ਬਜਟ ਇਜਲਾਸ ਦੌਰਾਨ ਲੋਟੂ ਬਿਜਲੀ ਸਮਝੌਤੇ ਰੱਦ ਨਾ ਕੀਤੇ ਤਾਂ ‘ਮੋਤੀ ਮਹਿਲ’ ਦੀ ਬਿਜਲੀ ਗੁੱਲ ਕਰੇਗੀ ‘ਆਪ’: ਹਰਪਾਲ ਚੀਮਾ

TeamGlobalPunjab
5 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੱਤਾਧਾਰੀ ਕਾਂਗਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਆਗਾਮੀ ਬਜਟ ਇਜਲਾਸ ਦੌਰਾਨ ਕੈਪਟਨ ਸਰਕਾਰ ਨਿੱਜੀ ਬਿਜਲੀ ਕੰਪਨੀਆਂ ਨਾਲ ਪਿਛਲੀ ਬਾਦਲ ਸਰਕਾਰ ਵੱਲੋਂ ਕੀਤੇ ਲੋਟੂ ਬਿਜਲੀ ਖ਼ਰੀਦ ਸਮਝੌਤੇ (ਪੀਪੀਏਜ਼) ਰੱਦ ਨਹੀਂ ਕਰਦੀ ਤਾਂ ਸੂਬੇ ਦੋ ਲੋਕਾਂ ਨੂੰ ਨਾਲ ਲੈ ਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ‘ਮੋਤੀ ਮਹਿਲ’ ਦਾ ਬਿਜਲੀ ਕੁਨੈਕਸ਼ਨ ਕੱਟ ਕੇ ਮਹਿਲਾਂ ਦੀ ਬਿਜਲੀ ਗੁੱਲ ਕਰੇਗੀ।

ਸ਼ੁੱਕਰਵਾਰ ਨੂੰ ਬਜਟ ਇਜਲਾਸ ਦੇ ਮੱਦੇਨਜ਼ਰ ‘ਆਪ’ ਵਿਧਾਇਕ ਦਲ ਦੀ ਚੰਡੀਗੜ੍ਹ ‘ਚ ਹੋਈ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ ‘ਚ ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਵਿਧਾਨ ਸਭਾ ਦੇ ਦਫ਼ਤਰ ਸਕੱਤਰ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਸਮੇਤ ਕੋਰ ਕਮੇਟੀ ਮੈਂਬਰ ਸੁਖਵਿੰਦਰ ਸੁੱਖੀ, ਗੈਰੀ ਬੜਿੰਗ ਅਤੇ ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਸ਼ਾਮਲ ਸਨ।

ਬੈਠਕ ਉਪਰੰਤ ਮੀਡੀਆ ਦੇ ਰੂਬਰੂ ਹੁੰਦਿਆਂ ਹਰਪਾਲ ਸਿੰਘ ਚੀਮਾ ਨੇ ਬੈਠਕ ਦੌਰਾਨ ਸਭ ਤੋਂ ਪਹਿਲਾਂ 2 ਮਿੰਟ ਦਾ ਮੋਨ ਰੱਖ ਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਚੀਮਾ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਅਸਰ ਨਾ ਕੇਵਲ ਪੰਜਾਬ ਬਲਕਿ ਪੂਰੇ ਦੇਸ਼ ਸਮੇਤ ਵਿਦੇਸ਼ਾਂ ‘ਚ ਵੀ ਸਾਫ਼ ਦਿੱਖ ਰਿਹਾ ਹੈ, ਕਿਉਂਕਿ ਇਹ ਫ਼ਿਰਕੂ ਅਤੇ ਵੰਡ ਪਾਊ ਸੋਚ ‘ਤੇ ਕੰਮ ਦੀ ਰਾਜਨੀਤੀ ਦੀ ਜਿੱਤ ਹੈ। ਦਿੱਲੀ ਦੀ ਜਿੱਤ ਉਨ੍ਹਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ। ਜਿੰਨਾ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ‘ਭਾਰਤ ਬਨਾਮ ਪਾਕਿਸਤਾਨ’ ਬਣਾਉਣ ਦੀ ਨਾਪਾਕ ਕੋਸ਼ਿਸ਼ ਕੀਤੀ ਸੀ।

ਚੀਮਾ ਮੁਤਾਬਿਕ ਦਿੱਲੀ ਚੋਣਾਂ ਨੇ ਕਾਂਗਰਸ ਨੂੰ ਇੱਕ ਵਾਰ ਫਿਰ ਜ਼ੀਰੋ ਸਾਬਤ ਕੀਤਾ ਅਤੇ ਪੰਜਾਬ ਅੰਦਰ ਵੀ ਕਾਂਗਰਸ ਦਾ ਇਹੋ ਹਸ਼ਰ ਹੋਣਾ ਯਕੀਨੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ‘ਚ ਮਾਫ਼ੀਆ ਰਾਜ ਦੀ ਜੜ੍ਹ ਲਗਾਉਣ ਵਾਲੇ ਅਤੇ ਬੇਅਦਬੀ ਦੇ ਦੋਸ਼ੀ ਬਾਦਲਾਂ ਨੂੰ ਲੋਕਾਂ ਦੇ ਨਾਲ-ਨਾਲ ਭਾਜਪਾ ਨੇ ਵੀ ਮੂੰਹ ਲਗਾਉਣਾ ਬੰਦ ਕਰ ਦਿੱਤਾ ਹੈ। ਚੀਮਾ ਨੇ ਦ੍ਰਿੜਤਾ ਨਾਲ ਕਿਹਾ ਕਿ ਕੇਜਰੀਵਾਲ ਦਾ ਵਿਕਾਸ ਮਾਡਲ ਪੰਜਾਬ ‘ਚ ਵੀ ਸੁਪਰਹਿੱਟ ਰਹੇਗਾ।

- Advertisement -

ਚੀਮਾ ਨੇ ਇਹ ਵੀ ਕਿਹਾ ਕਿ ਜੇਕਰ ਸਰਕਾਰ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਨਹੀਂ ਦਿੰਦੀ ਤਾਂ ਮੋਤੀ ਮਹਿਲ ਤੋਂ ਬਾਅਦ ਸਾਰੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟੇ ਜਾਣਗੇ। ਇਸ ਮੌਕੇ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਅਤੇ ਸਾਰੇ ਵਿਧਾਇਕਾਂ, ਆਗੂਆਂ ਦੀ ਤਰਫ਼ੋਂ ਦਿੱਲੀ ‘ਚ ਦਿਨ ਰਾਤ ਕਰਨ ਵਾਲੇ ਪੰਜਾਬ ਦੇ ਵਲੰਟੀਅਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਇਹ ਬਜਟ ਸੈਸ਼ਨ ਮੁੱਖ ਮੰਤਰੀ ਦੇ ਨਾਲ-ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵੀ ‘ਅਗਨ ਪ੍ਰੀਖਿਆ’ ਹੋਵੇਗੀ, ਕਿਉਂਕਿ ਮਨਪ੍ਰੀਤ ਬਾਦਲ ਨੇ ਆਪਣੇ ਪਹਿਲੇ ਬਜਟ ਇਜਲਾਸ ‘ਚ ਪੰਜਾਬ ਅਤੇ ਪੰਜਾਬ ਦੀ ਆਰਥਿਕਤਾ ਨੂੰ ਲੀਹ ‘ਤੇ ਲਿਆਉਣ ਲਈ 3 ਸਾਲਾਂ ਦੀ ਮੋਹਲਤ ਮੰਗੀ ਸੀ।

ਮਨਪ੍ਰੀਤ ਬਾਦਲ ਨੂੰ ਫੇਲ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਤੱਕ ਦਾ ਸਭ ਤੋਂ ਨਖਿੱਧ-ਨਿਕੰਮਾ ਮੁੱਖ ਮੰਤਰੀ ਕਰਾਰ ਦਿੰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪ੍ਰਤੀ ਸਾਲ ਬਾਦਲਾਂ ਵੇਲੇ ਸੂਬੇ ਸਿਰ ਜੋ ਕਰਜ਼ ਪ੍ਰਤੀ ਸਾਲ 13000 ਕਰੋੜ ਰੁਪਏ ਚੜ੍ਹਦਾ ਸੀ ਉਹ ਹੁਣ ਵੱਧ ਕੇ ਪ੍ਰਤੀ ਸਾਲ 16000 ਕਰੋੜ ਰੁਪਏ ਤੱਕ ਵਧ ਰਿਹਾ ਹੈ। ਨਤੀਜਾ ਇਹ ਨਿਕਲਿਆ ਜਿਹੜਾ ਪੰਜਾਬ 1985-86 ਤੱਕ ਸਰਪਲੱਸ ਖ਼ਜ਼ਾਨੇ ਦਾ ਮਾਲਕ ਸੀ। ਉਹ ਅੱਜ ਕਰੀਬ ਢਾਈ ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਿਆ ਹੈ।

ਅਮਨ ਅਰੋੜਾ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਪਾਰਟੀ ਬਿਜਲੀ ਸਮਝੌਤੇ ਰੱਦ ਕਰਨ, ਆਵਾਰਾ ਪਸ਼ੂਆਂ, ਸ਼ਰਾਬ ਕਾਰਪੋਰੇਸ਼ਨ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਮਤੇ ਅਤੇ ਪ੍ਰਾਈਵੇਟ ਮੈਂਬਰ ਬਿਲ ਸਦਨ ‘ਚ ਲਿਆ ਰਹੀ ਹੈ। ਉਨ੍ਹਾਂ ਪੰਜਾਬ ਦੇ ਲੋਕਾਂ, ਕਿਸਾਨ ਯੂਨੀਅਨਾਂ ਅਤੇ ਹਰੇਕ ਨਾਗਰਿਕ ਨੂੰ ਅਪੀਲ ਕੀਤੀ ਕਿ ਉਹ ਆਵਾਰਾ ਪਸ਼ੂਆਂ ਉੱਤੇ ‘ਆਪ’ ਵੱਲੋਂ ਲਿਆਂਦੇ ਜਾ ਰਹੇ ਮਤੇ ਦੀ ਹਿਮਾਇਤ ਲਈ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ‘ਤੇ ਦਬਾਅ ਬਣਾਉਣ।

ਇਸ ਮੌਕੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ 20 ਫਰਵਰੀ ਨੂੰ ਹੋ ਰਹੀ ਹੈ। ਜਿਸ ‘ਚ ਕਈ ਭਖਵੇਂ ਮੁੱਦਿਆਂ ‘ਤੇ ਪਾਰਟੀ ਪ੍ਰੋਗਰਾਮ ਪੇਸ਼ ਕਰੇਗੀ। ਇਸ ਮੌਕੇ ਪਾਰਟੀ ਦੇ ਬੁਲਾਰੇ ਗੋਵਿੰਦਰ ਮਿੱਤਲ, ਸਤਬੀਰ ਵਾਲੀਆ, ਕੁਲਜਿੰਦਰ ਢੀਂਡਸਾ, ਜਸਪਾਲ ਸਿੰਘ ਤਲਵੰਡੀ, ਗੁਰਮੇਲ ਸਿੰਘ ਸਿੱਧੂ, ਪ੍ਰਭਜੋਤ ਕੌਰ ਅਤੇ ਹੋਰ ਆਗੂ ਮੌਜੂਦ ਸਨ।

Share this Article
Leave a comment