ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਕੈਬਨਿਟ ਵਿੱਚ ਵੱਡਾ ਫੇਰਬਦਲ ਕੀਤਾ ਹੈ। ਮੰਤਰੀ ਹਰਭਜਨ ਸਿੰਘ ਈਟੀਓ ਤੋਂ ਬਿਜਲੀ ਵਿਭਾਗ ਵਾਪਸ ਲੈ ਲਿਆ ਗਿਆ ਹੈ। ਹੁਣ ਹਰਭਜਨ ਸਿੰਘ ਈਟੀਓ ਸਿਰਫ਼ ਲੋਕ ਨਿਰਮਾਣ ਵਿਭਾਗ (PWD) ਦੀ ਜ਼ਿੰਮੇਵਾਰੀ ਸੰਭਾਲਣਗੇ। ਬਿਜਲੀ ਵਿਭਾਗ ਦਾ ਜ਼ਿੰਮਾ ਹੁਣ ਲੁਧਿਆਣਾ ਪੱਛਮੀ ਦੇ ਵਿਧਾਇਕ ਸੰਜੀਵ ਅਰੋੜਾ ਨੂੰ ਸੌਂਪਿਆ ਗਿਆ ਹੈ।
ਸੰਜੀਵ ਅਰੋੜਾ ਪਹਿਲਾਂ ਹੀ ਉਦਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਐਨਆਰਆਈ ਮਾਮਲਿਆਂ ਦੇ ਵਿਭਾਗ ਸੰਭਾਲ ਰਹੇ ਸਨ। ਹੁਣ ਉਹ ਇਹਨਾਂ ਸਾਰੇ ਚਾਰ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਨਿਭਾਉਣਗੇ। ਦੱਸ ਦਈਏ ਕਿ ਸਰਕਾਰ ਨੇ ਬਿਜਲੀ ਕਟੌਤੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਪਰ ਬਿਜਲੀ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਅਜੇ ਵੀ ਨਹੀਂ ਹੋ ਸਕਿਆ।
ਸਰਕਾਰ ਵੱਲੋਂ ਜਾਰੀ ਆਦੇਸ਼ ਦੀ ਕਾਪੀ
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਪੱਛਮੀ ਤੋਂ ਗੁਰਪ੍ਰੀਤ ਸਿੰਘ ਗੋਗੀ ਵਿਧਾਇਕ ਚੁਣੇ ਗਏ ਸਨ, ਪਰ ਜਨਵਰੀ 2025 ਵਿੱਚ ਉਨ੍ਹਾਂ ਦੀ ਆਪਣੀ ਪਿਸਤੌਲ ਨਾਲ ਗੋਲੀ ਚੱਲਣ ਕਾਰਨ ਘਰ ਵਿੱਚ ਹੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਸੀਟ ਨੂੰ ਭਰਨ ਲਈ ਚੋਣ ਕਮਿਸ਼ਨ ਨੇ ਜੂਨ ਵਿੱਚ ਉਪ-ਚੋਣ ਕਰਵਾਈ।
ਇਸ ਉਪ-ਚੋਣ ਵਿੱਚ AAP ਨੇ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ। ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਸੰਜੀਵ ਅਰੋੜਾ ਵਿਧਾਇਕ ਬਣਦੇ ਹਨ, ਤਾਂ ਉਨ੍ਹਾਂ ਨੂੰ ਮੰਤਰੀ ਬਣਾਇਆ ਜਾਵੇਗਾ। ਇਸ ਵਾਅਦੇ ਨੂੰ ਸੱਚ ਕਰਦਿਆਂ, ਅਰੋੜਾ ਨੇ 10,637 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨਾਲੋਂ 43.34% ਜ਼ਿਆਦਾ ਵੋਟਾਂ ਮਿਲੀਆਂ।