ਦੇਸ਼ ਭਗਤ ਸੂਫੀ ਅੰਬਾ ਪ੍ਰਸਾਦ : ਹਿੰਦੂ ਮੁਸਲਿਮ ਏਕਤਾ ਦੇ ਹਾਮੀ

TeamGlobalPunjab
4 Min Read

 -ਅਵਤਾਰ ਸਿੰਘ

ਸੂਫੀ ਅੰਬਾ ਪ੍ਰਸਾਦ ਨੇ ਦੇਸ ਭਗਤਾਂ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ ਜੀ), ਲਾਲ ਚੰਦ ਫਲਕ, ਲਾਲਾ ਲਾਜਪਤ ਰਾਏ ਨਾਲ ਮਿਲ ਕੇ ਭਾਰਤ ਮਾਤਾ ਸੁਸਾਇਟੀ ਦਾ ਗਠਨ ਕੀਤਾ ਸੀ। ਉਹਨਾਂ ਦਾ ਜਨਮ 1857 ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਹੋਇਆ। ਐਫ ਏ ਪਾਸ ਕਰਨ ਮਗਰੋਂ ਉਹਨਾਂ ਵਕਾਲਤ ਕੀਤੀ ਪਰ ਪੂਰੀ ਨਾ ਕੀਤੀ।

1890 ਵਿੱਚ ਉਹਨਾਂ ਉਰਦ ਹਫ਼ਤਾਵਾਰੀ ‘ਜਾਮਿਯੂਲ ਇਲਮ’ ਪਰਚਾ ਛਾਪਣਾ ਸ਼ੁਰੂ ਕੀਤਾ। ਉਹਨਾਂ ਦਾ ਹਰ ਸ਼ਬਦ ਸੂਫੀ ਜੀ ਦੀ ਅੰਦਰੂਨੀ ਅਵਸਥਾ ਦੀ ਜਾਣਕਾਰੀ ਪਛਾਣ ਕਰਵਾਉਂਦਾ। ਉਹ ਹਾਸ-ਰਾਸ ਦੇ ਪ੍ਰਸਿੱਧ ਲੇਖਕ ਸਨ, ਪਰਤੂੰ ਉਹਨਾਂ ਵਿੱਚ ਗੰਭੀਰਤਾ ਵੀ ਘੱਟ ਨਹੀਂ ਸੀ। ਉਹ ਹਿੰਦੂ ਮੁਸਲਮ ਏਕਤਾ ਦੇ ਹਾਮੀ ਸਨ। ਉਹਨਾਂ ਦਾ ਪਰਚਾ ਏਨਾ ਹਰਮਨ ਪਿਆਰਾ ਸੀ ਕਿ ਡਾਕ ਵਾਲੇ ਰਾਹ ਵਿੱਚ ਹੀ ਚੋਰੀ ਕਰ ਲੈਂਦੇ।

1897 ਵਿੱਚ ਉਹਨਾਂ ਉਤੇ ਦੇਸ਼ ਧ੍ਰੋਹ ਦਾ ਦੋਸ਼ ਲਾ ਕੇ ਮੁਕੱਦਮਾ ਚਲਾਇਆ ਗਿਆ ਤੇ ਉਹਨਾਂ ਨੂੰ ਡੇਢ ਸਾਲ ਦੀ ਸ਼ਜਾ ਹੋਈ। ਕੁਝ ਚਿਰ ਬਾਅਦ ਇਕ ਫਰਜ਼ੀ ਕੇਸ ਵਿਚ ਉਹਨਾਂ ਦੀ ਜਾਇਦਾਦ ਜ਼ਬਤ ਕਰਕੇ ਛੇ ਸਾਲ ਦੀ ਸ਼ਜਾ ਦਿੱਤੀ ਗਈ। ਜੇਲ੍ਹ ਵਿੱਚ ਭਾਰੀ ਤਸ਼ੱਦਦ ਦੇ ਬਾਵਜੂਦ ਉਹ ਕਦੇ ਵੀ ਥਿੜਕੇ ਨਹੀਂ। 22 ਮਾਰਚ 1907 ਨੂੰ ਲਾਇਲਪੁਰ ਫੈਸਲਾਬਾਦ ਵਿਖੇ ਅਜੀਤ ਸਿੰਘ, ਲਾਲਾ ਲਾਜਪਤ ਰਾਏ, ਬਾਂਕੇ ਦਿਆਲ, ਸਯਦ ਆਗਾ ਹੈਦਰ, ਸੂਫੀ ਆਦਿ ਨੇ ਸਰਕਾਰੀ ਟੈਕਸਾਂ ਤੇ ਨੀਤੀਆਂ ਖਿਲਾਫ ਰੋਸ ਮੁਜਹਾਰੇ ਕੀਤਾ, ਜਿਥੇ ਸ਼ਾਇਰ ਬਾਂਕੇ ਦਿਆਲ ਬਿਹਾਰੀ ਨੇ ਨਜ਼ਮ ਪੜ੍ਹੀ “ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਉਏ।’ ਉਥੋਂ ਹੀ ਇਸ ਲਹਿਰ ਦਾ ਨਾਂ ਪਗੜੀ ਸੰਭਾਲ ਜੱਟਾ ਲਹਿਰ ਪੈ ਗਿਆ।

- Advertisement -

ਮਈ 1907 ਵਿਚ ਲਾਲਾ ਹਰਦਿਆਲ ਤੇ ਚਾਚਾ ਅਜੀਤ ਸਿੰਘ ਦੇ ਵਾਰੰਟ ਕੱਢ ਦਿੱਤੇ ਗਏ। ਪੰਜਾਬ ਵਿੱਚ ਫੜੋ ਫੜੀ ਹੋਣ ਕਾਰਨ ਅਜੀਤ ਸਿੰਘ ਦੇ ਭਰਾ ਕਿਸ਼ਨ ਸਿੰਘ ਅਤੇ ਭਾਰਤ ਮਾਤਾ ਸੁਸਾਇਟੀ ਦੇ ਜਨਰਲ ਸਕੱਤਰ ਮਹਾਸ਼ਾ ਨੰਦ ਕਿਸ਼ੋਰ ਨਾਲ ਸੂਫੀ ਵੀ ਨੇਪਾਲ ਚਲੇ ਗਏ। ਸੂਫੀ ਨੂੰ ਉਥੋਂ ਦੇ ਗਵਰਨਰ ਮਾਨ ਜੰਗ ਬਹਾਦਰ ਨੂੰ ਸ਼ਰਨ ਦੇਣ ਕਰਕੇ ਸ਼ਜਾ ਭੁਗਤਣੀ ਪਈ। ਉਸਦੀ ਜਾਇਦਾਦ ਜ਼ਬਤ ਕਰ ਲਈ ਗਈ। ਇਸੇ ਸਾਲ ਲੋਕ ਮਾਨਿਆ ਤਿਲਕ ਨੂੰ ਛੇ ਸਾਲ ਦੀ ਸਜਾ ਹੋਈ।

ਉਦੋਂ ਦੇਸ਼ ਭਗਤ ਮੰਡਲ ਦੇ ਸਾਰੇ ਮੈਂਬਰ ਭਗਵੇਂ ਕੱਪੜੇ ਪਾ ਕੇ ਸਾਧੂ ਬਣ ਗਏ ਤੇ ਪਹਾੜਾਂ ਨੂੰ ਚਲੇ ਗਏ। ਉਹਨਾਂ 1909 ਵਿਚ ‘ਪੇਸ਼ਾਵਾ ਅਖਬਾਰ’ ਕੱਢਿਆ ਉਹਨੀ ਦਿਨੀ ਬੰਗਾਲ ਵਿਚ ਇਨਕਲਾਬੀ ਅੰਦੋਲਨ ਨੇ ਸਰਗਰਮੀ ਫੜੀ ਸੀ। ਅੰਗਰੇਜ਼ ਸਰਕਾਰ ਨੇ ਡਰ ਕੇ ਕਿਤੇ ਅਜਿਹਾ ਅੰਦੋਲਨ ਪੰਜਾਬ ਵਿੱਚ ਸ਼ੁਰੂ ਨਾ ਹੋ ਜਾਵੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ।

