ਸੜਕਾਂ ‘ਤੇ ਮੁੜ ਦੌੜਨਗੀਆਂ ਬੱਸਾਂ! ਪਨਬੱਸ ਮੁਲਾਜ਼ਮਾਂ ਦੀ ਹੜਤਾਲ ਖ਼ਤਮ

Global Team
3 Min Read

ਚੰਡੀਗੜ੍ਹ : ਪੰਜਾਬ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਪਨਬੱਸ ਦੇ ਆਊਟਸੋਰਸ ਮੁਲਾਜ਼ਮਾਂ ਦੀ ਬੁੱਧਵਾਰ ਨੂੰ ਸ਼ੁਰੂ ਹੋਈ ਹੜਤਾਲ ਸਰਕਾਰ ਦੇ ਭਰੋਸੇ ਤੋਂ ਬਾਅਦ ਖ਼ਤਮ ਹੋ ਗਈ ਹੈ। ਟਰਾਂਸਪੋਰਟ ਵਿਭਾਗ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧੇ ਸਬੰਧੀ ਪੱਤਰ ਜਾਰੀ ਕਰ ਦਿੱਤਾ ਹੈ।

ਇਸ ਤਹਿਤ ਆਊਟਸੋਰਸ ਮੁਲਾਜ਼ਮਾਂ ਨੂੰ ਤੈਅਸ਼ੁਦਾ ਘੱਟੋ-ਘੱਟ ਤਨਖਾਹ ਮਿਲੇਗੀ, ਜਿਸ ਨਾਲ ਲਗਭਗ ਦੋ ਹਜ਼ਾਰ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਮੁਲਾਜ਼ਮਾਂ ਦੀ ਤਨਖਾਹ ਵਿੱਚ ਕਰੀਬ 15 ਫੀਸਦੀ ਤੱਕ ਵਾਧਾ ਹੋਣ ਦੀ ਉਮੀਦ ਹੈ।

ਦੱਸ ਦਈਏ ਕਿ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਮੁਲਾਜ਼ਮ ਬੁੱਧਵਾਰ ਸਵੇਰੇ ਸੱਤ ਵਜੇ ਤੋਂ ਹੜਤਾਲ ‘ਤੇ ਚਲੇ ਗਏ ਸਨ। ਹੜਤਾਲ ਕਾਰਨ ਪਨਬੱਸ ਦੀਆਂ ਕਰੀਬ 1200 ਬੱਸਾਂ ਅਤੇ ਕੁੱਲ ਮਿਲਾ ਕੇ ਕਰੀਬ 1600 ਬੱਸਾਂ ਦਾ ਸੰਚਾਲਨ ਪ੍ਰਭਾਵਿਤ ਰਿਹਾ। ਕਈ ਮੁੱਖ ਰੂਟਾਂ ‘ਤੇ ਬੱਸ ਸੇਵਾਵਾਂ ਠੱਪ ਰਹੀਆਂ, ਜਿਸ ਕਾਰਨ ਮੁਸਾਫ਼ਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਜਾਣ ਵਾਲੇ ਰੂਟ ਵੀ ਪ੍ਰਭਾਵਿਤ ਰਹੇ।

ਪੰਜਾਬ ਰੋਡਵੇਜ਼, ਪਨਬੱਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮਜੀਤ ਸਿੰਘ ਗਿੱਲ ਨੇ ਦੱਸਿਆ ਕਿ 15% ਤਨਖਾਹ ਵਾਧਾ ਲਾਗੂ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਪਨਬੱਸ ਦੇ 18 ਡਿਪੂ ਬੁੱਧਵਾਰ ਸਵੇਰ ਤੋਂ ਬੰਦ ਕਰ ਦਿੱਤੇ ਗਏ ਸਨ। ਪਿਛਲੇ 2 ਮਹੀਨਿਆਂ ਤੋਂ ਉਨ੍ਹਾਂ ਨੂੰ ਲੇਬਰ ਰੇਟ ਤੋਂ ਵੀ ਘੱਟ ਤਨਖਾਹ ਦਿੱਤੀ ਜਾ ਰਹੀ ਸੀ।ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਸ ਮਹੀਨੇ ਵੀ ਪੁਰਾਣੇ ਅਤੇ ਘੱਟ ਰੇਟ ਅਨੁਸਾਰ ਤਨਖਾਹ ਜਾਰੀ ਕੀਤੀ ਗਈ, ਜਿਸ ਦੇ ਵਿਰੋਧ ਵਿੱਚ ਬੱਸਾਂ ਦਾ ਸੰਚਾਲਨ ਰੋਕ ਦਿੱਤਾ ਗਿਆ।

ਉਨ੍ਹਾਂ ਦੀ ਮੰਗ ਸੀ ਕਿ 15% ਤਨਖਾਹ ਵਾਧਾ ਤੁਰੰਤ ਲਾਗੂ ਕੀਤਾ ਜਾਵੇ, ਪਿਛਲੇ ਦੋ ਮਹੀਨਿਆਂ ਦਾ ਬਕਾਇਆ (ਏਰੀਅਰ) ਦਿੱਤਾ ਜਾਵੇ ਅਤੇ ਇਸ ਸਬੰਧੀ ਪਨਬੱਸ ਮੁੱਖ ਦਫ਼ਤਰ (ਹੈੱਡਕੁਆਰਟਰ) ਜਲਦ ਹੀ ਅਧਿਕਾਰਤ ਪੱਤਰ ਜਾਰੀ ਕਰੇ। ਟਰਾਂਸਪੋਰਟ ਵਿਭਾਗ ਵੱਲੋਂ ਹੁਣ ਤਨਖਾਹ ਵਾਧੇ ਸਬੰਧੀ ਪੱਤਰ ਜਾਰੀ ਕੀਤੇ ਜਾਣ ਤੋਂ ਬਾਅਦ ਮੁਲਾਜ਼ਮਾਂ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਬੱਸਾਂ ਦਾ ਸੰਚਾਲਨ ਆਮ ਵਾਂਗ ਹੋਣ ਲੱਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment