ਚੰਡੀਗੜ੍ਹ : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ‘ਤੇ ਸਿਆਸਤਦਾਨਾਂ ਵੱਲੋਂ ਲਗਾਤਾਰ ਤਿੱਖੀਆਂ ਬਿਆਨਬਾਜੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਹਰ ਦਿਨ ਬਿਆਨ ਦੇਣ ਵਾਲੇ ਇਨ੍ਹਾਂ ਸਿਆਸਤਦਾਨਾਂ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ :
ਹਰਪਾਲ ਚੀਮਾਂ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਚੀਮਾਂ ਨੇ ਵੀ ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੇ ਬਿਆਨ ‘ਤੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਹੈ ਉਹ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਹੈ ਕਿਉਂਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੈ। ਚੀਮਾਂ ਨੇ ਇਹ ਬੋਲਦਿਆਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਖਿਲਾਫ ਤੁਰੰਤ ਮੁਕੱਦਮਾਂ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ।
ਕੁਲਤਾਰ ਸਿੰਘ ਸੰਧਵਾਂ
‘ਆਪ’ ਦੇ ਸੀਨੀਅਰ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਵੀ ਡੀਜੀਪੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਇਹ ਦੱਸਣ ਕਿ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਪੰਜਾਬ ਦੇ ਸਾਰੇ ਮੰਤਰੀ, ਅਕਾਲੀ ਦਲ, ਬੀਜੇਪੀ ਕਾਂਗਰਸ ਦੇ ਸਾਰੇ ਵਿਧਾਇਕ, ਕੇਂਦਰੀ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਵੀ ਗਏ ਸਨ ਤਾਂ ਕੀ ਤੁਹਾਡੇ ਹਿਸਾਬ ਨਾਲ ਇਹ ਸਾਰੇ ਅੱਤਵਾਦੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ 2020 ਦੀ ਝੂਠੀ ਗੇਮ ਖੇਡ ਕੇ ਸਿੱਖਾਂ ਦੇ ਬੱਚਿਆਂ ‘ਤੇ ਝੂਠੇ ਕੇਸ ਪਾਏ ਗਏ ਜਿਹੜੀ ਕਿ ਕੋਈ ਗੱਲ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਅੱਤਵਾਦ ਦਾ ਹਊਆ ਖੜ੍ਹਾ ਕਰਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿਮਰਜੀਤ ਸਿੰਘ ਬੈਂਸ
ਲੋਕ ਇੰਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਵੀ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਡੀਜੀਪੀ ਪੰਜਾਬ ਨੂੰ ਸਿੱਖ ਮਸਲਿਆਂ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ।ਉਨ੍ਹਾਂ ਕਿਹਾ ਕਿ ਡੀਜੀਪੀ ਦਾ ਇਹ ਬਿਆਨ ਨਿੰਦਣਯੋਗ ਹੈ। ਉਨ੍ਹਾਂ ਇੱਥੇ ਹੀ ਡੀਜੀਪੀ ਦੇ ਅਕਸ ‘ਤੇ ਵੀ ਸਵਾਲ ਖੜ੍ਹੇ ਕੀਤੇ। ਇੱਥੇ ਹੀ ਉਨ੍ਹਾਂ ਇਹ ਮਸਲਾ ਵਿਧਾਨ ਸਭਾ ਅੰਦਰ ਚੁੱਕਣ ਦੀ ਵੀ ਗੱਲ ਕਹੀ।
ਰਾਜ ਕੁਮਾਰ ਵੇਰਕਾ
ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਸਿੱਖ ਕੌਮ ਅੰਦਰ ਦੇਸ਼ ਨਾਲ ਪਿਆਰ ਦੀ ਭਾਵਨਾ ਕੁੱਟਕੁੱਟ ਕੇ ਭਰੀ ਹੋਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ‘ਤੇ ਸਵਾਲ ਖੜ੍ਹਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਸਭ ਤੋਂ ਵਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਹਨ।