ਫਲਾਂ ਤੇ ਸਬਜ਼ੀਆਂ ਦੀ ਸੰਭਾਲ ਤੇ ਵਰਤੋਂ ਬਾਰੇ ਆਨਲਾਈਨ ਸਿਖਲਾਈ ਦਿੱਤੀ

TeamGlobalPunjab
2 Min Read

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ “ਘਰੇਲੂ ਪੱਧਰ ਤੇ ਫਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਸੰਬੰਧੀ” ਪੰਜ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਭਗ 100 ਸਿਖਿਆਰਥੀਆਂ ਨੇ ਭਾਗ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗੀ ਨਿਰਦੇਸ਼ਕ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ ਕਿਵੇਂ ਕੀਤੀ ਜਾਵੇ ਇਸ ਬਾਰੇ ਸਿਖਿਆਰਥੀਆਂ ਨੂੰ ਆਨਲਾਈਨ ਸਿਖਲਾਈ ਦਿੱਤੀ ਗਈ।

ਇਸ ਪੰਜ ਦਿਨਾਂ ਕੋਰਸ ਦੌਰਾਨ ਕੋਰਸ ਦੇ ਤਕਨੀਕੀ ਨਿਰਦੇਸ਼ਕ ਅਤੇ ਫੂਡ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਏ. ਸਚਦੇਵ ਨੇ ਇਹ ਦੱਸਿਆ ਕਿ ਇਸ ਸਮੇਂ ਦੌਰਾਨ ਇਹ ਕੋਰਸ ਬਹੁਤ ਢੁੱਕਵਾਂ ਹੈ ਅਤੇ ਕਿਸਾਨ ਬੀਬੀਆਂ ਲਈ ਆਪਣੇ ਸਮੇਂ ਦੀ ਸੁਚੱਜੀ ਵਰਤੋਂ ਕਰਕੇ ਅਚਾਰ, ਚਟਣੀਆਂ, ਮੁਰੱਬੇ ਘਰ ਵਿੱਚ ਤਿਆਰ ਕਰਕੇ ਭੋਜਨ ਦੀ ਪੌਸ਼ਟਿਕਤਾ ਵਿੱਚ ਵਾਧਾ ਕਰ ਸਕਦੀਆਂ ਹਨ। ਡਾ. ਨੇਹਾ ਬੱਬਰ ਨੇ ਅਚਾਰ ਬਣਾਉਣ ਸੰਬੰਧੀ ਅਤੇ ਮਰਤਬਾਨਾਂ ਨੂੰ ਜੀਵਾਣੂ ਰਹਿਤ ਕਰਨ ਦੇ ਲਾਭ ਬਾਰੇ, ਡਾ. ਸੁਖਪ੍ਰੀਤ ਕੌਰ ਨੇ ਅਚਾਰ ਬਣਾਉਣ ਅਤੇ ਸਿਰਕਾ ਬਣਾਉਣ, ਰਲੇ- ਮਿਲੇ ਫ਼ਲਾਂ ਦਾ ਜੈਮ, ਸ਼ਰਬਤ ਅਤੇ ਆਲੂ ਦੇ ਚਿਪਸ ਤਿਆਰ ਕਰਨ ਬਾਰੇ ਅਤੇ ਸ਼੍ਰੀ ਰਾਹੁਲ ਗੁਪਤਾ ਨੇ ਟਮਾਟਰ ਪਿਊਰੀ, ਟਮਾਟਰ ਸੌਸ, ਅੰਬ ਦਾ ਮੁਰੱਬਾ, ਅੰਬ ਦੀ ਚਟਣੀ, ਅੰਬ ਪਾਪੜ ਤਿਆਰ ਕਰਨ ਬਾਰੇ  ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਕੋਰਸ ਕੋਆਰਡੀਨਟਰ ਡਾ. ਲਵਲੀਸ਼ ਗਰਗ ਨੇ ਸਿਖਿਆਰਥੀਆਂ ਨੂੰ ਪਾਬੀ ਪ੍ਰੋਜੈਕਟ ਅਧੀਨ ‘ਉੱਦਮ’ ਅਤੇ ‘ਉਡਾਨ’ ਪ੍ਰੋਗ੍ਰਾਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ ਅਤੇ ਸਵੈ-ਰੋਜ਼ਗਾਰ ਕਰਨ ਲਈ ਇੰਨ੍ਹਾਂ ਪ੍ਰੋਗ੍ਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਬਾਰੇ ਉਤਸ਼ਾਹਿਤ ਕੀਤਾ। ਡਾ. ਗਰਗ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਕਿੱਲ ਡਿਵੈਲਪਮੈਂਟਰ ਸੈਂਟਰ ਵੱਲੋਂ ਹੋਰ ਵੀ ਆਨਲਾਈਨ ਕੋਰਸ ਕਰਵਾਏ ਜਾਣਗੇ। ਚਾਹਵਾਨ ਉਮੀਦਵਾਰ ਇਸ ਸਬੰਧੀ ਯੂਨੀਵਰਸਿਟੀ ਦੀ ਵੈਬਸਾਈਟ (www.pau.edu) ਤੇ ਵੇਖ ਸਕਦੇ ਹਨ। ਅੰਤ ਵਿੱਚ ਡਾ. ਰੁਪਿੰਦਰ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਸਿਖਿਆਰਥੀਆਂ ਨੂੰ ਇਸ ਕੋਰਸ ਤੋਂ ਪੂਰੀ ਜਾਣਕਾਰੀ ਲੈਣ ਉਪਰੰਤ ਇਹ ਤਕਨੀਕਾਂ ਹੋਰ ਕਿਸਾਨਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

Share this Article
Leave a comment