ਦਾਣਿਆਂ ਦਾ ਸਹੀ ਭੰਡਾਰਨ-ਸਮੇਂ ਦੀ ਲੋੜ

TeamGlobalPunjab
11 Min Read

-ਮਨਪ੍ਰੀਤ ਕੌਰ ਸੈਣੀ, ਐਮ.ਐਸ.ਆਲਮ ਅਤੇ ਡੀ.ਕੇ.ਸ਼ਰਮਾ*

ਖੇਤੀ ਜਗਤ ਵਿੱਚ ਜਿਵੇਂ ਫਸਲ ਦੀ ਬਿਜਾਈ ਤੋਂ ਬਾਅਦ ਉਸਦੀ ਪੈਦਾਵਾਰ ਇੱਕ ਅਹਿਮ ਭੂਮੀਕਾ ਨਿੰਭਾਉਂਦੀ ਹੈ, ਉੱਸੇ ਤਰ੍ਹਾਂ ਹੀ ਫਸਲ ਦੀ ਕਟਾਈ ਤੋਂ ਬਾਅਦ ਉਸ ਦਾ ਸਹੀ ਭੰਡਾਰਨ ਕਰਨਾ ਵੀ ਉਨ੍ਹਾਂ ਹੀ ਅਹਿਮ ਹੈ।ਕਿਸਾਨਾਂ ਵੱਲੋਂ ਦਾਣਿਆਂ ਦਾ ਭੰਡਾਰਣ ਜਾ ਤਾਂ ਆਪਣੇ ਉਪਯੋਗ ਵਾਸਤੇ, ਮੰਡੀਕਰਨ ਵਾਸਤੇ ਤੇ ਜਾਂ ਫਿਰ ਬੀਜ ਉਪਯੋਗ ਵਾਸਤੇ ਕੀਤਾ ਜਾਂਦਾ ਹੈ। ਜੇਕਰ ਵਧੀਆ ਬੀਜ ਨੂੰ ਉਪਯੋਕਤ ਸਮੇਂ ਤੇ ਸਟੋਰ ਕਰ ਲਿਆ ਜਾਵੇ ਤਾਂ ਲੋੜ ਪੈਣ ‘ਤੇ ਇਸ ਨੂੰ ਵਰਤਿਆ ਜਾ ਸਕਦਾ ਹੈ। ਪ੍ਰੰਤੂ ਸਟੋਰਾਂ ਦੀ ਸਹੀ ਬਨਾਵਟ ਨਾ ਹੋਣ ਕਰਕੇ ਦਾਣਿਆਂ ਦਾ ਨੁਕਸਾਨ ਭਾਰੀ ਮਾਤਰਾ ਵਿੱਚ ਹੁੰਦਾ ਹੈ। ਦਾਣਿਆਂ ਦੇ ਨੁਕਸਾਨ ਨੂੰ ਕਈ ਤਰ੍ਹਾਂ ਦੇ ਤੱਤ ਪ੍ਰਭਾਬਿਤ ਕਰਦੇ ਹਨ ਜਿਵੇਂ ਤਾਪਮਾਨ, ਸਿਲ੍ਹ, ਕੀੜੇ, ਚੂਹੇ, ਪੰਛੀ, ਸੂਖਸ਼ਮ ਜੀਵ, ਸਟੋਰ ਦੇ ਹਾਲਾਤ, ਢੰਗ ਅਤੇ ਸਟੋਰ ਕਰਨ ਦਾ ਸਮਾਂ ਆਦਿ।ਇਹ ਉਪਰ ਦਰਸਾਏ ਗਏ ਤੱਤਾਂ ਵਿੱਚੋਂ ਸਟੋਰ ਕੀਤੇ ਦਾਣਿਆਂ ਦਾ ਵਧੇਰੇ ਨੁਕਸਾਨ ਕੀੜਿਆਂ, ਚੂਹਿਆਂ ਅਤੇ ਸਿੱਲ੍ਹ ਕਾਰਨ ਹੁੰਦਾ ਹੈ।

ਪੰਜਾਬ ਵਿੱਚ ਸਟੋਰ ਕੀਤੇ ਦਾਣਿਆਂ ਨੂੰ ਨੁਕਸਾਨ ਕਰਨ ਵਾਲੀਆਂ ਕੀੜਿਆਂ ਦੀਆਂ ਤਕਰੀਬਨ 20 ਜਾਤੀਆਂ ਦਰਸਾਈਆਂ ਗਈਆਂ ਹਨ। ਜਿਨ੍ਹਾਂ ਵਿੱਚੋਂ ਚੌਲਾਂ ਦੀ ਭੂੰਡੀ, ਖੱਪਰਾ ਭੂੰਡੀ, ਦਾਣਿਆਂ ਦਾ ਬੋਰਰ, ਆਟੇ ਦੀ ਸੁਸਰੀ, ਦਾਲਾਂ ਦੀ ਭੂੰਡੀ, ਛੋਲਿਆਂ ਦਾ ਢੋਰਾ, ਕੀੜਿਆਂ ਦੇ ਕੌਲੀਓਪਟਰਾ ਵਰਗ ਨੂੰ ਅਤੇ ਦਾਣਿਆਂ ਦਾ ਪਤੰਗਾਂ, ਚੌਲਾਂ ਦਾ ਪਤੰਗਾਂ ਲੈਪੀਡੋਪਟਰਾ ਵਰਗ ਨਾਲ ਸੰਬੰਧਤ ਹਨ।ਇਹਨਾਂ ਕੀੜਿਆਂ ਦੀਆਂ ਆਮ ਕਰਕੇ ਚਾਰ ਅਵਸਥਾ ਹੁੰਦੀਆਂ ਹਨ : ਅੰਡਾ, ਸੁੰਡੀ, ਕੋਆ ਤੇ ਪਤੰਗਾ। ਇਨ੍ਹਾਂ ਵਿੱਚੋਂ ਜਿਹੜੇ ਕੀੜੇ ਲੈਪੀਡੋਪਟਰਾ ਵਰਗ ਦੇ ਹਨ ਉਹਨਾਂ ਵਿੱਚ ਅੰਡੇ ਤੋਂ ਬਾਅਦ ਨਿਕਲਣ ਵਾਲੀ ਅਵਸਥਾ ਨੂੰ ਸੁੰਡੀ ਤੇ ਜਿਹੜੇ ਕੀੜੇ ਕੌਲੀਓਪਟਰਾ ਵਰਗ ਦੇ ਹਨ ਉਹਨਾਂ ਨੂੰ ਭੂੰਡੀ ਕਿਹਾ ਜਾਂਦਾ ਹੈ। ਇਹ ਕੀੜੇ ਸਟੋਰ ਕੀਤੀ ਕਣਕ, ਜਵਾਰ, ਚੌਲ, ਮੱਕੀ, ਜੌਂ ਅਤੇ ਦਾਲਾਂ ਨੂੰ ਭੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।ਹੇਠ ਦਰਸਾਈ ਸਾਰਣੀ ਵਿੱਚ ਸਟੋਰ ਕੀਤੇ ਦਾਣਿਆਂ ਨੂੰ ਨੁਕਸਾਨ ਕਰਨ ਵਾਲੇ ਕੀੜੇ ਅਤੇ ਉਹਨਾਂ ਦੇ ਨਿਸ਼ਾਨ ਚਿੰਨ੍ਹ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਰਣੀ 1 ਵਿੱਚ ਦਰਸਾਈ ਗਈ ਹੈ।

ਸਾਰਣੀ 1: ਭੰਡਾਰਣ ਸਮੇਂ ਦਾਣਿਆਂ ਉਪਰ ਆਉਣ ਵਾਲੇ ਕੀੜੇ, ਨੁਕਸਾਨ ਕਰਨ ਦੀ ਅਵਸਥਾ ਅਤੇ ਨਿਸ਼ਾਨ ਚਿੰਨ੍ਹ ਲੜੀ ਨੰ. ਕੀੜੇ ਦਾ ਨਾਮ ਨੁਕਸਾਨ ਕਰਨ ਦੀ ਅਵਸਥਾ ਮੇਜਬਾਨ ਦਾਣੇ ਨਿਸ਼ਾਨ ਚਿੰਨ੍ਹ

- Advertisement -

1. ਚੌਲਾਂ ਦੀ ਸੁੰਢ ਵਾਲੀ ਭੂੰਡੀ (ਸੁਸਰੀ) ਬਾਲਗ ਅਤੇ ਭੂੰਡੀ ਕਣਕ,ਚੌਲ, ਮੱਕੀ ਬਾਲਗ ਦਾਣਿਆਂ ਵਿੱਚ ਮੋਰੀਆਂ ਕਰਕੇ ਉਹਨਾਂ ਨੂੰ ਨਸ਼ਟ ਕਰਦੇ ਹਨ ਜਦਕਿ ਭੂੰਡੀ ਦਾਣਿਆਂ ਦਾ ਮਾਦਾ ਖਾਂਦੀ ਹੈ

2. ਖੱਪਰਾ ਭੂੰਡੀ ਭੂੰਡੀ ਕਣਕ,ਚੌਲ, ਮੱਕੀ, ਜਵਾਰ, ਦਾਲਾਂ, ਤੇਲਬੀਜ ਭੂੰਡੀ ਦਾਣਿਆਂ ਨੂੰ ਬਾਹਰ ਤੋਂ ਖਾਂਦੀ ਹੈ ਅਤੇ ਉਹਨਾਂ ਨੂੰ ਨਸ਼ਟ ਕਰ ਦਿੰਦੀ ਹੈ

3. ਲੈੱਸਰ ਗ੍ਰੇਨ ਬੋਰਰ (ਦਾਣਿਆਂ ਦਾ ਘੁੱਣ) ਬਾਲਗ ਅਤੇ ਭੂੰਡੀ ਕਣਕ, ਚੌਲ, ਮੱਕੀ ਭੂੰਡੀ ਵਾਧੂ ਆਟੇ ਦੇ ਉੱਤੇ ਵਧਦੀ-ਫੁੱਲਦੀ ਹੈ ਜੱਦਕਿ ਬਾਲਗ ਦਾਣਿਆਂ ਨੂੰ ਖਾ ਕੇ ਉਹਨਾਂ ਦਾ ਧੂੜਾ ਬਨਾ ਦਿੰਦੇ ਹਨ

4. ਆਟੇ ਦੀ ਲਾਲ ਸੁਸਰੀ ਬਾਲਗ ਅਤੇ ਭੂੰਡੀ ਟੁੱਟੇ ਦਾਣੇ ਅਤੇ ਮਿੱਲਡ ਪ੍ਰੋਡੈਕਟਸ ਬਾਲਗ ਅਤੇ ਭੂੰਡੀ ਟੁੱਟੇ ਹੋਏ ਦਾਣਿਆਂ ਅਤੇ ਆਟੇ ਨੂੰ ਬਹੁਤ ਨੁਕਸਾਨ ਕਰਦੇ ਹਨ

5. ਸਾਅ ਟੂਥਡ ਭੂੰਡੀ ਬਾਲਗ ਅਤੇ ਭੂੰਡੀ ਚੌਲ, ਕਣਕ, ਮੱਕੀ, ਅਨਾਜ ਤੋਂ ਬਣੇ ਪ੍ਰੋਡੈਕਟ, ਤੇਲਬੀਜ ਅਤੇ ਸੁੱਕੇ ਫਲ ਬਾਲਗ ਅਤੇ ਭੂੰਡੀ ਟੁੱਟੇ ਹੋਏ ਦਾਣਿਆਂ ਨੂੰ ਬਹੁਤ ਨੁਕਸਾਨ ਕਰਦੇ ਹਨ।

- Advertisement -

6. ਢੋਰਾ ਭੂੰਡੀ ਦਾਲਾਂ ਭੂੰਡੀ ਦਾਣਿਆਂ ਦੇ ਅੰਦਰ ਦਾ ਮਾਦਾ ਖਾਂਦੀ ਹੈ ਅਤੇ ਦਾਣਿਆਂ ਵਿੱਚ ਮੋਰੀਆਂ ਕਰ ਦਿੰਦੀ ਹੈ

