ਕਰੋਨਾ ਵਾਇਰਸ : ਚੀਨ ਨੂੰ ਭੁਗਤਣੇ ਪੈਣਗੇ ਇਸ ਮਹਾਂਪਾਪ ਦੇ ਨਤੀਜੇ

TeamGlobalPunjab
4 Min Read

-ਅਸ਼ਵਨੀ ਚਤਰਥ

ਕੁਦਰਤ ਅਤੇ ਮਨੁੱਖ ਦਾ ਆਦਿ ਕਾਲ ਤੋਂ ਹੀ ਸਾਥ ਰਿਹਾ ਹੈ। ਕੁਦਰਤ ਸ਼ੁਰੂ ਤੋਂ ਹੀ ਮਨੁੱਖ ਨੂੰ ਦਾਤਾਂ ਤੇ ਨੇਮਤਾਂ ਨਾਲ ਨਿਵਾਜਦੀ ਰਹੀ ਹੈ ਪਰ ਮਨੁੱਖ ਹੈ ਕਿ ਕੁਦਰਤ ਪ੍ਰਤੀ ਸਦਾ ਲਾਲਚੀ ਤੇ ਖ਼ੁਦਗਰਜ਼ ਹੀ ਰਿਹਾ ਹੈ। ਉਸਨੇ ਕੁਦਰਤੀ ਸਾਧਨਾਂ ‘ਤੇ ਕਾਬਜ਼ ਹੋਣ ਅਤੇ ਆਪਣੇ ਸੁਆਰਥ ਲਈ ਇਨ੍ਹਾਂ ਦੀ ਦੁਰਵਰਤੋਂ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕੀਤਾ ਹੈ। ਯੁਗ ਅਤੇ ਸਦੀ ਚਾਹੇ ਕੋਈ ਵੀ ਹੋਵੇ ਉਹ ਹਮੇਸ਼ਾ ਹੀ ਸੱਤਾ ਸੁੱਖ ਭੋਗਣ ਲਈ ਦੂਜੇ ਮਨੁੱਖਾਂ ਅਤੇ ਕੁਦਰਤੀ ਸ੍ਰੋਤਾਂ ਦਾ ਵਿਨਾਸ਼ ਕਰਦਾ ਆਇਆ ਹੈ।

ਮੈਸੀਡੋਨੀਆ ਤੋਂ ਆਇਆ ਸਿਕੰਦਰ ਹੋਵੇ, ਸਮਰਾਟ ਅਸ਼ੋਕ ਹੋਵੇ, ਮਹਾਂਭਾਰਤ ਦਾ ਦੁਰਯੋਧਨ ਜਾਂ ਮੁਗਲ ਸ਼ਾਸਕ ਹੋਣ ਸਭ ਨੇ ਹੀ ਸੱਤਾ ਦੀ ਭੁੱਖ ਪੂਰੀ ਕਰਨ ਲਈ ਹਜ਼ਾਰਾਂ ਨਿਰਦੋਸ਼ਾਂ ਦੀਆਂ ਜਾਨਾਂ ਲੈ ਲਈਆਂ ਸਨ। ਹਿਟਲਰ ਅਤੇ ਸਟਾਲਿਨ ਨੇ ਵੀ ਮਨੁੱਖਤਾ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਬੀਤੇ ਸੱਤਰ ਸਾਲ ਤੋਂ ਅਮਰੀਕਾ ,ਚੀਨ ਅਤੇ ਰੂਸ ਕੌਮਾਂਤਰੀ ਥਾਣੇਦਾਰੀ ਹਾਸਿਲ ਕਰਨ ਦੀ ਦੌੜ ਵਿੱਚ ਪ੍ਰਮਾਣੂ ਹਥਿਆਰ, ਖ਼ਤਰਨਾਕ ਮਿਜ਼ਾਇਲਾਂ ਅਤੇ ਜੈਵਿਕ ਹਥਿਆਰ ਬਣਾਉਣ ਵਿੱਚ ਲੱਗੇ ਹੋਏ ਹਨ ਜਿਸ ਨਾਲ ਨਾ ਤਾਂ ਕਦੇ ਮਾਨਵਤਾ ਦਾ ਭਲਾ ਹੋਇਆ ਹੈ ਤੇ ਨਾ ਹੀ ਹੋ ਸਕਦਾ ਹੈ।

ਕਰੋਨਾ ਵਾਇਰਸ ਜਿਸਨੂੰ ਕੋਵਿਡ-19 ਦਾ ਨਾਂ ਦਿੱਤਾ ਗਿਆ ਹੈ ਅਸਲ ਵਿੱਚ ਸੁਪਰਪਾਵਰ ਦਾ ਤਾਜ ਆਪਣੇ ਮੱਥੇ ਸਜਾਉਣ ਦੇ ਲਾਲਚੀ ਮੁਲਕਾਂ ਵੱਲੋਂ ਮਨੁੱਖਤਾ ‘ਤੇ ਕੀਤੇ ਗਏ ਘਾਤਕ ਵਾਰ ਦਾ ਤਾਜ਼ਾ ਪ੍ਰਮਾਣ ਹੈ। ਚੀਨ ਦੀ ਵੁਹਾਨ ਲੈਬ ਤੋਂ ਨਿਕਲ ਕੇ ਇਸ ਵਾਇਰਸ ਦੇ ਦੁਨੀਆ ਭਰ ਵਿੱਚ ਫੈਲਣ ਅਤੇ ਤਬਾਹੀ ਮਚਾਉਣ ਦੇ ਚਰਚੇ ਹਨ ਜਦੋਂ ਕਿ ਚੀਨ ਚਮਗਾਦੜਾਂ ਦੀ ਇੱਕ ਵਿਸ਼ੇਸ਼ ਪ੍ਰਜਾਤੀ ਦੇ ਮੱਥੇ ਇਸ ਵਾਇਰਸ ਨੂੰ ਫੈਲਾਉਣ ਦਾ ਦੋਸ਼ ਮੜ੍ਹ ਰਿਹਾ ਹੈ। ਕਰੋਨਾ ਵਾਇਰਸ ਦੀ ਮਾਰ ਕਰਕੇ ਤ੍ਰਾਹ-ਤ੍ਰਾਹ ਕਰ ਰਹੇ ਅਮਰੀਕਾ ਅਤੇ ਹੋਰ ਪੱਛਮੀ ਮੁਲਕ ਇਸ ਵਾਇਰਸ ਨੂੰ ਚੀਨ ਦੀ ਲੈਬ ਵਿੱਚ ਜਨਮੇ ਹੋਣ ਦਾ ਇਲਜ਼ਾਮ ਲਗਾ ਰਹੇ ਹਨ।

- Advertisement -

ਅਮਰੀਕਾ ਤਾਂ ਵਿਸ਼ਵ ਸਿਹਤ ਸੰਗਠਨ ਉੱਤੇ ਚੀਨ ਦੇ ਪਿੱਠੂ ਹੋਣ ਦਾ ਦੋਸ਼ ਲਗਾ ਕੇ ਅਮਰੀਕਾ ਵੱਲੋਂ ਦਿੱਤੀ ਜਾਂਦੀ ਵਿੱਤੀ ਮਦਦ ਵੀ ਬੰਦ ਕਰ ਚੁੱਕਾ ਹੈ। ਹੋਰ ਤਾਂ ਹੋਰ ਅਮਰੀਕਾ ਅਤੇ ਕੁਝ ਹੋਰ ਮੁਲਕ ਚੀਨ ਕੋਲੋਂ ਇਸ ਮਹਾਂਮਾਰੀ ਨੂੰ ਫੈਲਾਉਣ ਦਾ ਹਰਜਾਨਾ ਵਸੂਲਣ ਦੀਆਂ ਗੱਲਾਂ ਵੀ ਕਰਨ ਲੱਗ ਪਏ ਹਨ।

ਕਰੋਨਾ ਵਾਇਰਸ ਸਬੰਧੀ ਸ਼ੱਕ ਦੀ ਸੂਈ ਚੀਨ ‘ਤੇ ਜਾਣ ਦੇ ਕਈ ਠੋਸ ਕਾਰਨ ਮੌਜੂਦ ਹਨ। ਚੀਨ ਵਿੱਚੋਂ ਉਪਜਣ ਵਾਲੇ ਇਸ ਵਾਇਰਸ ਨੇ ਸਭ ਤੋਂ ਘੱਟ ਨੁਕਸਾਨ ਚੀਨ ਵਿੱਚ ਕੀਤਾ ਤੇ ਖ਼ਾਸ ਕਰਕੇ ਵੁਹਾਨ ਤੋਂ ਕੁਝ ਕੁ ਸੌ ਕਿਲੋਮੀਟਰ ਦੂਰ ਬੀਜਿੰਗ ਵਰਗੇ ਸ਼ਹਿਰਾਂ ਵਿੱਚ ਕਰੋਨਾ ਦਾ ਪ੍ਰਭਾਵ ਨਾਂਮਾਤਰ ਰਿਹਾ ਜਦੋਂ ਕਿ ਹਜ਼ਾਰਾਂ ਮੀਲ ਦੂਰ ਇਟਲੀ, ਜਰਮਨੀ, ਫ਼ਰਾਂਸ, ਸਪੇਨ ਅਤੇ ਹੋਰ ਮੁਲਕਾਂ ਵਿੱਚ ਇਸ ਵਾਇਰਸ ਨੇ ਲੱਖਾਂ ਜਾਨਾਂ ਲੈ ਲਈਆਂ ਤੇ ਲੱਖਾਂ ਮਨੁੱਖਾਂ ਨੂੰ ਮੌਤ ਦੇ ਮੁਹਾਣੇ ‘ਤੇ ਖੜਾ ਕਰ ਦਿੱਤਾ।