ਅੰਬ ਪ੍ਰਸਾਦ ਸੂਫੀ, ਅਜੀਤ ਸਿੰਘ ਤੇ ਜ਼ਿਆ-ਉਲ-ਹੱਕ ਈਰਾਨ ਚਲੇ ਗਏ। ਉਹ ਸਰਕਾਰ ਨੂੰ ਭੁਲੇਖਾ ਪਾਉਣ ਲਈ ‘ਪੇਸ਼ਵਾ’ ਅਖਬਾਰ ਵਾਸਤੇ ਲੇਖ ਲਿਖ ਕੇ ਰੱਖ ਗਏ, ਤਾਂ ਜੋ ਅਖਬਾਰ ਚਲਦਾ ਵੇਖ ਕੇ ਸ਼ੱਕ ਨਾ ਹੋਵੇ। ਜ਼ਿਆ-ਉਲ-ਹੱਕ ਉਹਨਾਂ ਨੂੰ ਫੜਾਉਣ ਦੇ ਲਾਲਚ ਵਿਚ ਉਹ ਆਪ ਹੀ ਫੜਿਆ ਗਿਆ।ਅੰਗਰੇਜ਼ਾਂ ਨੇ ਈਰਾਨ ਵਿਚ ਬਹੁਤ ਖੋਜ ਕੀਤੀ ਪਰ ਉਹ ਹੱਥ ਨਾ ਆਏ। ਇਕ ਥਾਂ ‘ਤੇ ਉਹ ਘੇਰੇ ਜਾਣ ‘ਤੇ ਉਥੋਂ ਦੇ ਊਠਾਂ ਦੇ ਵਪਾਰੀਆਂ ਨੇ ਊਠਾਂ ਦੇ ਉਪਰ ਲੱਦੇ ਸੰਦੂਕਾਂ ਵਿਚ ਇਕ ਪਾਸੇ ਅਜੀਤ ਸਿੰਘ ਤੇ ਦੂਜੇ ਪਾਸੇ ਸੂਫੀ ਜੀ ਨੂੰ ਬੰਦ ਕਰਕੇ ਉਥੋਂ ਬਚਾ ਕੇ ਕੱਢਿਆ। ਉਥੇ ਖਤਰਾ ਘੱਟ ਹੋਣ ‘ਤੇ ‘ਆਬੇ ਹਯਾਤ’ ਨਾਂ ਦਾ ਪਰਚਾ ਕੱਢਿਆ ਤੇ ਕਈ ਕਿਤਾਬਾਂ ਲਿਖੀਆਂ ਜੋ ਫਾਰਸੀ ਭਾਸ਼ਾ ਵਿਚ ਸਨ। ਅਜੀਤ ਸਿੰਘ ਉਥੋਂ ਤੁਰਕੀ ਚਲਾ ਗਿਆ। 1915 ਨੂੰ ਈਰਾਨ ਦੇ ਸ਼ਹਿਰ ਸ਼ੀਰਾਜ ਨੂੰ ਘੇਰਾ ਪਾ ਕੇ ਸੂਫੀ ਜੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਉਹਨਾਂ ਦਾ ਕੋਰਟ ਮਾਰਸ਼ਲ ਕਰਕੇ ਮੌਤ ਦੀ ਸ਼ਜਾ ਸੁਣਾਈ ਗਈ। ਜਦ ਉਹਨਾਂ ਨੂੰ ਦੱਸਿਆ ਗਿਆ ਕਿ ਕੱਲ੍ਹ ਤੁਹਾਨੂੰ ਗੋਲੀ ਨਾਲ ਉਡਾ ਦਿੱਤਾ ਜਾਵੇਗਾ ਤਾਂ ਸਵੇਰ ਸਮੇਂ ਵੇਖਿਆ ਗਿਆ ਕਿ ਉਹ 21 ਜਨਵਰੀ ,1917 ਪਹਿਲਾਂ ਹੀ ਸਦਾ ਲਈ ਜਾ ਚੁੱਕੇ ਸਨ।

ਉਹ ਯੋਗ ਅਭਿਆਸ ਦੇ ਆਸਨ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਦੇ ਜਨਾਜੇ ਵਿਚ ਈਰਾਨੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਸਨ। ਉਥੇ ਉਹਨਾਂ ਦੀ ਕਬਰ ਬਣਾਈ ਗਈ ਤੇ ਹਰ ਸਾਲ 21 ਜਨਵਰੀ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ। ਇਹਨਾਂ ਦੇਸ਼ ਭਗਤਾਂ ਨੂੰ ਹਮੇਸ਼ਾ ਸਿਜਦਾ ਕਰਨਾ ਬਣਦਾ ਹੈ।

Share this Article
Leave a comment