ਨਵੀਂ ਦਿੱਲੀ: 80ਵੇਂ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ 76 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਨਕਸਲਵਾਦ, ਨੌਜਵਾਨਾਂ, ਮਹਿਲਾ ਰਿਜ਼ਰਵੇਸ਼ਨ, ਆਤਮਨਿਰਭਰ ਭਾਰਤ ਅਤੇ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਟੀਚੇ ਸਮੇਤ ਕਈ ਮੁੱਦਿਆਂ ’ਤੇ ਗੱਲ ਕੀਤੀ।
‘ਹਥਿਆਰਬੰਦ ਨਕਸਲ ਗਏ, ਦਿਮਾਗੀ ਨਕਸਲ ਮੌਜੂਦ’
PM ਮੋਦੀ ਨੇ ਕਿਹਾ ਕਿ ਦੇਸ਼ ਨੇ ਨਕਸਲਵਾਦ ਨੂੰ ਖਤਮ ਕਰਨ ਦਾ ਸੰਕਲਪ ਲਿਆ ਸੀ ਅਤੇ ਹੁਣ ਨਕਸਲ ਪ੍ਰਭਾਵਿਤ ਖੇਤਰਾਂ ਵਿੱਚ ਵਿਕਾਸ ਦਾ ਤਿਰੰਗਾ ਲਹਿਰਾ ਰਿਹਾ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਹਥਿਆਰਬੰਦ ਨਕਸਲ ਤਾਂ ਚਲੇ ਗਏ ਹਨ ਪਰ ‘ਦਿਮਾਗੀ ਨਕਸਲ’ ਮੌਕੇ ਦੀ ਭਾਲ ਵਿੱਚ ਹਨ।
ਉਨ੍ਹਾਂ ਮੁਤਾਬਕ ਅਜਿਹੇ ਲੋਕ ਸਮਾਜ ਨੂੰ ਗਲਤ ਰਾਹ ਵੱਲ ਲਿਜਾਣ ਅਤੇ ਨੌਜਵਾਨਾਂ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਪਛਾਣਨਾ ਅਤੇ ਅਲੱਗ ਕਰਨਾ ਜ਼ਰੂਰੀ ਹੈ।
ਇੱਕ ਸਾਲ ’ਚ 1 ਕਰੋੜ ਨੌਜਵਾਨਾਂ ਨੂੰ AI ਟ੍ਰੇਨਿੰਗ
ਨੌਜਵਾਨਾਂ ਲਈ ਵੱਡਾ ਐਲਾਨ ਕਰਦਿਆਂ PM ਮੋਦੀ ਨੇ ਕਿਹਾ ਕਿ ਸਰਕਾਰ ਅਗਲੇ ਇੱਕ ਸਾਲ ਦੌਰਾਨ ਇੱਕ ਕਰੋੜ ਨੌਜਵਾਨਾਂ ਨੂੰ AI ਸਕਿਲਜ਼ ਦੀ ਟ੍ਰੇਨਿੰਗ ਦੇਵੇਗੀ। ਇਸ ਦੇ ਨਾਲ ਹੀ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਲਈ ਕਈ ਪ੍ਰੀਖਿਆਵਾਂ ਦੀ ਮੁਫ਼ਤ ਆਨਲਾਈਨ ਕੋਚਿੰਗ ਦੀ ਵਿਵਸਥਾ ਵੀ ਸ਼ੁਰੂ ਕੀਤੀ ਜਾਵੇਗੀ।
2047 ਤੱਕ ਵਿਕਸਿਤ ਭਾਰਤ ਦਾ ਟੀਚਾ
PM ਮੋਦੀ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਹੈ। ਉਨ੍ਹਾਂ ਮੁਤਾਬਕ ਇਸ ਟੀਚੇ ਲਈ ਦੇਸ਼ ਨੂੰ ਆਪਣੀ ਸੋਚ ਅਤੇ ਵਰਕ ਕਲਚਰ ਵਿੱਚ ਬਦਲਾਅ ਲਿਆਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪਿਛਲੇ 5-7 ਦਹਾਕਿਆਂ ਵਿੱਚ ਜੋ ਕੰਮ ਨਹੀਂ ਹੋ ਸਕੇ, ਉਹ ਅਗਲੇ 5-7 ਸਾਲਾਂ ਵਿੱਚ ਕਰਨੇ ਹੋਣਗੇ।
ਮਹਿਲਾ ਰਿਜ਼ਰਵੇਸ਼ਨ ਅਤੇ ਆਤਮਨਿਰਭਰ ਭਾਰਤ ’ਤੇ ਜ਼ੋਰ
ਮਹਿਲਾ ਰਿਜ਼ਰਵੇਸ਼ਨ ਦਾ ਜ਼ਿਕਰ ਕਰਦਿਆਂ PM ਨੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਨੁਮਾਇੰਦਗੀ ਦੇਣ ਦੀ ਗੱਲ ਕੀਤੀ। ਉਨ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ ਨੂੰ ਲਾਗੂ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਆਤਮਨਿਰਭਰ ਭਾਰਤ ’ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਦੇਸ਼ ਨੂੰ ਦੂਜੇ ਦੇਸ਼ਾਂ ’ਤੇ ਨਿਰਭਰ ਰਹਿ ਕੇ ਨਹੀਂ ਚੱਲਣਾ ਚਾਹੀਦਾ। ਭਾਰਤ ਨੂੰ ਆਪਣੀਆਂ ਸਮਰੱਥਾਵਾਂ ਵਧਾਉਣ ਅਤੇ ਆਪਣੇ ਹਿੱਤਾਂ ਦੀ ਰੱਖਿਆ ਖੁਦ ਕਰਨ ਦੀ ਲੋੜ ਹੈ।
ਵੱਡੇ ਸੁਪਨੇ ਦੇਖਣ ਦੀ ਲੋੜ
PM ਮੋਦੀ ਨੇ ਕਿਹਾ ਕਿ ਹੁਣ ਛੋਟੇ ਸੁਪਨਿਆਂ ਨਾਲ ਕੰਮ ਨਹੀਂ ਚੱਲੇਗਾ। ਵੱਡੇ ਸੁਪਨੇ ਸੋਚ ਨੂੰ ਵਿਸਥਾਰ ਦਿੰਦੇ ਹਨ ਅਤੇ ਮਜ਼ਬੂਤ ਸੰਕਲਪ ਮੁਸ਼ਕਲਾਂ ਤੇ ਆਫ਼ਤਾਂ ਵਿਚੋਂ ਵੀ ਰਸਤਾ ਕੱਢਣ ਦੀ ਸਮਰੱਥਾ ਦਿੰਦੇ ਹਨ।
ਇਸ ਵਾਰ ਲਾਲ ਕਿਲ੍ਹੇ ’ਤੇ ਪਹਿਲੀ ਵਾਰ ‘ਵੰਦੇ ਮਾਤਰਮ’ ਗਾਇਆ ਗਿਆ। PM ਮੋਦੀ ਨੇ 13ਵੀਂ ਵਾਰ ਤਿਰੰਗਾ ਲਹਿਰਾਇਆ, ਜਿਸ ਤੋਂ ਬਾਅਦ ਰਾਸ਼ਟਰਗਾਨ ਅਤੇ 21 ਤੋਪਾਂ ਦੀ ਸਲਾਮੀ ਦਿੱਤੀ ਗਈ।

