ਨਿਊਜ਼ ਡੈਸਕ: ਜੰਮੂ ਦੇ ਰਾਜੌਰੀ ਦੇ ਡਾਂਗਰੀ ‘ਚ ਨਵੇਂ ਸਾਲ ਦੇ ਅੱਤਵਾਦੀ ਹਮਲੇ ‘ਚ NIA ਨੇ ਪੁੰਛ ਇਲਾਕੇ ‘ਚ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਲਸ਼ਕਰ ਦੇ ਓਜੀਡਬਲਿਊ-ਓਵਰ ਗਰਾਊਂਡ ਵਰਕਰਾਂ ‘ਤੇ ਕੀਤੀ ਗਈ । ਨਵੇਂ ਸਾਲ ‘ਤੇ ਰਾਜੌਰੀ ਦੇ ਪਿੰਡ ਡੰਗਰੀ ‘ਚ ਹੋਏ ਇਸ ਹਮਲੇ ‘ਚ ਇਕ ਬੱਚੇ ਸਮੇਤ ਪੰਜ ਲੋਕਾਂ ਦੀ ਜਾਨ ਚਲੀ ਗਈ ਸੀ।
ਦਸ ਦਈਏ ਕਿ ਏਜੰਸੀ ਨੇ ਅੱਤਵਾਦੀਆਂ ਦੀ ਭਾਲ ‘ਚ ਪੁੰਛ ਇਲਾਕੇ ‘ਚ ਗੁਰਸਾਈ ਅਤੇ ਮੇਂਢਰ ਇਲਾਕੇ ‘ਚ ਪੰਜ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਸਲਿਪਰ ਸੈੱਲ ਯਾਨੀ OGW ਦੇ ਠਿਕਾਣਿਆਂ ‘ਤੇ ਕੀਤੀ ਗਈ । ਛਾਪੇਮਾਰੀ ਦੌਰਾਨ, ਏਜੰਸੀ ਨੇ ਬਹੁਤ ਸਾਰੇ ਡਿਜੀਟਲ ਸਬੂਤ ਇਕੱਠੇ ਕੀਤੇ ਜਿਨ੍ਹਾਂ ਤੋਂ ਇਸ ਹਮਲੇ ਦੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਇਸ ਤੋਂ ਪਹਿਲਾਂ NIA ਨੇ ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ ਜੋ ਜੇਲ ‘ਚ ਬੰਦ ਹਨ। ਅੱਤਵਾਦੀ ਨਿਸਾਰ ਅਹਿਮਦ ਉਰਫ ਹਾਜੀ ਨਿਸਾਰ ਅਤੇ ਮੁਸ਼ਤਾਕ ਹੁਸੈਨ ਨੇ ਰਾਜੌਰੀ ਦੇ ਡਾਂਗਰੀ ‘ਚ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ਦੀ ਮਦਦ ਕੀਤੀ ਸੀ ਅਤੇ ਉਨ੍ਹਾਂ ਨੂੰ ਉਨ੍ਹਾਂ ਵਲੋਂ ਬਣਾਏ ਗਏ ਗੈਸਟ ਹਾਊਸ ‘ਚ ਕਰੀਬ ਦੋ ਮਹੀਨੇ ਤੱਕ ਲੁਕਾ ਕੇ ਰੱਖਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਜਾਂਚ ‘ਚ ਇਹ ਵੀ ਪਤਾ ਲੱਗਿਆ ਹੈ ਕਿ ਇਹ ਗੈਸਟ ਹਾਊਸ ਵੀ ਅੱਤਵਾਦੀਆਂ ਤੋਂ ਮਿਲੇ ਪੈਸਿਆਂ ਨਾਲ ਬਣਾਇਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਇਹ ਦੋਵੇਂ ਅੱਤਵਾਦੀ ਲਸ਼ਕਰ ਦੇ ਅੱਤਵਾਦੀਆਂ ਅਤੇ ਹੈਂਡਲਰ ਸੈਫੁੱਲਾ ਉਰਫ ਸਾਜਿਦ ਜੁਟ, ਅਬੂ ਕਟਲ ਉਰਫ ਕਟਲ ਸਿੰਧੀ ਅਤੇ ਮੁਹੰਮਦ ਕਾਸਿਮ ਲਈ ਕੰਮ ਕਰਦੇ ਹਨ ਜੋ ਪਾਕਿਸਤਾਨ ‘ਚ ਬੈਠੇ ਹਨ । ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਇਨ੍ਹਾਂ ਨੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ਦੀ ਮਦਦ ਕੀਤੀ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.