀ ਲਈ 41, ਬਾਇਓਲੋਜੀ ਲਈ 37, ਹਿੰਦੀ ਲਈ 29 ਅਤੇ ਜਿਓਗ੍ਰਾਫੀ ਲਈ 14 ਅਸਾਮੀਆਂ ਹਨ।

ਯੋਗਤਾ ਅਤੇ ਪੰਜਾਬੀ ਭਾਸ਼ਾ ਦੀ ਸ਼ਰਤ

ਉਮੀਦਵਾਰ ਲਈ ਸਬੰਧਤ ਵਿਸ਼ੇ ਵਿੱਚ ਘੱਟੋ-ਘੱਟ 55 ਫੀਸਦੀ ਅੰਕਾਂ ਨਾਲ ਮਾਸਟਰ ਡਿਗਰੀ ਅਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਬੀਐਡ ਹੋਣਾ ਲਾਜ਼ਮੀ ਹੈ। ਨਾਲ ਹੀ, ਉਮੀਦਵਾਰ ਵੱਲੋਂ 10ਵੀਂ ਕਲਾਸ ਵਿੱਚ ਪੰਜਾਬੀ ਭਾਸ਼ਾ ਲਾਜ਼ਮੀ ਜਾਂ ਚੋਣਵੇਂ ਵਿਸ਼ੇ ਵਜੋਂ ਪਾਸ ਕੀਤੀ ਹੋਣੀ ਚਾਹੀਦੀ ਹੈ। ਭਾਰਤ ਦਾ ਨਾਗਰਿਕ ਹੋਣਾ ਵੀ ਜ਼ਰੂਰੀ ਹੈ।

18 ਤੋਂ 37 ਸਾਲ ਉਮਰ ਵਾਲੇ ਕਰ ਸਕਣਗੇ ਅਪਲਾਈ

ਭਰਤੀ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 37 ਸਾਲ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀਆਂ ਜਿਵੇਂ ਐਸਸੀ, ਐਸਟੀ, ਦਿਵਿਆਂਗ ਅਤੇ ਸਰਕਾਰੀ ਕਰਮਚਾਰੀਆਂ ਨੂੰ ਉਮਰ ਸੀਮਾ ਵਿੱਚ ਛੂਟ ਦਿੱਤੀ ਜਾਵੇਗੀ।

ਦੋ ਪੜਾਵਾਂ ਵਿੱਚ ਚੋਣ, ਨਹੀਂ ਹੋਵੇਗੀ ਨੈਗੇਟਿਵ ਮਾਰਕਿੰਗ

ਚੋਣ ਪ੍ਰਕਿਰਿਆ ਦੋ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 300 ਅੰਕਾਂ ਦੀ ਆਫਲਾਈਨ ਓਐਮਆਰ ਆਧਾਰਿਤ ਲਿਖਤੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਦੋ ਭਾਗਾਂ ਵਿੱਚ ਵੰਡੀ ਜਾਵੇਗੀ ਅਤੇ ਇਸ ਵਿੱਚ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਮੇਰਿਟ ਵਿੱਚ ਆਉਣ ਲਈ ਉਮੀਦਵਾਰਾਂ ਨੂੰ ਦੋਵੇਂ ਭਾਗਾਂ ਵਿੱਚ ਵੱਖ-ਵੱਖ ਘੱਟੋ-ਘੱਟ ਕਟ-ਆਫ਼ ਅੰਕ ਲੈਣੇ ਹੋਣਗੇ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲਿਆਂ ਨੂੰ ਅਗਲੇ ਪੜਾਅ ਵਿੱਚ ਦਸਤਾਵੇਜ਼ ਜਾਂਚ ਲਈ ਬੁਲਾਇਆ ਜਾਵੇਗਾ।

ਪ੍ਰੋਬੇਸ਼ਨ ਦੌਰਾਨ ਨਿਰਧਾਰਤ ਤਨਖਾਹ ਮਿਲੇਗੀ

ਅੰਤਿਮ ਤੌਰ ‘ਤੇ ਚੁਣੇ ਗਏ ਲੈਕਚਰਾਰਾਂ ਨੂੰ ਪਹਿਲੇ 3 ਸਾਲਾਂ ਦੇ ਪ੍ਰੋਬੇਸ਼ਨ ਸਮੇਂ ਦੌਰਾਨ 34,500 ਰੁਪਏ ਤੋਂ 35,400 ਰੁਪਏ ਪ੍ਰਤੀ ਮਹੀਨਾ ਨਿਰਧਾਰਤ ਬੇਸਿਕ ਤਨਖਾਹ ਦਿੱਤੀ ਜਾਵੇਗੀ। ਇਸ ਸਮੇਂ ਦੌਰਾਨ ਡੀਏ ਜਾਂ ਐਚਆਰਏ ਵਰਗੇ ਸਰਕਾਰੀ ਭੱਤੇ ਨਹੀਂ ਮਿਲਣਗੇ। 3 ਸਾਲ ਦਾ ਪ੍ਰੋਬੇਸ਼ਨ ਪੂਰਾ ਹੋਣ ਤੋਂ ਬਾਅਦ ਨਿਯਮਿਤ ਤਨਖਾਹ ਅਤੇ ਹੋਰ ਸਰਕਾਰੀ ਭੱਤਿਆਂ ਦਾ ਲਾਭ ਦਿੱਤਾ ਜਾਵੇਗਾ।

Share This Article
Leave a Comment