7. ਐਂਗੂਮੋਆਈਸ ਦਾਣਿਆਂ ਦਾ ਪਤੰਗਾਂ ਸੁੰਡੀ ਕਣਕ,ਚੌਲ, ਮੱਕੀ, ਜਵਾਰ, ਬਾਜਰਾ ਸੁੰਡੀ ਦਾਣਿਆਂ ਦਾ ਸਾਰਾ ਮਾਦਾ ਖਾ ਕੇ ਇਸ ਦੇ ਅੰਦਰ ਵਾਲੀ ਮੋਰੀ ਨੂੰ ਨਿਕਾਸ ਪਦਾਰਥ ਨਾਲ ਭਰ ਦਿੰਦੀ ਹੈ ਜਿਸ ਕਾਰਨ ਦਾਣਿਆਂ ਵਿੱਚੋਂ ਬਦਬੂ ਆਉਂਦੀ ਹੈ।

8. ਚੌਲਾਂ ਦਾ ਪਤੰਗਾਂ ਸੁੰਡੀ ਚੌਲ, ਜਵਾਰ, ਮੋਟਾ ਅਨਾਜ, ਦਾਲਾਂ, ਤੇਲਬੀਜ, ਸੁੱਕੇ ਫੱਲ, ਮਸਾਲੇ ਅਤੇ ਦਾਣਿਆਂ ਦੇ ਮਿਲਿੱਡ ਪ੍ਰੋਡੇਕਟ ਛੋਟੀ ਸੁੰਡੀ ਟੁੱਟੇ ਹੋਏ ਦਾਣਿਆਂ ਨੂੰ ਖਾ ਕੇ ਇਹਨਾਂ ਦਾਣਿਆਂ ਨੂੰ ਨਿਕਾਸ ਪਦਾਰਥ ਅਤੇ ਰੇਸ਼ਮੀ ਧਾਗਿਆਂ ਨਾਲ ਜੋੜਦੀ ਹੈ

ਸਟੋਰ ਕੀਤੇ ਦਾਣਿਆਂ ਵਿੱਚ ਹੋਣ ਵਾਲੇ ਵੱਖ ਵੱਖ ਤਰ੍ਹਾਂ ਦੇ ਨੁਕਸਾਨ:- ਭੰਡਾਰਣ ਸਮੇਂ ਇਹ ਕੀੜੇ ਸਿੱਧੇ ਅਤੇ ਅਣਸਿੱਧੇ ਤਰੀਕੇ ਦੁਆਰਾ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਸਿੱਧੇ ਤੌਰ ਤੇ ਹੋਣ ਵਾਲੇ ਨੁਕਸਾਨ:- ਇਸ ਵਿੱਚ ਇਹ ਕੀੜੇ ਵੱਖ ਵੱਖ ਤਰੀਕੇ ਨਾਲ ਭੰਡਾਰ ਕੀਤੇ ਅਨਾਜ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੇ ਹਨ ਜਿਸ ਕਾਰਨ ਦਾਣਿਆਂ ਦਾ ਭਾਰ ਘੱਟ ਜਾਂਦਾ ਹੈ ਅਤੇ ਵਪਾਰਕ ਤੌਰ ਤੇ ਸਾਰਾ ਦਾਣਾ ਖਰਾਬ ਹੋ ਜਾਂਦਾ ਹੈ। ਕੀੜਿਆਂ ਦੇ ਹਮਲੇ ਕਾਰਨ ਅਨਾਜ ਦੇ ਪ੍ਰੋਟੀਨ, ਕਾਰਬੋਹਾਈਡ੍ਰੇਟ, ਅਮਾਈਨੋ ਐਸਿਡ, ਵਸਾ ਅਤੇ ਖਣਿਜ ਪਦਾਰਥਾਂ ਦੇ ਵਿੱਚ ਕੁਝ ਰਸਾਇਣਕ ਬਦਲਾਅ ਆਉਂਦੇ ਹਨ,ਜਿਸ ਕਾਰਨ ਦਾਣਿਆਂ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ।

