ਨਵੀਂ ਦਿੱਲੀ : ਖੁਫੀਆ ਏਜੰਸੀਆਂ ਨੂੰ ਗਣਤੰਤਰ ਦਿਵਸ ‘ਤੇ ਸੰਭਾਵਿਤ ਅੱਤਵਾਦੀ ਸਾਜ਼ਿਸ਼ ਬਾਰੇ ਅਲਰਟ ਮਿਲਿਆ ਹੈ।ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਹਸਤੀਆਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ।
ਨੌਂ ਪੰਨਿਆਂ ਦੀ ਖੁਫੀਆ ਜਾਣਕਾਰੀ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਗਿਆ ਹੈ ਕਿ ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਰੋਹ ਵਿਚ ਪਹੁੰਚਣ ਵਾਲੇ ਪ੍ਰਧਾਨ ਮੰਤਰੀ ਮੋਦੀ ਅਤੇ ਹੋਰ ਹਸਤੀਆਂ ਲਈ ਖ਼ਤਰਾ ਹੈ। ਇਸ ਸਮਾਰੋਹ ਵਿੱਚ ਪੰਜ ਮੱਧ ਏਸ਼ੀਆਈ ਦੇਸ਼ਾਂ – ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਨੇਤਾਵਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾ ਸਕਦਾ ਹੈ।ਨੋਟ ‘ਚ ਦੱਸਿਆ ਗਿਆ ਹੈ ਕਿ ਇਹ ਧਮਕੀ ਪਾਕਿਸਤਾਨ/ਅਫਗਾਨਿਸਤਾਨ-ਪਾਕਿਸਤਾਨ ਤੋਂ ਬਾਹਰ ਸਥਿਤ ਸਮੂਹਾਂ ਤੋਂ ਹੈ। ਰਿਪੋਰਟ ਮੁਤਾਬਕ ਅੱਤਵਾਦੀ ਸੰਗਠਨਾਂ ਦਾ ਉਦੇਸ਼ ਵੱਡੀਆਂ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਣਾ, ਜਨਤਕ ਇਕੱਠਾਂ, ਮਹੱਤਵਪੂਰਨ ਅਦਾਰਿਆਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ‘ਚ ਅਸ਼ਾਂਤੀ ਪੈਦਾ ਕਰਨਾ ਹੈ।
ਡਰੋਨ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਨਪੁਟ ‘ਚ ਕਿਹਾ ਗਿਆ ਹੈ ਕਿ ਅੱਤਵਾਦੀ ਖਤਰੇ ਦੇ ਪਿੱਛੇ ਲਸ਼ਕਰ-ਏ-ਤੋਇਬਾ, ਦ ਰੇਸਿਸਟੈਂਸ ਫੋਰਸ, ਜੈਸ਼-ਏ-ਮੁਹੰਮਦ, ਹਰਕਤ-ਉਲ-ਮੁਜਾਹਿਦੀਨ ਅਤੇ ਹਿਜ਼ਬ-ਉਲ-ਮੁਜਾਹਿਦੀਨ ਵਰਗੇ ਅੱਤਵਾਦੀ ਸੰਗਠਨ ਹਨ।