PM ਮੋਦੀ ਨੇ ਆਸਟ੍ਰੇਲੀਆ ਦੇ PM ਦੇ ਸਾਹਮਣੇ ਉਠਾਇਆ ਮੰਦਿਰਾਂ ‘ਤੇ ਹਮਲੇ ਦਾ ਮੁੱਦਾ

Rajneet Kaur
3 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਦੇ ਦੌਰੇ ‘ਤੇ ਹਨ। ਅੱਜ (ਬੁੱਧਵਾਰ) ਉਨ੍ਹਾਂ ਦੇ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ। ਉਨ੍ਹਾਂ ਨੇ ਸਿਡਨੀ ‘ਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ ਹੈ।  ਅਲਬਾਨੀਜ਼ ਨਾਲ ਦੁਵੱਲੀ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਮੀਡੀਆ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਦੋਵਾਂ ਨੇਤਾਵਾਂ ਵਿਚਾਲੇ ਕਿਹੜੇ-ਕਿਹੜੇ ਮੁੱਦਿਆਂ ‘ਤੇ ਚਰਚਾ ਹੋਈ ਹੈ।

ਪੀਐਮ ਮੋਦੀ ਨੇ ਦੱਸਿਆ ਕਿ ਉਨ੍ਹਾਂ ਨੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੇ ਸਾਹਮਣੇ ਮੰਦਿਰਾਂ ਵਿੱਚ ਹਮਲਿਆਂ ਦਾ ਮੁੱਦਾ ਉਠਾਇਆ ਸੀ ਅਤੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਮਿਲਿਆ ਹੈ। ਪੀਐਮ ਮੋਦੀ ਨੇ ਕਿਹਾ, ਆਸਟਰੇਲੀਆ ਵਿੱਚ ਮੰਦਿਰਾਂ ਉੱਤੇ ਹੋਏ ਹਮਲਿਆਂ ਅਤੇ ਵੱਖਵਾਦੀ ਤੱਤਾਂ ਦੀਆਂ ਗਤੀਵਿਧੀਆਂ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਅਤੇ ਅੱਜ ਵੀ ਗੱਲ ਕੀਤੀ ਹੈ। ਸਾਨੂੰ ਇਹ ਸਵੀਕਾਰ ਨਹੀਂ ਹੈ ਕਿ ਕੋਈ ਵੀ ਤੱਤ ਆਪਣੇ ਵਿਚਾਰਾਂ ਜਾਂ ਕੰਮਾਂ ਨਾਲ ਭਾਰਤ ਅਤੇ ਆਸਟ੍ਰੇਲੀਆ ਦੇ ਸੁਹਿਰਦ ਸਬੰਧਾਂ ਨੂੰ ਠੇਸ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ, ਭਾਰਤ-ਆਸਟ੍ਰੇਲੀਆ ਸਬੰਧਾਂ ਦਾ ਪਰਿਪੇਖ ਸਿਰਫ ਦੋ ਦੇਸ਼ਾਂ ਤੱਕ ਸੀਮਤ ਨਹੀਂ ਹੈ। ਇਹ ਖੇਤਰੀ ਸਥਿਰਤਾ, ਸ਼ਾਂਤੀ ਅਤੇ ਵਿਸ਼ਵ ਭਲਾਈ ਨਾਲ ਵੀ ਜੁੜਿਆ ਹੋਇਆ ਹੈ। ਪੀਐਮ ਮੋਦੀ ਨੇ ਅੱਗੇ ਕਿਹਾ, ਅੱਜ ਖਣਨ ਅਤੇ ਮਹੱਤਵਪੂਰਨ ਖਣਿਜਾਂ ਦੇ ਸਬੰਧ ਵਿੱਚ ਸਾਡੇ ਰਣਨੀਤਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਸਕਾਰਾਤਮਕ ਚਰਚਾ ਹੋਈ ਹੈ। ਨਵਿਆਉਣਯੋਗ ਊਰਜਾ ਵਿੱਚ ਸਹਿਯੋਗ ਲਈ ਠੋਸ ਖੇਤਰਾਂ ਦੀ ਪਛਾਣ ਕੀਤੀ। ਗ੍ਰੀਨ ਹਾਈਡ੍ਰੋਜਨ ‘ਤੇ ਇੱਕ ਟਾਸਕ ਫੋਰਸ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।

ਦਸ ਦਈਏ ਕਿ ਮੋਦੀ ਨੇ ਸਿਡਨੀ ਵਿੱਚ ਲਗਭਗ 20,000 ਭਾਰਤੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਿਡਨੀ ਵਿੱਚ ਆਯੋਜਿਤ ਕਮਿਊਨਿਟੀ ਸਮਾਗਮ ਵਿੱਚ ਭਾਰਤੀਆਂ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਸਿਡਨੀ ਵਿੱਚ ਤੁਹਾਨੂੰ (ਭਾਰਤੀ ਭਾਈਚਾਰੇ) ਨੂੰ ਮਿਲ ਕੇ ਬਹੁਤ ਖੁਸ਼ੀ ਹੋਈ।ਇਸ ਦੇ ਨਾਲ ਹੀ ਪੀਐਮ ਮੋਦੀ ਦੇ ਸੰਬੋਧਨ ਤੋਂ ਪਹਿਲਾਂ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੂੰ ਬੌਸ ਕਿਹਾ। ਉਨ੍ਹਾਂ ਨੇ ਕਿਹਾ, ”ਆਖਰੀ ਵਾਰ ਮੈਂ ਇਸ ਮੰਚ ‘ਤੇ ਬਰੂਸ ਸਪ੍ਰਿੰਗਸਟੀਨ ਨੂੰ ਦੇਖਿਆ ਸੀ, ਪਰ ਉਨ੍ਹਾਂ ਦਾ ਪ੍ਰਧਾਨ ਮੰਤਰੀ ਮੋਦੀ ਵਾਂਗ ਸਵਾਗਤ ਨਹੀਂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਬੌਸ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment