ਥਾਣਾ ਪਿੰਡ ਵਿੱਚ, ਰਿਪੋਰਟ 13 ਕਿਲੋਮੀਟਰ ਦੂਰ ਕਿਸੇ ਹੋਰ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾਓ!

TeamGlobalPunjab
4 Min Read

-ਅਵਤਾਰ ਸਿੰਘ

ਪੰਜਾਬ ਪੁਲਿਸ ਦੇ ਵੀ ਰੰਗ ਨਿਆਰੇ ਹਨ। ਪੰਜਾਬ ਦੇ ਸੰਗਰੂਰ ਜ਼ਿਲੇ ਦਾ ਇਕ ਪਿੰਡ ਅਜਿਹਾ ਹੈ ਕਿ ਥਾਣਾ ਤਾਂ ਉਸ ਪਿੰਡ ਵਿੱਚ ਸਥਿਤ ਹੈ, ਪਰ ਜੇ ਉਸ ਪਿੰਡ ਵਿੱਚ ਕੋਈ ਵਾਰਦਾਤ ਹੋ ਜਾਵੇ ਤਾਂ ਉਥੋਂ ਦੇ ਵਸਨੀਕਾਂ ਨੂੰ 13 ਕਿਲੋਮੀਟਰ ਦੂਰ ਪੁਲਿਸ ਸਟੇਸ਼ਨ ‘ਚ ਰਿਪੋਰਟ ਦਰਜ ਕਰਵਾਉਣ ਜਾਣਾ ਪੈਂਦਾ ਹੈ।

ਰਿਪੋਰਟਾਂ ਮੁਤਾਬਿਕ ਬੀਤੀ 6 ਨਵੰਬਰ ਦੀ ਰਾਤ ਦੀ ਘਟਨਾ ਹੈ ਕਿ ਕੁਝ ਲੋਕਾਂ ਨੇ ਆ ਕੇ ਪਿੰਡ ਕੌਹਰੀਆਂ ਵਿੱਚ ਥਾਣੇ ਦੇ ਨੇੜੇ ਲੱਗੇ ਬੈਂਕ ਦੇ ਏ ਟੀ ਐੱਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਇਸ ਨੂੰ ਨੁਕਸਾਨ ਪਹੁੰਚਾਇਆ। ਪਰ ਇਸ ਘਟਨਾ ਦੀ ਰਿਪੋਰਟ 13 ਕਿਲੋਮੀਟਰ ਦੂਰ ਬਣੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਦਰਜ ਕਰਵਾਉਣੀ ਪਈ। ਕੌਹਰੀਆਂ ਥਾਣੇ ਨੇੜੇ ਚਲ ਰਹੀਆਂ ਦੁਕਾਨਾਂ ਵਿੱਚ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ ਪਰ ਦੁਕਾਦਾਰਾਂ ਨੂੰ ਇਸ ਸੰਬੰਧੀ ਰਿਪੋਰਟ ਛਾਜਲੀ ਦੇ ਪੁਲਿਸ ਸਟੇਸ਼ਨ ਵਿਚ ਹੀ ਦਰਜ ਕਰਵਾਉਣੀ ਪੈਂਦੀ ਹੈ। ਸੁਣਨ ‘ਤੇ ਇਸ ਦਾ ਯਕੀਨ ਨਹੀਂ ਆਉਂਦਾ, ਪਰ ਹੈ ਇਹ ਘਟਨਾ ਸੱਚੀ ਇਹ ਪਿੰਡ ਇਸ ਠਾਣੇ ਦੀ ਹੱਦ ਹੇਠਾਂ ਨਹੀਂ ਪੈਂਦਾ। ਇਹ ਸ਼ਾਇਦ ਪੰਜਾਬ ਦਾ ਇਕ ਹੀ ਅਜਿਹਾ ਪਿੰਡ ਹੈ ਜਿਸ ਵਿੱਚ ਪੁਲਿਸ ਦੇ ਨੱਕ ਹੇਠ ਜਿੰਨੀ ਮਰਜੀ ਵੱਡੀ ਵਾਰਦਾਤ ਵਾਪਰ ਜਾਵੇ ਪਰ ਉਥੇ ਤਾਇਨਾਤ ਪੁਲਿਸ ਮੁਲਾਜ਼ਮ ਕੋਈ ਕਾਰਵਾਈ ਨਹੀਂ ਕਰ ਸਕਦੇ।