ਇੱਥੇ ਹੀ ਬਸ ਨਹੀਂ ਕਰੋਨਾ ‘ਤੇ ਕਾਬੂ ਪਾਉਣ ਦਾ ਢੋਂਗ ਰਚ ਕੇ ਚੀਨ ਨੇ ਨਾ ਸਿਰਫ਼ ਵਿਸ਼ਵ ਸਿਹਤ ਸੰਗਠਨ ਤੋਂ ਫ਼ੋਕੀ ਵਾਹ ਵਾਹ ਬਟੋਰੀ ਸਗੋਂ ਉਸ ਵਕਤ ਆਪਣੀਆਂ ਫ਼ੈਕਟਰੀਆਂ ਚਾਲੂ ਕਰਨ ਦਾ ਐਲਾਨ ਕਰ ਦਿੱਤਾ ਜਦੋਂਕਿ ਸਮੁੱਚੀ ਦੁਨੀਆ ਵਿੱਚ ਲਾਕਡਾਊਨ ਲੱਗਾ ਹੋਇਆ ਹੈ। ਚੀਨੀ ਕੰਪਨੀਆਂ ਨੇ ਦਿਨਾਂ ਵਿੱਚ ਹੀ ਇੰਨੇ ਮਾਸਕ, ਦਸਤਾਨੇ, ਪੀ.ਪੀ.ਈ.ਕਿੱਟਾਂ ਅਤੇ ਵੈਂਟੀਲੇਟਰ ਤਿਆਰ ਕਰ ਲਏ ਕਿ ਘਰੇਲੂ ਖਪਤ ਨੂੰ ਪੂਰਾ ਕਰਨ ਪਿੱਛੋਂ ਪੂਰੀ ਦੁਨੀਆ ਵਿੱਚ ਉਕਤ ਚੀਜ਼ਾਂ ਸਪਲਾਈ ਕਰਕੇ ਚੀਨ ਕਮਾਈ ਵੀ ਕਰਨ ਲੱਗ ਪਿਆ।

ਦੁਨੀਆ ਭਰ ਵਿੱਚ ਪਸਰੇ ਇੰਨੇ ਭਿਆਨਕ ਹਾਲਾਤਾਂ ਦੇ ਬਾਵਜੂਦ ਚੀਨ ਨੇ ਪੂਰੀ ਬੇਸ਼ਰਮੀ ਵਿਖ਼ਾਉਂਦਿਆਂ ਘਟੀਆ ਕਿਸਮ ਦਾ ਸਮਾਨ ਵੀ ਸਪਲਾਈ ਕਰ ਦਿੱਤਾ ਜੋ ਕਿ ਭਾਰਤ ਅਤੇ ਅਮਰੀਕਾ ਸਮੇਤ ਕਈ ਮੁਲਕਾਂ ਨੇ ਵਾਪਿਸ ਮੋੜ ਦਿੱਤਾ ਹੈ। ਪੂਰੀ ਦੁਨੀਆਂ ਦੇ ਕਰੋਨਾ ਪੀੜਤ ਮੁਲਕ ਹੁਣ ਚੀਨ ਖ਼ਿਲਾਫ਼ ਘੇਰਾਬੰਦੀ ਕਰਨ ਅਤੇ ਉਸ ਨਾਲ ਲੈਣ-ਦੇਣ ਕਰਨ ‘ਤੇ ਪਾਬੰਦੀਆਂ ਲਗਾਉਣ ਦੇ ਹੱਕ ਵਿੱਚ ਆਵਾਜ਼ ਚੁੱਕਨ ਲੱਗ ਪਏ ਹਨ। ਲਗਦਾ ਹੈ ਕਿ ਉਹ ਦਿਨ ਛੇਤੀ ਹੀ ਆ ਸਕਦੇ ਹਨ ਜਦੋਂ ਪੂਰੀ ਦੁਨੀਆਂ ਨੂੰ ਖ਼ੂਨ ਦੇ ਹੰਝੂ ਰੁਆਉਣ ਵਾਲਾ ਚੀਨ ਆਪਣੀ ਆਰਥਿਕ ਤਬਾਹੀ ਦੇ ਕਾਰਨ ਕਈ ਦਹਾਕਿਆਂ ਤੱਕ ਆਪਣੀ ਗ਼ਲਤੀ ਦੀ ਸਜ਼ਾ ਮਹਿਸੂਸ ਕਰਦਾ ਰਹੇਗਾ।

ਸੰਪਰਕ: 62842-20595

- Advertisement -
Share this Article
Leave a comment