ਪੰਜਾਬ ‘ਚ ਗੈਰਕਾਨੂੰਨੀ ਮਾਈਨਿੰਗ ‘ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਬੇਨਕਾਬ ਕਰਨ ਲਈ ਸੀਬੀਆਈ ਦੀ ਮੁਢਲੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ: ਚੀਮਾ

TeamGlobalPunjab
4 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਸੂਬੇ ‘ਚ ਨਜਾਇਜ਼ ਮਾਈਨਿੰਗ ਦੇ ਮਾਮਲਿਆਂ ‘ਤੇ ਕੈਪਟਨ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਤੇ ਉਨ੍ਹਾਂ ਨੂੰ ਪਨਾਹ ਦੇਣ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਮਾਨਯੋਗ ਹਾਈਕੋਰਟ ‘ਚ ਇਹ ਮੰਨ ਲਿਆ ਕਿ ਪਿਛਲੇ 4 ਸਾਲ ਵਿੱਚ ਕੇਵਲ ਤਿੰਨ ਹੀ ਕੇਸ ਦਰਜ ਕੀਤੇ ਗਏ ਹਨ, ਇਹ ਸਿੱਧ ਕਰ ਦਿੱਤਾ ਹੈ ਕਿ ਕੈਪਟਨ ਸਰਕਾਰ ਖੁਦ ਹੀ ਮਾਫੀਆ ਨੂੰ ਵਧਾਵਾ ਦੇ ਰਹੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਸ ਗੱਲ ਨਾਲ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਸਰਕਾਰ ਉੱਤੇ ਲਗਾਏ ਜਾ ਰਹੇ ਦੋਸ਼ ਸਿੱਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਖੁਦ ਮਾਫੀਆ ਦੇ ਲੁੱਟ ਦੇ ਧੰਦੇ ‘ਚ ਸ਼ਾਮਲ ਹਨ। ਪਹਿਲਾਂ ਉਨ੍ਹਾਂ ਸਰਕਾਰੀ ਕੰਪਨੀਆਂ ਨੂੰ ਮਾਫੀਆ ਨਾਲ ਮਿਲਕੇ ਲੁੱਟਿਆ, ਹੁਣ ਨਾਕੇ ਨੂੰ ਹੀ ਮਾਫੀਆ ਦੇ ਹਵਾਲੇ ਕਰ ਦਿੱਤਾ। ‘ਆਪ’ ਆਗੂਆਂ ਨੇ ਮੰਗ ਕੀਤੀ ਕਿ ਹਾਈਕੋਰਟ ਵਿੱਚ ਪਹਿਲਾਂ ਤੋਂ ਪਈ ਰਿਪੋਰਟ ਜਿਸ ‘ਚ ਵੱਡੇ ਆਗੂਆਂ ਤੇ ਉਚ ਅਧਿਕਾਰੀਆਂ ਦੇ ਨਾਮ ਮਾਈਨਿੰਗ ਮਾਫੀਆ ਵਿੱਚ ਆਏ ਹਨ ਉਨ੍ਹਾਂ ਨੂੰ ਜਨਤਕ ਕੀਤਾ ਜਾਵੇ।
ਸੂਬੇ ਦੀ ਕਾਨੂੰਨ ਵਿਵਸਥਾ ਨੂੰ ਕੈਪਟਨ ਨੇ ਮਾਫੀਆ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈ ਕਿ ਅੱਜ ਪੁਲਿਸ ਦੇ ਬਦਲੇ ਗੁੰਡੇ ਨਾਕੇ ਲਗਾ ਰਹੇ ਹਨ ਅਤੇ ਲੋਕਾਂ ਤੋਂ ਗੈਰਕਾਨੂੰਨੀ ਢੰਗ ਨਾਲ ਪੈਸਾ ਵਸੂਲ ਰਹੇ ਹਨ। ਸਰਕਾਰ ਨੇ ਚਾਰ ਸਾਲ ‘ਚ ਛੋਟੇ ਤਸਕਰਾਂ ਉੱਤੇ ਕੇਵਲ ਤਿੰਨ ਐਫਆਈਆਰ ਦਰਜ ਕੀਤੀਆਂ, ਜਦੋਂ ਕਿ ਅਜਿਹੇ ਸੈਂਕੜੇ ਤਸਕਰ ਹਨ ਜਿਨ੍ਹਾਂ ਦਾ ਡਾਟਾ ਪੁਲਿਸ ਕੋਲ ਵੀ ਮੌਜੂਦ ਹੈ। ਸਰਕਾਰ ਨੇ ਹਾਈਕੋਰਟ ਦੇ ਦਬਾਅ ਕਾਰਨ ਇਨ੍ਹਾਂ ਤਿੰਨਾਂ ਉੱਤੇ ਮਜ਼ਬੂਰੀ ਵਿੱਚ ਕੇਸ ਦਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਦੀ ਤਰ੍ਹਾਂ ਹੀ ਕੈਪਟਨ ਸਰਕਾਰ ‘ਚ ਮਾਫੀਆ ਦਾ ਬੋਲਬਾਲਾ ਹੈ। ਗੈਰਕਾਨੂੰਨੀ ਨਾਕਿਆਂ ਦੇ ਮਾਮਲੇ ਨਾਲ ਇਹ ਸਾਬਤ ਹੋ ਗਿਆ ਹੈ ਕਿ ਕੈਪਟਨ ਦੇ ਰਾਜ ਵਿੱਚ ਕਾਨੂੰਨ ਦਾ ਸ਼ਾਸਨ ਨਹੀਂ, ਮਾਫੀਆ ਦਾ ਸ਼ਾਸਨ ਹੈ। ਬਾਦਲ ਸਰਕਾਰ ਦੀ ਗੁੰਡਾਗਰਦੀ ਤੋਂ ਤੰਗ ਆ ਕੇ ਪੰਜਾਬ ਦੇ ਲੋਕਾਂ ਨੇ ਕੈਪਟਨ ‘ਤੇ ਭਰੋਸਾ ਕੀਤਾ ਸੀ ਅਤੇ ਵਧੀਆ ਪੰਜਾਬ ਬਣਾਉਣ ਲਈ ਉਨ੍ਹਾਂ ਨੂੰ ਵੋਟ ਦਿੱਤੀ ਸੀ। ਪ੍ਰੰਤੂ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮਾਫੀਆ ਅਤੇ ਗੁੰਡਿਆਂ ਨਾਲ ਮਿਲਕੇ ਪੰਜਾਬ ਦੀ ਜਨਤਾ ਨਾਲ ਕੈਪਟਨ ਨੇ ਧੋਖਾ ਦਿੱਤਾ ਹੈ। ਪਿਛਲੀ ਬਾਦਲ ਸਰਕਾਰ ਨੇ ਪਹਿਲਾਂ ਮਾਫੀਆ ਨੂੰ ਵਧਾਵਾ ਦਿੱਤਾ ਅਤੇ ਕਾਨੂੰਨ ਵਿਵਸਥਾ ਨੂੰ ਚੌਪਟ ਕੀਤਾ ਸੀ। ਕੈਪਟਨ ਬਾਦਲ ਤੋਂ ਵੀ ਅੱਗੇ ਨਿਕਲ ਗਏ ਪੁਲਿਸ ਨਾਕਿਆਂ ਨੂੰ ਹੀ ਮਾਫੀਆ ਹਵਾਲੇ ਕਰ ਦਿੱਤਾ। ਪੁਲਿਸ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ।

ਉਨ੍ਹਾਂ ਕੈਪਟਨ ‘ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕੈਪਟਨ ਖੁਦ ਮਾਫੀਆ ਨਾਲ ਮਿਲੇ ਹੋਏ ਹਨ। ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਸਰਕਾਰੀ ਸੰਪਤੀ ਨੂੰ ਸਸਤੇ ਭਾਅ ਉੱਤੇ ਆਪਣੇ ਮਾਫੀਆ ਦੋਸਤਾਂ ਨੂੰ ਵੇਚ ਰਹੇ ਹਨ ਅਤੇ ਮਾਫੀਆ ਸਰਕਾਰੀ ਸੁਰੱਖਿਆ ਵਿੱਚ ਜਨਤਕ ਸੰਪਤੀ ਨੂੰ ਲੁੱਟ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਵਧਾਵਾ ਦੇਣ ਕਾਰਨ ਹੀ ਅੱਜ ਹਰ ਵਿਭਾਗ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸਾਰੇ ਵਿਭਾਗ ਤੋਂ ਕੈਪਟਨ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਕਮਿਸ਼ਨ ਜਾਂਦਾ ਹੈ। ਬਿਨਾਂ ਰਿਸ਼ਵਤ ਦਿੱਤਿਆਂ ਕੋਈ ਕੰਮ ਨਹੀਂ ਹੋ ਰਿਹਾ। ਆਮ ਲੋਕਾਂ ਤੋਂ ਰਿਸ਼ਵਤ ਲੈ ਕੇ ਕੈਪਟਨ, ਉਨ੍ਹਾਂ ਦੇ ਮੰਤਰੀ ਅਤੇ ਅਫਸਰ ਆਪਣੀਆਂ ਜੇਬਾਂ ਭਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਮਾਫੀਆ ਉੱਤੇ ਪੂਰੀ ਤਰ੍ਹਾਂ ਰੋਕ ਲਗਾਏ ਤਾਂ ਉਸ ਨੂੰ ਮਾਲੀਆ ਵਧਾਉਣ ਲਈ ਜ਼ਰੂਰੀ ਚੀਜ਼ਾਂ ਉੱਤੇ ਟੈਕਸ ਵਧਾਕੇ ਜਨਤਾ ਤੋਂ ਪੈਸਾ ਵਸੂਲ ਕਰਨ ਦੀ ਜ਼ਰੂਰਤ ਨਾ ਪਵੇ।

Share this Article
Leave a comment