ਅਣਸਿੱਧੇ ਤੌਰ ਤੇ ਹੋਣ ਵਾਲੇ ਨੁਕਸਾਨ:- ਅਣਸਿੱਧੇ ਤਰੀਕੇ ਵਿੱਚ ਖਾਣ ਵਾਲੇ ਦਾਣਿਆਂ ਵਿੱਚ ਜ਼ਿੰਦਾ ਕੀੜੇ, ਮਰੇ ਹੋਏ ਕੀੜੇ, ਕੀੜਿਆਂ ਦੀ ਕੁੰਜ, ਕੀੜਿਆਂ ਦੇ ਸ਼ਰੀਰ ਦੇ ਟੁਕੜਿਆਂ ਦਾ ਹੋਣਾ ਆਦਿ ਕਾਰਨ ਦਾਣਿਆਂ ਦੀ ਗੁਣਵਤਾ ਘਟਦੀ ਹੈ। ਕੀੜਿਆਂ ਵੱਲੋਂ ਖਾਦੇ ਦਾਣਿਆਂ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ, ਪੁੰਗਰਣ ਦੀ ਸ਼ਕਤੀ ਘੱਟ ਜਾਂਦੀ ਹੈ, ਬਿਮਾਰੀਆਂ ਲੱਗਦੀਆਂ ਹਨ ਅਤੇ ਨਤੀਜੇ ਵਜੋਂ ਦਾਣਿਆਂ ਦੀ ਬਜਾਰੂ ਕੀਮਤ ਵੀ ਘੱਟ ਜਾਂਦੀ ਹੈ।
ਰੋਕਥਾਮ ਦੇ ਤਰੀਕੇ: ਜੇਕਰ ਦੇਖਿਆ ਜਾਵੇ ਤਾਂ ਭੰਡਾਰ ਕੀਤੇ ਦਾਣਿਆਂ ਵਿੱਚ ਆਉਣ ਵਾਲੇ ਕੀੜਿਆਂ ਦਾ ਆਕਾਰ ਬਹੁਤ ਛੋਟਾ ਹੋਣ ਕਰਕੇ ਉਹ ਆਪਣੇ ਆਪ ਨੂੰ ਤਰੇੜਾਂ ਵਿੱਚ ਲੁਕੋ ਲੈਂਦੇ ਹਨ, ਵਧਣ ਦੀ ਸ਼ਕਤੀ ਜਿਆਦਾ ਹੋਣੀ, ਸ਼ਰੀਰ ਦੇ ਦੁਆਲੇ ਸਖਤ ਪਰਤ ਦਾ ਹੋਣਾ ਜੋ ਕੀਟਨਾਸ਼ਕ ਨੂੰ ਸ਼ਰੀਰ ਦੇ ਅੰਦਰ ਜਾਣ ਤੋਂ ਰੋਕਦੀ ਹੈ ਅਤੇ ਅਨੁਕੂਲ ਵਾਤਾਵਰਣ ਨਾ ਮਿਲਣ ਦੀ ਹਾਲਤ ਵਿੱਚ ਕੀੜਿਆਂ ਦਾ ਸੌ ਜਾਣਾ ਆਦਿ ਇਹਨਾਂ ਦੀ ਰੋਕਥਾਮ ਕਰਨ ਵਿੱਚ ਰੋਕਾਵਟ ਬਣਦੇ ਹਨ।ਇਹਨਾਂ ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਾਸਤੇ ਕਿਸਾਨਾਂ ਨੂੰ ਹੇਠ ਲਿਖੇ ਢੰਗ ਅਪਨਾਉਣੇ ਚਾਹੀਦੇ ਹਨ।

ਭੰਡਾਰ ਕੀਤੇ ਦਾਣਿਆਂ ਵਿੱਚ ਕੀੜਿਆਂ ਦੀ ਰੋਕਥਾਮ:- ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ:
ਗੁਦਾਮਾਂ/ ਸਟੋਰਾਂ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ ਅਤੇ ਕੂੜੇ ਨੂੰ ਸਾੜ ਕੇ ਜਾਂ ਜਮੀਨ ਵਿੱਚ ਦੱਬ ਕੇ ਨਸ਼ਟ ਕਰਨਾ ਚਾਹੀਦਾ ਹੈ। ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ, ਛਾਂਟ ਕੇ ਅਤੇ ਧੁੱਪੇ ਸੁਕਾ ਕੇ ਸੰਭਾਲਣਾ ਚਾਹੀਦਾ ਹੈ। ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ। ਨਵੇਂ ਦਾਣਿਆਂ ਨੂੰ ਸਾਫ ਗੁਦਾਮਾਂ ਜਾਂ ਭੜੋਲਿਆਂ ਵਿੱਚ ਸਟੋਰ ਕਰਨਾ ਚਾਹੀਦਾ ਹੈ।

