ਜੰਮੂ-ਕਸ਼ਮੀਰ: CISF ਜਵਾਨ ਨੇ AK-47 ਨਾਲ ਆਪਣੇ ਸਾਥੀਆਂ ’ਤੇ ਕੀਤੀ 150 ਰਾਊਂਡ ਫਾਇਰਿੰਗ, 4 ਜਵਾਨਾਂ ਦੀ ਮੌਤ

Global Team
2 Min Read

ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ CISF ਦੇ ਇੱਕ ਜਵਾਨ ਵੱਲੋਂ ਆਪਣੇ ਹੀ ਸਾਥੀਆਂ ’ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਸ਼ਾਮ ਕਰੀਬ 7:30 ਵਜੇ ਹੋਈ ਇਸ ਗੋਲੀਬਾਰੀ ਵਿੱਚ 4 CISF ਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਅਸਿਸਟੈਂਟ ਕਮਾਂਡੈਂਟ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ CISF ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ।

ਮ੍ਰਿਤਕ CISF ਜਵਾਨਾਂ ਦੀ ਪਛਾਣ ਅਸਿਸਟੈਂਟ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਸਬ-ਇੰਸਪੈਕਟਰ ਲਕਸ਼ਮਣ ਸਿੰਘ, ਕਾਂਸਟੇਬਲ ਰਫ਼ੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ।

ਇਹ ਸਾਰੇ ਜਵਾਨ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਬਸੋਹਲੀ ਇਲਾਕੇ ਦੇ ਇੱਕ ਪਾਵਰ ਪ੍ਰੋਜੈਕਟ ਦੀ ਸੁਰੱਖਿਆ ਲਈ ਤਾਇਨਾਤ ਸਨ। ਮੁੱਢਲੀ ਜਾਣਕਾਰੀ ਮੁਤਾਬਕ ਦੋ ਜਵਾਨਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ। ਇਸ ਦੌਰਾਨ ਇੱਕ ਜਵਾਨ ਨੇ ਗੋਲੀਬਾਰੀ ਕਰ ਦਿੱਤੀ।

ਕਠੂਆ ਪੁਲਿਸ ਨੇ ਕਥਿਤ ਤੌਰ ’ਤੇ ਗੋਲੀ ਚਲਾਉਣ ਵਾਲੇ ਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਦੀ ਜਾਂਚ ਲਈ CISF ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ।

AK-47 ਨਾਲ ਕੀਤੀ ਗੋਲੀਬਾਰੀ

ਸੂਤਰਾਂ ਮੁਤਾਬਕ, ਹੈੱਡ ਕਾਂਸਟੇਬਲ ਅਭਿਦੇਸ਼ ਕੁਮਾਰ ਸਿੰਘ ਨੇ ਦਫ਼ਤਰ ਦੇ ਕੰਪਲੈਕਸ ਵਿੱਚ ਦਾਖ਼ਲ ਹੋ ਕੇ ਆਪਣੀ ਸਰਕਾਰੀ AK-47 ਰਾਈਫ਼ਲ ਨਾਲ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲ ਕਰੀਬ 150 ਰਾਊਂਡ ਗੋਲੀਆਂ ਸਨ।

ਅਭਿਦੇਸ਼ ਕੁਮਾਰ ਸਿੰਘ 2009 ਬੈਚ ਦਾ ਜਵਾਨ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਲਈ CISF ਹੈੱਡਕੁਆਰਟਰ ਵੱਲੋਂ ਕੋਰਟ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ।

ਜਿਸ ਥਾਂ ’ਤੇ CISF ਜਵਾਨਾਂ ਦੀ ਤਾਇਨਾਤੀ ਸੀ, ਉਹ ਸੇਵਾ-3 ਪ੍ਰੋਜੈਕਟ ਬਸੋਹਲੀ ਤਹਿਸੀਲ ਵਿੱਚ ਰਾਵੀ ਦਰਿਆ ’ਤੇ ਬਣਿਆ ਹੋਇਆ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ 1993 ਵਿੱਚ ਕੀਤੀ ਗਈ ਸੀ।

2013 ਵਿੱਚ ਆਈ ਹੜ੍ਹ ਕਾਰਨ ਪ੍ਰੋਜੈਕਟ ਦਾ ਕਰੀਬ 300 ਮੀਟਰ ਲੰਬਾ ਹਿੱਸਾ ਰੁੜ੍ਹ ਗਿਆ ਸੀ। ਇਸ ਤੋਂ ਬਾਅਦ ਇਹ ਪ੍ਰੋਜੈਕਟ ਪੂਰੀ ਤਰ੍ਹਾਂ ਬੰਦ ਦੱਸਿਆ ਜਾ ਰਿਹਾ ਹੈ।

ਇਸ ਘਟਨਾ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਵਿਚਾਲੇ ਆਪਸੀ ਗੋਲੀਬਾਰੀ ਨਾਲ ਜੁੜੀਆਂ ਪਿਛਲੀਆਂ ਘਟਨਾਵਾਂ ਨੂੰ ਵੀ ਚਰਚਾ ਵਿੱਚ ਲਿਆ ਦਿੱਤਾ ਹੈ। ਦਿੱਤੀ ਗਈ ਜਾਣਕਾਰੀ ਮੁਤਾਬਕ ਪਿਛਲੇ 5 ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ 24 ਜਵਾਨਾਂ ਦੀ ਮੌਤ ਹੋ ਚੁੱਕੀ ਹੈ।

Share This Article
Leave a Comment