ਪੰਜਾਬ ਕਾਂਗਰਸ ਵਿੱਚ ਸੱਤਾ ਦਾ ਰਾਜਨੀਤਕ ਸੰਘਰਸ਼

TeamGlobalPunjab
4 Min Read

-ਪ੍ਰੋ. ਸੁਖਦੇਵ ਸਿੰਘ ਮਿਨਹਾਸ;

ਪੰਜਾਬ ਕਾਂਗਰਸ ਦੇ ਮੌਜੂਦਾ ਹਾਲਾਤ ਤਰਸਯੋਗ ਹਨ। ਸਭ ਕੁਝ ਰੱਬ ਭਰੋਸੇ ਚਲ ਰਿਹਾ ਹੈ। ਕਾਂਗਰਸੀ ਸਿਆਸਤਦਾਨ ਆਪਣੀ ਆਪਣੀ ਡਫਲੀ ਆਪਣਾ ਆਪਣਾ ਰਾਗ ਅਲਾਪਣ ਵਿਚ ਲੱਗੇ ਹੋਏ ਹਨ।

ਕਾਂਗਰਸ ਹਾਈਕਮਾਨ ਚੁਪਚਾਪ ਇਹ ਤਮਾਸ਼ਾ ਦੇਖ ਰਹੀ ਹੈ। ਹੁਣ ਹਾਈਕਮਾਨ ਨਾਂ ਦੀ ਹੀ ਰਹਿ ਗਈ ਹੈ, ਹਾਈ ਵਾਲਾ ਕੁਝ ਵੀ ਉਸ ਕੋਲ ਨਹੀਂ ਹੈ। ਇੰਜ ਜਾਪਦਾ ਹੈ ਕਿ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਬਲੀ ਦਾ ਬਕਰਾ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਖੂੰਜੇ ਲਾ ਕੇ ਹੁਣ ਸਿਧੂ ਤੋਂ ਵੀ ਕੰਨੀ ਕੱਟ ਲਈ ਹੈ। ਸਿੱਧੂ ਦੇ ਤਲਖ ਸੁਭਾਅ ਤੇ ਲੋਕ ਉਂਗਲੀ ਚੂਕ ਰਹੇ ਹਨ। ਪਰ ਸਿੱਧੂ ਦੀ ਤਲਖੀ ਦੇ ਪਿਛੇ ਕਾਰਣਾਂ ਨੂ ਦੇਖਿਆ ਜਾਵੇ ਤਾਂ ਸਿਧੂ ਦੀ ਤਲਖੀ ਜਾਇਜ ਜਾਪਦੀ ਹੈ।

ਜਿਨ੍ਹਾਂ ਮੁੱਦਿਆਂ ‘ਤੇ ਸਿੱਧੂ ਨੇ ਕੈਪਟਨ ਵਿਰੁਧ ਜੰਗ ਛੇੜੀ ਉਹ ਤਾਂ ਚਰਨਜੀਤ ਸਿੰਘ ਚੰਨੀ ਦੇ ਮੁਖ ਮੰਤਰੀ ਬਣਨ ‘ਤੇ ਵੀ ਉਥੇ ਹੀ ਖੜੇ ਹਨ। ਦਾਗੀ ਮੰਤਰੀ ਅਤੇ ਅਫਸਰ ਸੱਤਾ ‘ਤੇ ਮੁੜ ਕਾਬਜ ਹੋ ਗਏ ਹਨ। ਮੰਤਰੀ ਮੰਡਲ ਨੂੰ ਲੈ ਕੇ ਵੀ ਸਿੱਧੂ ਦੀ ਅਣਦੇਖੀ ਕੀਤੀ ਜਾ ਰਹੀ ਹੈ।

- Advertisement -

ਨਵਜੋਤ ਸਿੰਘ ਸਿੱਧੂ ਦੇ ਹਿਮਾਇਤੀ ਮੰਤਰੀਆਂ ਨੂੰ ਘੱਟ ਮਹਤਵਪੂਰਨ ਵਿਭਾਗ ਦਿੱਤੇ ਗਏ ਹਨ। ਆਉਣ ਵਾਲੀਆਂ ਚੋਣਾ ਵਿੱਚ ਸਿੱਧੂ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਆਵਾਜ ਮੱਧਮ ਪੈ ਗਈ ਹੈ। ਕੁਰਸੀ ਹੱਥ ਵਿਚ ਆਉਂਦੇ ਹੀ ਮੁੱਖ ਮੰਤਰੀ ਦਾ ਸੁਰ ਬਦਲ ਗਿਆ ਹੈ।

ਚਰਨਜੀਤ ਚੰਨੀ ਨੂੰ ਨਿੱਕੇ ਨਿੱਕੇ ਮਸਲਿਆਂ ਲਈ ਦਿੱਲੀ ਦੇ ਚੱਕਰ ਲਾਉਣੇ ਪੈ ਰਹੇ ਹਨ। ਰੋਜ ਮੰਤਰੀ ਅਤੇ ਅਫਸਰਾਂ ਦੀ ਲਿਸਟ ਬਣਦੀ ਹੈ ਅਤੇ ਕਿਸ ਵੇਲੇ ਉਸ ਵਿਚ ਤਬਦੀਲੀ ਹੋ ਜਾਵੇ ਇਹ ਰੱਬ ਹੀ ਜਾਣੇ। ਕਾਂਗਰਸ ਦੇ ਸੀਨੀਅਰ ਨੇਤਾ ਵੀ ਹਾਈਕਮਾਨ ਦੀ ਕਾਰਗੁਜਾਰੀ ‘ਤੇ ਪ੍ਰਸ਼ਨ ਚਿਨ੍ਹ ਲਾ ਰਹੇ ਹਨ। ਕਪਿਲ ਸਿਬਬਲ ਦਾ ਤਾਜਾ ਬਿਆਨ ਇਸ ਗੱਲ ਦੀ ਗਵਾਹੀ ਦਿੰਦਾ ਹੈ।

ਇੰਜ ਜਾਪਦਾ ਹੈ ਕਿ ਕਾਂਗਰਸ ਹਾਈਕਮਾਨ ਨੂੰ ਨਾ ਚੰਨੀ ਦੀ ਚਿੰਤਾ ਹੈ ਨਾਂ ਸਿੱਧੂ ਦੀ ਪਰਵਾਹ ਹੈ। ਉਹ ਤਾਂ ਦਲਿਤ ਕਾਰਡ ਖੇਲ ਕੇ ਵੋਟਾਂ ਹਾਸਲ ਕਰਨ ਦੇ ਚੱਕਰ ਵਿਚ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਕਿਸਾਨਾਂ ਦੇ ਹਿਤੈਸ਼ੀ ਬਣਨ ਦੇ ਬਹਾਨੇ ਆਪਣਾ ਨਵਾਂ ਰਸਤਾ ਅਤੇ ਸਾਥੀ ਲਭ ਰਹੇ ਨੇ ਤਾਂ ਜੋ ਆਉਣ ਵਾਲੇ ਪੰਜ ਸਾਲ ਕਿਸੀ ਨਾ ਕਿਸੀ ਉਸ ਦੇ ਬਰਕਰਾਰ ਰਹਿ ਸਕਣ। ਹੋ ਸਕਦਾ ਹੈ ਬੀ ਜੇ ਪੀ ਦੀ ਕਿਸ਼ਤੀ ਵਿਚ ਸਵਾਰ ਹੋ ਕੇ ਰਾਜ ਸਭਾ ਦੇ ਮੈਂਬਰ ਬਣਨ ਦੀ ਤਿਆਰੀ ਕਰ ਰਹੇ ਹੋਣ ਤਾਂ ਜੋ ਈ.ਡੀ ਦੀਆਂ ਮੁਸ਼ਕਲਾਂ ਤੋਂ ਬਚ ਸਕਣ। ਪਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਹਾਲ ਦੀ ਘੜੀ ਉਨ੍ਹਾਂ ਦਾ ਇਹੀ ਬਿਆਨ ਆਇਆ ਕਿ ਨਾ ਉਹ ਕਾਂਗਰਸ ਰਹਿਣਗੇ ਤੇ ਨਾ ਉਹ ਭਾਜਪਾ ਵਿੱਚ ਸ਼ਾਮਿਲ ਹੋਣਗੇ।

ਨਵਜੋਤ ਸਿਧੂ ਨੇ ਚੰਡੀਗੜ੍ਹ ਆ ਕੇ ਮੁੱਖ ਮੰਤਰੀ ਨਾਲ ਕੁਝ ਮੁੱਦਿਆਂ ਉਪਰ ਗੱਲਬਾਤ ਕੀਤੀ ਹੈ। ਇਸ ਤੋਂ ਲਗਦਾ ਭਖਿਆ ਮਸਲਾ ਕੁਝ ਠੰਢਾ ਹੋ ਜਾਵੇਗਾ। ਆਖਰੀ ਦਾਅ ਖੇਡਿਆ ਹੈ, ਦੇਖੋ ਪਾਸਾ ਕਿਥੇ ਪੈਂਦਾ ਹੈ। ਸਿੱਧੂ ਦਾ ਭਵਿਖ ਵੀ ਇਸ ਵੇਲੇ ਹਿਚਕੋਲੇ ਖਾ ਰਿਹਾ ਹੈ। ਕੁਲ ਮਿਲਾ ਕੇ ਇਹ ਸਾਰੀ ਸਥਿਤੀ ਕਾਂਗਰਸ ਦੇ ਭਵਿਖ ਅਤੇ ਪੰਜਾਬ ਦੇ ਮੌਜੂਦਾ ਵਿਕਾਸ ਕਾਰਜਾਂ ਵਿਚ ਰੋੜਾ ਬਣ ਰਹੀ ਹੈ।

ਇਸ ਵੇਲੇ ਗੱਦੀ ਹਾਸਿਲ ਕਰਨ ਲਈ ਕਾਂਗਰਸ ਦੇ ਨੇਤਾ ਨੈਤਿਕ ਕਦਰਾਂ ਕੀਮਤਾਂ ਨੂੰ ਛਿਕੇ ਟੰਗ ਰਹੇ ਹਨ ਅਤੇ ਉਨ੍ਹਾਂ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਰਿਹਾ ਹੈ। ਕਾਂਗਰਸ ਪਾਰਟੀ ਦੀ ਸਾਰੇ ਮੁਲਕ ਵਿਚ ਜੱਗ ਹਸਾਈ ਹੋ ਰਹੀ ਹੈ। ਜੇ ਕਾਂਗਰ ਲੋਕਾਂ ਵਿਚ ਆਪਣਾ ਅਕਸ ਸੁਧਾਰਨਾ ਚਾਹੁੰਦੀ ਹੈ ਤਾਂ ਉਸਨੂੰ ਇਸ ਕਲੇਸ਼ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਪਵੇਗਾ ਨਹੀਂ ਤਾਂ ਆਉਣ ਵਾਲੀਆਂ ਚੋਣਾਂ ਵਿਚ ਖਾਮਿਆਜਾ ਭੁਗਤਾਨ ਲਈ ਤਿਆਰ ਰਹਿਣਾ ਪਵੇਗਾ।

- Advertisement -
Share this Article
Leave a comment