ਪੁਰਾਣੇ ਅਤੇ ਨਵੇਂ ਦਾਣਿਆਂ ਨੂੰ ਆਪਸ ਵਿੱਚ ਨਾ ਮਿਲਾਓ, ਇਸ ਤਰ੍ਹਾਂ ਕਰਨ ਨਾਲ ਪੁਰਾਣੇ ਦਾਣਿਆਂ ਨੂੰ ਲੱਗੇ ਕੀੜੇ ਨਵੇਂ ਦਾਣਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਸਟੋਰਾਂ ਨੂੰ ਬਣਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਸਿੱਲ੍ਹ ਨੂੰ ਸਹਿਣ ਦੀ ਸ਼ਕਤੀ ਰੱਖਦੇ ਹੋਣ ਅਤੇ ਕੀਤੋਂ ਵੀ ਵਗਦੇ ਨਾ ਹੋਣ।
ਦਾਣੇ ਭਰਨ ਤੋਂ ਪਹਿਲਾਂ ਟੀਨ ਦੇ ਭੜੋਲੇ/ਡਰਮਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ 2-3 ਦਿਨ ਧੁੱਪੇ ਰੱਖ ਲਵੋ।
ਦਾਣੇ ਸਟੋਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਧੁੱਪੇ ਸੁਕਾਅ ਲਵੋ। ਫਿਰ ਠੰਡੇ ਕਰਕੇ ਸ਼ਾਮ ਨੂੰ ਢੋਲਾਂ ਵਿਚ ਪਾਓ। ਦਾਣਿਆਂ ਵਿਚ ਸਿੱਲ 9 ਫ਼ੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।

ਢੋਲਾਂ ਨੂੰ ਉਪਰ ਤੱਕ ਨੱਕੋ-ਨੱਕ ਭਰ ਕੇ, ਢੱਕਣ ਨੂੰ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ
ਪਹਿਲੇ 30 ਦਿਨ ਢੋਲਾਂ ਨੂੰ ਨਹੀਂ ਖੋਲਣਾ ਚਾਹੀਦਾ ਤੇ ਫਿਰ 15 ਦਿਨ ਦੇ ਵਕਫੇ ਤੇ ਖੋਲੋ ਅਤੇ ਦਾਣੇ ਕੱਢਣ ਤੋਂ ਬਾਅਦ ਤੁਰੰਤ ਬੰਦ ਕਰ ਦਵੋ।
ਦਾਣਿਆਂ ਦੇ ਭੰਡਾਰਣ ਲਈ ਹਮੇਸ਼ਾਂ ਨਵੀਆਂ ਬੋਰੀਆਂ ਦਾ ਇਸਤਮਾਲ ਕਰਨਾ ਚਾਹੀਦਾ ਹੈ।

ਖਾਲੀ ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਵਾਸਤੇ 100 ਮਿਲੀਲਿਟਰ ਸਾਇਥੀਅਨ (ਮੈਲਾਥੀਅਨ ਪ੍ਰੀਮੀਅਮ ਗਰੇਡ) 50 ਤਾਕਤ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ, ਕੰਧਾਂ ਤੇ ਫਰਸ਼ ਤੇ ਛਿੜਕਾ ਕਰਨਾ ਚਾਹੀਦਾ ਹੈ। ਜਾਂ ਇਹਨਾਂ ਗੁਦਾਮਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਵਾਸਤੇ 25 ਗੋਲੀਆਂ ਐਲੂਮੀਨੀਅਮ ਫ਼ਾਸਫਾਈਡ ਪ੍ਰਤੀ 100 ਘਣ ਮੀਟਰ ਥਾਂ ਤੇ ਹਿਸਾਬ ਨਾਲ ਹਵਾ ਬੰਦ ਕਮਰੇ ਵਿੱਚ ਧੂਣੀ ਦਿਉ।ਧੂਣੀ ਦੇਣ ਤੋਂ ਬਾਅਦ ਕਮਰੇ ਨੂੰ 7 ਦਿਨ ਤੱਕ ਨਾ ਖੋਲੋ। ਜੇਕਰ ਦਾਣਿਆਂ ਨੂੰ ਖਪਰਾ ਭੂੰਡੀ ਲੱਗੀ ਹੋਵੇ ਤਾਂ ਇਹਨਾਂ ਗੁਦਾਮਾਂ ਵਿਚ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁਗਣੀ ਕਰ ਦਵੋ। ਸਟੋਰ ਕੀਤੀਆਂ ਦਾਲਾਂ ਨੂੰ ਢੋਰੇ ਤੋਂ ਬਚਾਉਣ ਵਾਸਤੇ ਉਹਨਾਂ ਉਪਰ 7 ਸੈਂਟੀਮੀਟਰ ਰੇਤ ਜਾਂ ਲੱਕੜੀ ਦੇ ਬੂਰੇ ਦੀ ਤਹਿ ਵਿਛਾ ਦਵੋ।

ਉਪਰੋਕਤ ਦਰਸਾਏ ਤਰੀਕੇ ਅਪਨਾਉਣ ਤੋਂ ਬਾਅਦ ਵੀ ਜੇਕਰ ਕੀੜਾ ਰਹਿ ਜਾਵੇ ਤਾਂ ਹੇਠ ਲਿਖਿਆ ਤਰੀਕਾ ਅਪਨਾਓ

ਕੀੜੇ ਲੱਗੇ ਦਾਣਿਆਂ ਦਾ ਇਲਾਜ- ਦਾਣਿਆਂ ਨੂੰ ਕੀੜਿਆਂ ਤੋਂ ਬਚਾਉਣ ਲਈ ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੁਮੀਨੀਅਮ ਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇੱਕ ਗੋਲੀ ਇੱਕ ਟਨ ਦਾਣਿਆਂ ਲਈ ਵਰਤੋ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤ ਕੇ ਹਵਾ ਬੰਦ ਕਮਰੇ ਵਿੱਚ ਧੂਣੀ ਦਵੋ।ਧੂਣੀ ਦੇਣ ਤੋਂ ਬਾਅਦ ਕਮਰੇ ਨੂੰ ਸੱਤ ਦਿਨ ਤੱਕ ਹਵਾ ਬੰਦ ਰੱਖੋ।
ਕੁਝ ਧਿਆਨ ਦੇਣ ਯੋਗ ਗੱਲਾਂ

ਗੁਦਾਮਾਂ/ਭੜੋਲਿਆਂ ਵਿੱਚ ਕੀੜਿਆਂ ਦੀ ਰਕੋਥਾਮ ਵਾਸਤੇ ਹਮੇਸ਼ਾਂ ਸਿਫਾਰਸ਼ ਸ਼ੁਦਾ ਕੀਟਨਾਸ਼ਕਾਂ ਦੀ ਵਰਤੋ ਕਰਨੀ ਚਾਹੀਦੀ ਹੈ।
ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਕੇਵਲ ਹਵਾ ਬੰਦ ਗੁਦਾਮਾਂ ਵਿੱਚ ਹੀ ਕਰੋ ਜਾਂ ਅਨਾਜ ਨੂੰ ਤਰਪਾਲ ਦੇ ਚਾਰੇ ਪਾਸੇ ਬੰਦ ਕਰਕੇ ਇੱਕ ਪਾਸੇ ਤੋਂ ਦਵਾਈ ਵਰਤੋ।ਇਹਨਾਂ ਦਵਾਈਆਂ ਦੀ ਵਰਤੋਂ ਤਜਰਬੇਕਾਰ ਆਦਮੀ ਨੂੰ ਹੀ ਕਰਨੀ ਚਾਹੀਦੀ ਹੈ ਕਿਉਂ ਕਿ ਇਹ ਦਵਾਈਆਂ ਬਹੁਤ ਜ਼ਹਿਰੀਲੀਆਂ ਹਨ।
ਐਲੂਮੀਨੀਅਮ ਫਾਸਫਾਈਡ ਦੀ ਵਰਤੋਂ, ਰਹਿਣ ਵਾਲੇ ਮਕਾਨਾਂ ਵਿੱਚ ਬਿਲਕੁਲ ਨਾ ਕਰੋ। ਇਹਨਾਂ ਦੀ ਵਰਤੋਂ ਰਹਿਣ ਵਾਲੇ ਮਕਾਨਾਂ ਨਾਲ ਲੱਗਦੇ ਗੁਦਾਮਾਂ ਵਿੱਚ ਕਰਨੀ ਵੀ ਖਤਰਨਾਕ ਹੋ ਸਕਦੀ ਹੈ।

ਸਟੋਰ ਕੀਤੇ ਦਾਣਿਆਂ ਨੂੰ ਗਾਹੇ ਬਗਾਹੇ ਦੇਖਦੇ ਰਹਿਣਾ ਚਾਹੀਦਾ ਹੈ। ਘਰੇਲੂ ਵਰਤੋਂ ਲਈ ਕਣਕ ਦਾ ਭੰਡਾਰ ਕਰਨ ਦੀ ਵੱਖ-ਵੱਖ ਸਮਰੱਥਾ ਵਾਲੇ ਢੋਲ ਮਿਲਦੇ ਹਨ। ਘਰੇਲੂ ਵਰਤੋਂ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਆਰ ਕੀਤੇ ਨਕਸ਼ਿਆਂ ਤੇ 1.5, 3.5 ਜਾਂ ਸਾਢੇ 7 ਤੋਂ 15 ਕੁਇੰਟਲ ਦਾਣਿਆਂ ਲਈ ਲੋਹੇ ਦੇ ਭੜੋਲੇ ਮਿਲਦੇ ਹਨ। ਇਹ ਹਵਾ ਰਹਿਤ ਢੋਲ ਇਸ ਤਰ੍ਹਾਂ ਬਣਾਏ ਗਏ ਹਨ ਕਿ ਇਨ੍ਹਾਂ ਵਿਚ ਅਨਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਮਕੌੜੇ, ਚੂਹੇ ਆਦਿ ਦਾਖ਼ਲ ਨਹੀਂ ਹੋ ਸਕਦੇ ਅਤੇ ਅਨਾਜ ਦੇ ਅੰਦਰ ਰਹਿ ਗਏ ਕੀਟਾਂ ਨੂੰ ਵਧਣ ਫੁਲਣ ਲਈ ਯੋਗ ਵਾਤਾਵਰਣ ਨਹੀਂ ਮਿਲਦਾ। ਇਹ ਸਸਤੇ ਪੈਂਦੇ ਹਨ ਤੇ ਬਣਤਰ ਵਿਚ ਵੀ ਸਾਦੇ ਹੀ ਹੁੰਦੇ ਹਨ।ਇਹਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਵੀ ਅਸਾਨ ਹੈ।

ਵਪਾਰਕ ਮੰਤਵ ਲਈ ਕਣਕ ਨੂੰ ਸਟੋਰ ਕਰਨ ਲਈ ਕਿਸਾਨਾਂ ਨੂੰ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ, ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ ਤੇ ਉਹਨਾਂ ਦੇ ਸਥਾਨਕ ਦਫਤਰ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਸ ਤਰ੍ਹਾਂ ਜੇਕਰ ਕਿਸਾਨ ਵੀਰ ਲੇਖ ਵਿੱਚ ਦਰਸਾਏ ਦਾਣੇ ਸਟੋਰ ਕਰਨ ਲਈ ਸਰਵਪੱਖੀ ਢੰਗ ਅਪਨਾਉਂਦੇ ਹਨ ਤਾਂ ਦਾਣਿਆਂ ਨੂੰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ।

(ਪ੍ਰੋਸੈਸਿੰਗ ਅਤੇ ਫੂਡ ਇੰਜੀਨਿਅਰਿੰਗ ਵਿਭਾਗ ਤੇ ਕੀਟ ਵਿਗਿਆਨ ਵਿਭਾਗ)*

Share this Article
Leave a comment