ਰਿਪੋਰਟ ਅਨੁਸਾਰ ਪਿੰਡ ਦੇ ਇਕ ਦੁਕਾਨਦਾਰ ਰਘਵੀਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਾ ਉਹਨਾਂ ਦਾ ਪਿੰਡ ਛਾਜਲੀ ਥਾਣੇ ਅਧੀਨ ਕੀਤਾ ਗਿਆ ਉਦੋਂ ਦਾ ਚੋਰਾਂ ਨੂੰ ਕੋਈ ਡਰ ਭੈਅ ਨਹੀਂ ਰਿਹਾ ਉਹ ਆਸਾਨੀ ਨਾਲ ਵਾਰਦਾਤ ਕਰ ਕੇ ਬਚ ਕੇ ਨਿਕਲ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸ਼ਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਕਿ ਉਹਨਾਂ ਦਾ ਪਿੰਡ ਕੌਹਰੀਆਂ ਦੀ ਹੱਦ ਹੇਠ ਲਿਆਂਦਾ ਜਾਵੇ।

- Advertisement -

ਇਸੇ ਤਰ੍ਹਾਂ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਦਾ ਪਿੰਡ ਕੌਹਰੀਆਂ ਪੁਲਿਸ ਸਟੇਸ਼ਨ ਅਧੀਨ ਪੈਂਦਾ ਸੀ, ਪਰ ਦੋ ਸਾਲ ਪਹਿਲਾਂ ਇਸ ਨੂੰ 13 ਕਿਲੋਮੀਟਰ ਦੂਰ ਛਾਜਲੀ ਥਾਣੇ ਦੀ ਹੱਦ ਹੇਠ ਕਰ ਦਿੱਤਾ ਗਿਆ ਹੈ। ਉਸ ਨੇ ਅੱਗੇ ਦੱਸਿਆ ਕਿ 1991 ਵਿੱਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਥਾਣਾ ਕਮਿਊਨਿਟੀ ਸੈਂਟਰ ਵਿੱਚ ਬਣਾਇਆ ਗਿਆ ਸੀ। ਸਰਪੰਚ ਅਨੁਸਾਰ ਬਿਨਾ ਕਿਸੇ ਕਾਰਨ ਉਹਨਾਂ ਦਾ ਪਿੰਡ ਛਾਜਲੀ ਪੁਲਿਸ ਸਟੇਸ਼ਨ ਅਧੀਨ ਕਰ ਦਿੱਤਾ ਗਿਆ। ਇਕ ਪੁਲਿਸ ਮੁਲਾਜ਼ਮ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਉਹ ਪਿੰਡ ਦੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ ਪਰ ਦੂਜੇ ਥਾਣੇ ਦੀ ਹਦੂਦ ਹੋਣ ਕਰਕੇ ਉਹ ਮਜਬੂਰ ਹਨ। ਉਹਨਾਂ ਦੀ ਹੱਦ ਨਾ ਹੋਣ ਕਰਕੇ ਉਹ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ।

ਉਧਰ ਐੱਸ ਐੱਸ ਪੀ ਸੰਦੀਪ ਗਰਗ ਦਾ ਕਹਿਣਾ ਹੈ ਕਿ ਉਹਨਾਂ ਨੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਬੇਨਤੀ ਪੱਤਰ ਲਿਖਿਆ ਹੈ ਕਿ ਇਸ ਪਿੰਡ ਨੂੰ ਇਸੇ ਠਾਣੇ ਅਧੀਨ ਲਿਆਂਦਾ ਜਾਵੇ ਜਿਸ ਤਰ੍ਹਾਂ ਪਹਿਲਾਂ ਸੀ। ਇਸ ਨੂੰ ਉੱਚ ਪੱਧਰ ‘ਤੇ ਕਾਰਵਾਈ ਕਰਨ ਲਈ ਚਾਰਾਜੋਈ ਕੀਤੀ ਜਾ ਰਹੀ ਹੈ।

ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਮੁੜ ਦੁਹਰਾਇਆ 1991 ਵਿੱਚ ਸਥਾਨਕ ਲੋਕਾਂ ਦੀ ਹਿਫਾਜ਼ਤ ਲਈ ਪਿੰਡ ਕੌਹਰੀਆਂ ਦੇ ਕਮਿਊਨਿਟੀ ਸੈਂਟਰ ਵਿੱਚ ਥਾਣਾ ਸਥਾਪਤ ਕੀਤਾ ਗਿਆ ਸੀ ਪਰ ਬਿਨਾ ਕਿਸੇ ਕਾਰਨ ਇਸ ਪਿੰਡ ਨੂੰ ਛਾਜਲੀ ਪੁਲਿਸ ਠਾਣੇ ਅਧੀਨ ਕਰ ਦਿੱਤਾ ਜਿਹੜਾ ਕਿ ਪਿੰਡ ਦੇ ਲੋਕਾਂ ਨਾਲ ਬੇਇਨਸਾਫ਼ੀ ਹੈ। ਸਰਕਾਰਾਂ ਨੂੰ ਕੀ ਲੋਕ ਜਿਸ ਤਰ੍ਹਾਂ ਮਰਜ਼ੀ ਜਦੋਜਹਿਦ ਕਰੀ ਜਾਣ।

Share this Article
Leave a comment