ਨਵੀ ਦਿੱਲੀ : ਮੱਧ ਪੂਰਬ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਫ਼ੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਸ਼ੇਖ ਜਾਇਦ ਨੂੰ ਈਦ ਦੀਆਂ ਅਗਾਊਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਨੇ ਯੂਏਈ ‘ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ। ਇਸ ਤੋਂ ਇਲਾਵਾ ਦੋਵਾਂ ਨੇਤਾਵਾਂ ਨੇ ਇਸ ਗੱਲ ‘ਤੇ ਵੀ ਸਹਿਮਤੀ ਜਤਾਈ ਕਿ ਹੋਰਮੂਜ਼ ਸਟ੍ਰੇਟ ਵਿੱਚ ਜਹਾਜ਼ਾਂ ਦੀ ਆਵਾਜਾਈ ਦੀ ਆਜ਼ਾਦੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਯੂ.ਏ.ਈ.ਖੇਤਰ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਬਹਾਲ ਕਰਨ ਲਈ ਮਿਲ ਕੇ ਕੰਮ ਕਰਦੇ ਰਹਿਣਗੇ।

ਜ਼ਿਕਰਯੋਗ ਹੈ ਕਿ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ “ਮੈਂ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਨਾਲ ਗੱਲਬਾਤ ਕੀਤੀ ਅਤੇ ਈਦ ਦੀਆਂ ਪਹਿਲਾਂ ਹੀ ਮੁਬਾਰਕਾਂ ਦਿੱਤੀਆਂ। ਅਸੀਂ ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ। ਅਸੀਂ ਯੂਏਈ ‘ਤੇ ਹਾਲ ਹੀ ਵਿੱਚ ਹੋਏ ਹਮਲਿਆਂ ਦੀ ਵੀ ਸਖ਼ਤ ਨਿੰਦਾ ਕੀਤੀ, ਜਿਸ ਵਿੱਚ ਬਹੁਤ ਸਾਰੇ ਮਾਸੂਮ ਲੋਕਾਂ ਦੀ ਜਾਨ ਗਈ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ।”
ਇਸਦੇ ਨਾਲ ਪੀਐਮ ਮੋਦੀ ਨੇ ਅੱਗੇ ਕਿਹਾ ਕਿ ਇਸ ਮੀਟਿੰਗ ਦੌਰਾਨ, ਅਸੀਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਆਵਾਜਾਈ ਸੁਰੱਖਿਅਤ ਅਤੇ ਨਿਰਵਿਘਨ ਹੋਣੀ ਚਾਹੀਦੀ ਹੈ। ਦੋਵੇਂ ਦੇਸ਼ ਮੱਧ ਪੂਰਬ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ ਅਤੇ ਸੁਰੱਖਿਆ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨਗੇ।
ਇਹ ਦੂਜੀ ਵਾਰ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਯੁੱਧ ਦੌਰਾਨ ਯੂਏਈ ਦੇ ਰਾਸ਼ਟਰਪਤੀ ਨਾਲ ਗੱਲ ਕੀਤੀ ਹੈ। ਯੁੱਧ ਸ਼ੁਰੂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਪੱਛਮੀ ਏਸ਼ੀਆ ਦੇ ਕਈ ਨੇਤਾਵਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਵਿੱਚ ਸਾਊਦੀ ਅਰਬ, ਬਹਿਰੀਨ, ਕੁਵੈਤ, ਓਮਾਨ, ਜਾਰਡਨ, ਇਜ਼ਰਾਈਲ ਅਤੇ ਈਰਾਨ ਸ਼ਾਮਲ ਹਨ। ਇਹ ਯੁੱਧ ਈਰਾਨ ‘ਤੇ ਅਮਰੀਕਾ-ਇਜ਼ਰਾਈਲ ਦੇ ਸਾਂਝੇ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ। 28 ਫਰਵਰੀ ਨੂੰ ਸ਼ੁਰੂ ਹੋਇਆ ਇਹ ਯੁੱਧ ਅੱਜ ਵੀ ਜਾਰੀ ਹੈ।
ਈਰਾਨ ਯੁੱਧ ਦਾ ਦੁਨੀਆ ‘ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ ਦੁਨੀਆ ਭਰ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਲਗਭਗ ਬੰਦ ਕਰ ਦਿੱਤਾ ਹੈ, ਜਿੱਥੋਂ ਦੁਨੀਆ ਦੇ ਤੇਲ ਅਤੇ ਗੈਸ ਦਾ 20 ਪ੍ਰਤੀਸ਼ਤ ਲੰਘਦਾ ਹੈ। ਇਹ ਇੱਕ ਬਹੁਤ ਹੀ ਤੰਗ ਪਰ ਜ਼ਰੂਰੀ ਸਮੁੰਦਰੀ ਰਸਤਾ ਹੈ।

