ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਮੈਕਸੀਕੋ ਦੀਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ‘ਤੇ ਕਲਾਉਡੀਆ ਸ਼ੇਨਬੌਮ ਨੂੰ ਵਧਾਈ ਦਿੱਤੀ। ਕਲਾਉਡੀਆ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਹੈ। ਇਸ ਦੇ ਨਾਲ ਹੀ ਨਰਿੰਦਰ ਮੋਦੀ ਵੀ ਆਪਣੀ ਅਗਵਾਈ ਹੇਠ ਭਾਜਪਾ ਅਤੇ ਐਨਡੀਏ ਗਠਜੋੜ ਨੂੰ ਤੀਜੀ ਵਾਰ ਜਿੱਤ ਦਿਵਾਉਣ ਵਿੱਚ ਸਫਲ ਰਹੇ ਹਨ ਅਤੇ ਉਹ ਮੁੜ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਪੀਐੱਮ ਮੋਦੀ ਨੇ ਕਲਾਉਡੀਆ ਨੂੰ ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ‘ਤੇ ਵਧਾਈ ਦਿੱਤੀ ਅਤੇ ਇਸ ਨੂੰ ਲਾਤੀਨੀ ਅਮਰੀਕੀ ਦੇਸ਼ ਲਈ ਮਹੱਤਵਪੂਰਨ ਮੌਕਾ ਕਰਾਰ ਦਿੱਤਾ।
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ ਕਿਹਾ, “ਮੈਕਸੀਕੋ ਦੀ ਪਹਿਲੀ ਚੁਣੀ ਗਈ ਮਹਿਲਾ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨੂੰ ਵਧਾਈ। ਮੈਕਸੀਕੋ ਦੇ ਲੋਕਾਂ ਲਈ ਇਹ ਇਕ ਮਹੱਤਵਪੂਰਨ ਮੌਕਾ ਹੈ ਅਤੇ ਰਾਸ਼ਟਰਪਤੀ ਆਂਡ੍ਰੇਸ ਮੈਨੁਅਲ ਲੋਪੇਜ਼ ਓਬਰਾਡੋਰ ਦੀ ਮਹਾਨ ਅਗਵਾਈ ਨੂੰ ਸ਼ਰਧਾਂਜਲੀ ਵੀ ਹੈ।” ਮੋਦੀ ਨੇ ਇਸ ਪੋਸਟ ‘ਚ ਸਾਬਕਾ ਰਾਸ਼ਟਰਪਤੀ ਓਬਰਾਡੋਰ ਨੂੰ ਵੀ ਟੈਗ ਕੀਤਾ। ਮੋਦੀ ਨੇ ਕਿਹਾ ਕਿ ਉਹ ਭਾਰਤ ਅਤੇ ਮੈਕਸੀਕੋ ਦਰਮਿਆਨ ਨਿਰੰਤਰ ਸਹਿਯੋਗ ਅਤੇ ਸਾਂਝੀ ਪ੍ਰਗਤੀ ਦੀ ਉਮੀਦ ਰੱਖਦੇ ਹਨ।
ਸ਼ੇਨਬੌਮ ਨੇ ਹਾਲ ਹੀ ਵਿੱਚ ਮੈਕਸੀਕੋ ਦੀ ਰਾਸ਼ਟਰਪਤੀ ਚੋਣ ਜਿੱਤੀ ਹੈ। ਇਸ ਨਾਲ ਉਹ ਮੈਕਸੀਕੋ ਵਿੱਚ ਇਸ ਅਹੁਦੇ ਲਈ ਚੁਣੀ ਜਾਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਉਹ ਪੇਸ਼ੇ ਤੋਂ ਇੱਕ ਜਲਵਾਯੂ ਵਿਗਿਆਨੀ ਹੈ ਅਤੇ ਮੈਕਸੀਕੋ ਸਿਟੀ ਦੀ ਸਾਬਕਾ ਮੇਅਰ ਹੈ। ਉਸ ਨੂੰ ਪਹਿਲਾਂ ਹੀ ਓਬਰਾਡੋਰ ਦੀ ਪਸੰਦੀਦਾ ਉੱਤਰਾਧਿਕਾਰੀ ਵਜੋਂ ਦੇਖਿਆ ਗਿਆ ਸੀ। ਹੁਣ ਜਨਤਾ ਨੇ ਉਸ ਨੂੰ ਚੋਣਾਂ ਵਿੱਚ ਬਹੁਮਤ ਦੇ ਕੇ ਇਹ ਮੌਕਾ ਦਿੱਤਾ ਹੈ। ਮੈਕਸੀਕੋ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਉਡੀਆ ਨੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਭਾਰਤ ਨੇ ਮੈਕਸੀਕੋ ਨਾਲ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਕੀਤਾ ਹੈ।