Breaking News

ਦੇਸ਼ ‘ਤੇ ਭਾਰੀ ਪੈ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦਾ ਸੱਤਾ ਦਾ ਹੰਕਾਰ : ਸੁਨੀਲ ਜਾਖੜ

 ਕੁਰਾਲੀ :  ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਤਾ ਦਾ ਹੰਕਾਰ ਦੇਸ਼ ‘ਤੇ ਭਾਰੀ ਪੈਣ ਲੱਗਿਆ ਹੈ । ਲੱਖਾਂ ਲੋਕਾਂ ਦੀ ਕੋਵਿਡ ਕਾਰਨ ਜਾਨਾਂ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਨੇ ਕੋਈ ਸਬਕ ਨਹੀਂ ਲਿਆ ਹੈ। ਲੋਕ ਹਾਲੇ ਸੰਭਲੇ ਵੀ ਨਹੀਂ ਕਿ ਹੁਣ ਡੀਜਲ ਪੈਟ੍ਰੋਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਨੂੰ ਆਰਥਿਕ ਤੌਰ ਤੇ ਮਾਰਨਾ ਸ਼ੁਰੂ ਕਰ ਦਿੱਤਾ ਹੈ,’ ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ।

 

ਸ਼ੁੱਕਰਵਾਰ ਨੂੰ ਕੁਰਾਲੀ ਵਿਖੇ ਕਾਂਗਰਸ ਪਾਰਟੀ ਵੱਲੋਂ ਪੈਟ੍ਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਖਿਲਾਫ ਦੇਸ਼ ਵਿਆਪੀ ਰੋਸ਼ ਪ੍ਰਦਰਸ਼ਨਾਂ ਦੀ ਲੜੀ ਵਿਚ ਆਯੋਜਿਤ ਧਰਨੇ ਮੌਕੇ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੱਤਾ ਦੇ ਹੰਕਾਰ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਆਮ ਲੋਕਾਂ ਨੂੰ ਪੂਰੀ ਤਰਾਂ ਨਾਲ ਵਿਸਾਰ ਦਿੱਤਾ ਹੈ। ਉਨਾਂ ਕਿਹਾ ਕਿ ਪਹਿਲਾਂ ਕੋਵਿਡ ਦੇ ਕੁਪ੍ਰਬੰਧਨ ਕਾਰਨ ਦੇਸ਼ ਦੇ ਲੱਖਾਂ ਪਰਿਵਾਰਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆ ਲਏ ਅਤੇ ਹੁਣ ਮਹਿੰਗਾਈ ਰਾਹੀਂ ਦੇਸ਼ ਦੀ ਸਰਕਾਰ ਲੋਕਾਂ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ।

ਕੋਵਿਡ ਦੀ ਦੂਜੀ ਲਹਿਰ ਤੋਂ ਪਹਿਲਾਂ ਵੈਕਸੀਨ ਆਪਣੇ ਦੇਸ਼ ਵਾਸੀਆਂ ਨੂੰ ਮੁਹਈਆ ਕਰਵਾਉਣ ਦੀ ਬਜਾਏ ਵਿਦੇਸਾਂ ਵਿਚ ਭੇਜਣਾ, ਆਕਸਜੀਨ, ਦਵਾਈਆਂ ਆਦਿ ਦੀ ਕਾਲਾਬਜ਼ਾਰੀ ਨੇ ਦੇਸ਼ ਵਿਚ ਤਰਸਯੋਗ ਹਲਾਤ ਸਿਰਜ ਦਿੱਤੇ ਸਨ ਅਤੇ ਗੰਗਾ ਦੇ ਕਿਨਾਰੇ ਮੋਦੀ ਸਰਕਾਰ ਦੀ ਨਕਾਮੀ ਦੀ ਗਵਾਹ ਬਣ ਗਏ ਜਿੱਥੇ ਹਜਾਰਾਂ ਬਦਨਸੀਬਾਂ ਨੂੰ ਦਫ਼ਨਾ ਦਿੱਤਾ ਗਿਆ।

ਜਾਖੜ ਨੇ ਕਿਹਾ ਕਿ ਮੋਦੀ ਸਰਕਾਰ ਤੇਲ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਨਿੱਜੀ ਕੰਪਨੀਆਂ ਦੇ ਪੰਪਾਂ ਨੂੰ ਲਾਭ ਪਹੁੰਚਾ ਰਹੀ ਹੈ ਜਦ ਕਿ ਆਮ ਲੋਕ ਅਤੇ ਕਿਸਾਨ ਇਸ ਮਹਿੰਗਾਈ ਨਾਲ ਪਿਸ ਰਹੇ ਹਨ। ਉਨਾਂ ਨੇ ਕਿਹਾ ਕਿ ਪਿੱਛਲੇ 13 ਮਹੀਨੇ ਵਿਚ ਪੈਟ੍ਰੋਲ 25.72 ਰੁਪਏ ਅਤੇ ਡੀਜਲ 23.93 ਰੁਪਏ ਮਹਿੰਗਾ ਹੋਇਆ ਹੈ ਅਤੇ ਇਸ ਸਾਲ ਵੀ 43 ਵਾਰ ਤੇਲ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ।

ਜਾਖੜ ਨੇ ਕਿਹਾ ਕਿ ਜਦ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਕੱਚਾ ਤੇਲ 125 ਡਾਲਰ ਪ੍ਰਤੀ ਬੈਰਲ ਸੀ ਅਤੇ ਡੀਜਲ ਦੀ ਕੀਮਤ 54 ਰੁਪਏ ਸੀ ਜਦ ਕਿ ਹੁਣ ਕੱਚਾ ਤੇਲ ਅੱਧੀ ਕੀਮਤ ਤੇ ਮਿਲ ਰਿਹਾ ਹੈ ਅਤੇ ਡੀਜਲ ਦੀ ਕੀਮਤ ਲਗਭਗ ਦੁੱਗਣੀ ਕਰ ਦਿੱਤੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਆਰਡੀਐਫ, ਜੀਐਸਟੀ ਦੀ ਅਦਾਇਗੀ ਨਹੀਂ ਕਰ ਰਹੀ ਹੈ ਅਤੇ ਹਰ ਤਰੀਕੇ ਨਾਲ ਪੰਜਾਬ ਨੂੰ ਦਬਾਇਆ ਜਾ ਰਿਹਾ ਹੈ। ਜਦ ਕਿ ਡੀਜਲ ਪੈਟ੍ਰੋਲ ਤੋਂ ਟੈਕਸਾਂ ਦੇ ਰੂਪ ਵਿਚ ਕੇਂਦਰ ਸਰਕਾਰ ਹਰ ਸਾਲ 3 ਲੱਖ ਕਰੋੜ ਰੁਪਏ ਦੀ ਉਗਰਾਹੀ ਕਰਦੀ ਹੈ ਪਰ ਆਮ ਲੋਕਾਂ ਨੂੰ ਇਸ ਦਾ ਕੋਈ ਲਾਭ ਨਹੀਂ ਹੋ ਰਿਹਾ ਹੈ। ਉਨਾਂ ਨੇ ਇਸ ਮੌਕੇ ਆਮ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਉਠ ਖੜੇ ਹੋਣ ਦਾ ਸੱਦਾ ਦਿੱਤਾ।

Check Also

ਬਲਾਤਕਾਰੀ ਅਤੇ ਕਾਤਲ ਰਾਮ ਰਹੀਮ ਦੀ ਰਿਹਾਈ ਖਿਲਾਫ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਲਈ ਵਾਪਿਸ!

ਅੰਮ੍ਰਿਤਸਰ : ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ‘ਚ ਸਜ਼ਾ ਯਾਫਤਾ ਗੁਰਮੀਤ ਰਾਮ ਰਹੀਮ ਇੰਨੀ ਦਿਨੀਂ …

Leave a Reply

Your email address will not be published. Required fields are marked *