ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਵਿੱਚ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਲੋਕਾਂ ਨੂੰ ਪੈਟਰੋਲ-ਡੀਜ਼ਲ ਦੀ ਵਰਤੋਂ ਘਟਾਉਣ ਦੀ ਅਪੀਲ ਕੀਤੀ ਹੈ। ਪੱਛਮੀ ਏਸ਼ੀਆ ਵਿੱਚ ਜਾਰੀ ਸੰਕਟ ਅਤੇ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਮਾਹੌਲ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕਰਦਿਆਂ ਪੈਟਰੋਲ ਅਤੇ ਡੀਜ਼ਲ ਬਚਾਉਣ ਲਈ ਕਿਹਾ ਹੈ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਕੋਵਿਡ ਦੇ ਸਮੇਂ ਕਈ ਤਰ੍ਹਾਂ ਦੀਆਂ ਵਿਵਸਥਾਵਾਂ ਬਣਾਈਆਂ ਸਨ ਅਤੇ ਹੁਣ ਸਮੇਂ ਦੀ ਮੰਗ ਹੈ ਕਿ ਅਸੀਂ ਉਨ੍ਹਾਂ ਵਿਵਸਥਾਵਾਂ ਨੂੰ ਦੁਬਾਰਾ ਸ਼ੁਰੂ ਕਰੀਏ।
ਪੀਐਮ ਮੋਦੀ ਨੇ ਕਿਹਾ ਕਿ, “ਅਸੀਂ ਕੋਰੋਨਾ ਦੇ ਸਮੇਂ ਵਿੱਚ ਵਰਕ ਫਰਾਮ ਹੋਮ, ਆਨਲਾਈਨ ਮੀਟਿੰਗਾਂ, ਵੀਡੀਓ ਕਾਨਫਰੰਸਿੰਗ… ਅਜਿਹੀਆਂ ਕਈ ਵਿਵਸਥਾਵਾਂ ਵਿਕਸਿਤ ਕੀਤੀਆਂ ਸਨ ਅਤੇ ਸਾਨੂੰ ਇਨ੍ਹਾਂ ਦੀ ਆਦਤ ਵੀ ਪੈ ਗਈ ਸੀ। ਅੱਜ ਸਮੇਂ ਦੀ ਮੰਗ ਅਜਿਹੀ ਹੈ ਕਿ ਜੇਕਰ ਅਸੀਂ ਉਨ੍ਹਾਂ ਵਿਵਸਥਾਵਾਂ ਨੂੰ ਫਿਰ ਤੋਂ ਸ਼ੁਰੂ ਕਰੀਏ, ਤਾਂ ਉਹ ਦੇਸ਼ ਦੇ ਹਿੱਤ ਵਿੱਚ ਹੋਵੇਗਾ ਅਤੇ ਸਾਨੂੰ ਇਨ੍ਹਾਂ ਨੂੰ ਮੁੜ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਅੱਜ ਜੋ ਸੰਕਟ ਹੈ, ਉਸ ਵਿੱਚ ਸਾਨੂੰ ਵਿਦੇਸ਼ੀ ਮੁਦਰਾ ਬਚਾਉਣ ‘ਤੇ ਵੀ ਬਹੁਤ ਜ਼ੋਰ ਦੇਣਾ ਹੋਵੇਗਾ। ਕਿਉਂਕਿ ਦੁਨੀਆ ਵਿੱਚ ਪੈਟਰੋਲ-ਡੀਜ਼ਲ ਇੰਨਾ ਮਹਿੰਗਾ ਹੋ ਗਿਆ ਹੈ, ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਪੈਟਰੋਲ-ਡੀਜ਼ਲ ਦੀ ਖਰੀਦ ‘ਤੇ ਜੋ ਵਿਦੇਸ਼ੀ ਮੁਦਰਾ ਖਰਚ ਹੁੰਦੀ ਹੈ, ਪੈਟਰੋਲ-ਡੀਜ਼ਲ ਬਚਾ ਕੇ ਅਸੀਂ ਉਸ ਮੁਦਰਾ ਨੂੰ ਵੀ ਬਚਾਈਏ।”
ਵਿਸ਼ਵਵਿਆਪੀ ਅਨਿਸ਼ਚਿਤਤਾ ਨੂੰ ਲੈ ਕੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਪੈਟਰੋਲ-ਡੀਜ਼ਲ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ, “ਦੁਨੀਆ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਖਾਣ-ਪੀਣ, ਬਾਲਣ (Fuel) ਅਤੇ ਖਾਦ ‘ਤੇ ਬਹੁਤ ਬੁਰਾ ਅਸਰ ਪਿਆ। ਪਿਛਲੇ ਪੰਜ-ਛੇ ਸਾਲਾਂ ਤੋਂ ਸਾਡੀ ਸਰਕਾਰ ਇਸ ਸੰਕਟ ਨਾਲ ਨਜਿੱਠਣ ਲਈ ਲਗਾਤਾਰ ਕੰਮ ਕਰ ਰਹੀ ਹੈ।”
ਉਨ੍ਹਾਂ ਕਿਹਾ, “ਜੰਗ ਕਾਰਨ, ਦੁਨੀਆ ਭਰ ਵਿੱਚ ਪੈਟਰੋਲ, ਡੀਜ਼ਲ, ਗੈਸ ਅਤੇ ਖਾਦ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ ਅਤੇ ਸਾਰੀਆਂ ਹੱਦਾਂ ਪਾਰ ਕਰ ਗਈਆਂ ਹਨ। ਭਾਰਤ ਕੋਲ ਤੇਲ ਦੇ ਵੱਡੇ ਭੰਡਾਰ ਨਹੀਂ ਹਨ। ਸਾਨੂੰ ਦੂਜੇ ਦੇਸ਼ਾਂ ਤੋਂ ਵੱਡੀ ਮਾਤਰਾ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦਰਾਮਦ (Import) ਕਰਨੀ ਪੈਂਦੀ ਹੈ।”
ਉਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ, ‘ਇਸ ਵਿਸ਼ਵਵਿਆਪੀ ਸੰਕਟ ਵਿੱਚ, ਸਾਨੂੰ ਕੁਝ ਸੰਕਲਪ ਲੈਣੇ ਹੋਣਗੇ ਅਤੇ ਉਨ੍ਹਾਂ ਨੂੰ ਪੂਰੀ ਨਿਸ਼ਠਾ ਨਾਲ ਪੂਰਾ ਕਰਨਾ ਹੋਵੇਗਾ। ਇੱਕ ਵੱਡਾ ਸੰਕਲਪ ਹੈ- ਪੈਟਰੋਲ ਅਤੇ ਡੀਜ਼ਲ ਦੀ ਸਮਝਦਾਰੀ ਨਾਲ ਵਰਤੋਂ ਕਰਨਾ। ਸਾਨੂੰ ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਘੱਟ ਕਰਨੀ ਹੋਵੇਗੀ।’

