ਪੀ.ਐਮ. ਮੋਦੀ ਨੂੰ ਮਿਲਿਆ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੂਰਨਾ’, ਕਰੋੜਾਂ ਭਾਰਤੀਆਂ ਨੂੰ ਕੀਤਾ ਸਮਰਪਿਤ

Global Team
3 Min Read

ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੰਡੋਨੇਸ਼ੀਆ ਦੌਰੇ ਦਾ ਅੱਜ ਦੂਜਾ ਦਿਨ ਹੈ। ਉਨ੍ਹਾਂ ਨੂੰ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਜਕਾਰਤਾ ਵਿੱਚ ਰਾਸ਼ਟਰਪਤੀ ਪ੍ਰਬੋਵੋ ਸੁਬੀਆੰਤੋ ਨਾਲ ਮੁਲਾਕਾਤ ਕੀਤੀ। ਦੋਵਾਂ ਦੇਸ਼ਾਂ ਵਿਚਾਲੇ ਦੁਵੱਲੀ ਬੈਠਕ ‘ਚ ਕਈ ਅਹਿਮ ਸਮਝੌਤੇ ਹੋਏ।

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆੰਤੋ ਨੇ ਪੀ.ਐਮ. ਮੋਦੀ ਨੂੰ ਆਪਣੇ ਸਰਵਉੱਚ ਸਨਮਾਨ ‘ਬਿੰਤਾਂਗ ਆਦਿਪੂਰਨਾ ਆਫ਼ ਦਿ ਰਿਪਬਲਿਕ ਆਫ਼ ਇੰਡੋਨੇਸ਼ੀਆ ਮੈਡਲ ਆਫ਼ ਆਨਰ’ ਨਾਲ ਨਿਵਾਜ਼ਿਆ ਹੈ। ਇਹ ਸਨਮਾਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਇੰਡੋਨੇਸ਼ੀਆ ਦੀ ਏਕਤਾ, ਨਿਰੰਤਰਤਾ ਅਤੇ ਖੁਸ਼ਹਾਲੀ ਲਈ ਬੇਮਿਸਾਲ ਸੇਵਾ ਕੀਤੀ ਹੋਵੇ। ਇੰਡੋਨੇਸ਼ੀਆ ਨੇ ਪੀ.ਐਮ. ਮੋਦੀ ਨੂੰ ਇਸ ਸਨਮਾਨ ਲਈ ਚੁਣਿਆ ਹੈ।

ਇੰਡੋਨੇਸ਼ੀਆ ਦੇ ਸਰਵਉੱਚ ਨਾਗਰਿਕ ਸਨਮਾਨ ‘ਬਿੰਤਾਂਗ ਆਦਿਪੂਰਨਾ’ ਨਾਲ ਸਨਮਾਨਿਤ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਦੇਸ਼ ਦੇ ਕਰੋੜਾਂ ਭਾਰਤੀਆਂ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੈਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਇੰਡੋਨੇਸ਼ੀਆ ਦਾ ਸਰਵਉੱਚ ਸਨਮਾਨ ਦਿੱਤਾ ਗਿਆ। ਇਹ ਸਨਮਾਨ ਕਰੋੜਾਂ ਭਾਰਤੀਆਂ ਦਾ ਹੈ। ਇਹ ਭਾਰਤ ਅਤੇ ਇੰਡੋਨੇਸ਼ੀਆ ਵਿਚਾਲੇ ਇਤਿਹਾਸਕ ਅਤੇ ਡੂੰਘੇ ਸਬੰਧਾਂ ਦਾ ਪ੍ਰਤੀਕ ਹੈ। ਹੁਣ ਸਾਡੇ ਸਬੰਧ ਵਿਸ਼ਵ ਪੱਧਰ ‘ਤੇ ਵੀ ਅੱਗੇ ਵਧ ਰਹੇ ਹਨ।

ਪੀ.ਐਮ. ਨਰਿੰਦਰ ਮੋਦੀ ਨੇ ਜਕਾਰਤਾ ਵਿੱਚ ਪ੍ਰਬੋਵੋ ਨਾਲ ਸਾਂਝੀ ਮੀਟਿੰਗ ਵਿੱਚ ਕਿਹਾ ਕਿ 2018 ਵਿੱਚ ਬਣੀ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਅੱਜ ਇੱਕ ਨਵੀਂ ਉਡਾਣ ਲੈ ਰਹੀ ਹੈ। ਅਸੀਂ ਵਿਕਾਸ, ਸੁਰੱਖਿਆ, ਤਕਨਾਲੋਜੀ, ਸੱਭਿਆਚਾਰ ਅਤੇ ਸਿੱਖਿਆ ਵਿੱਚ ਕਦਮ ਅੱਗੇ ਵਧਾ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅੱਜ ਤੋਂ ਭਾਰਤ-ਇੰਡੋਨੇਸ਼ੀਆ ਭਾਈਵਾਲੀ ਦਾ ਇੱਕ ਨਵਾਂ ਸੁਨਹਿਰੀ ਅਧਿਆਏ ਸ਼ੁਰੂ ਹੋਵੇਗਾ।

ਪੀ.ਐਮ. ਮੋਦੀ ਨੇ ਅੱਗੇ ਕਿਹਾ ਕਿ ਸਾਡੇ ਦੇਸ਼ਾਂ ਵਿਚਾਲੇ ਵਧਦਾ ਭਰੋਸਾ ਸਾਡੇ ਰੱਖਿਆ ਅਤੇ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰ ਰਿਹਾ ਹੈ। ਅੱਜ ਅਸੀਂ ਰੱਖਿਆ ਦੇ ਆਦਾਨ-ਪ੍ਰਦਾਨ, ਆਫ਼ਤ ਪ੍ਰਬੰਧਨ (ਡਿਜ਼ਾਸਟਰ ਮੈਨੇਜਮੈਂਟ) ਅਤੇ ਉਦਯੋਗਿਕ ਸਹਿਯੋਗ ਨੂੰ ਵਧਾਉਣ ‘ਤੇ ਸਹਿਮਤੀ ਜਤਾਈ ਹੈ। ਅੱਜ ਹੋਏ ਸਮਝੌਤੇ ਨਾਲ ਭਾਰਤ ਦੀਆਂ ਉੱਚ ਗੁਣਵੱਤਾ ਵਾਲੀਆਂ ਅਤੇ ਕਿਫ਼ਾਇਤੀ ਦਵਾਈਆਂ ਇੰਡੋਨੇਸ਼ੀਆ ਦੇ ਨਾਗਰਿਕਾਂ ਨੂੰ ਹੋਰ ਆਸਾਨੀ ਨਾਲ ਉਪਲਬਧ ਹੋਣਗੀਆਂ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment