ਜਲੰਧਰ : ਸੂਬੇ ਅੰਦਰ ਮਹਿਲਾਵਾਂ ਨਾਲ ਘਰੇਲੂ ਹਿੰਸਾ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਇਸ ਦੇ ਚਲਦਿਆਂ ਹੁਣ ਸਥਾਨਕ ਪੁਲਿਸ ਕਮਿਸ਼ਨਰ ਵਲੋਂ ਮਹਿਲਾਵਾਂ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ । ਜਾਣਕਾਰੀ ਮੁਤਾਬਿਕ ਇਸ ਸਮਸਿਆ ਨਾਲ ਨਜਿੱਠਣ ਲਈ ਮਹਿਲਾਵਾਂ ਵਾਸਤੇ ਟੈਲੀਫੋਨ ਰਾਹੀਂ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਪੁਸ਼ਟੀ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੀਤੀ ਗਈ ਹੈ ।
ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਲਾਕਡਾਊਨ ਦੇ ਚਲਦਿਆਂ ਮਹਿਲਾਵਾਂ ਨਾਲ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵੱਡਾ ਇਜ਼ਾਫਾ ਹੋਇਆ ਹੈ। ਉਨ੍ਹਾਂ ਦਸਿਆ ਕਿ ਇਸ ਦੇ ਹਲ ਲਈ ਕਮਿਸ਼ਨਰੇਟ ਪੁਲਿਸ ਵਲੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜੀ ਦੀ ਪ੍ਰਧਾਨਗੀ ਹੇਠ ਸਪੈਸ਼ਲ ਪੈਨਲ ਦਾ ਗਠਨ ਕੀਤਾ ਗਿਆ ਹੈ। ਭੁੱਲਰ ਨੇ ਦੱਸਿਆ ਕਿ ਇਸ ਪੈਨਲ ਦੀ ਅਗਵਾਈ ਸਬ ਇੰਸਪੈਕਟ ਮੋਨਿਕਾ ਅਰੋੜਾ ਅਤੇ ਸਹਾਇਕ ਸਬ ਇੰਸਪੈਕਟਰਾਂ ਆਸ਼ਾ ਕਿਰਨ ਤੇ ਸੁਮਨ ਬਾਲਾ ਵਲੋਂ ਕੀਤੀ ਜਾਵੇਗੀ। ਜਾਣਕਾਰੀ ਮੁਤਾਬਿਕ ਇਨ੍ਹਾਂ ਅਫਸਰਾਂ ਦੇ ਨਾਲ ਨਾਲ ਮਨੋਰੋਗ ਮਾਹਿਰ ਡਾ.ਜਸਬੀਰ ਕੌਰ, ਡਾ.ਸਰਬਜੀਤ ਸਿੰਘ ਅਤੇ ਰਾਜਬੀਰ ਕੌਰ ਨੂੰ ਵੀ ਸ਼ਿਕਾਇਤਕਰਤਾ ਮਹਿਲਾਵਾਂ ਨਾਲ ਗੱਲਬਾਤ ਲਈ ਸ਼ਾਮਲ ਕੀਤਾ ਗਿਆ ਹੈ ।