ਪੀਐੱਮ ਮੋਦੀ ਨੇ 20 ਲੱਖ ਕਰੋੜ ਦੇ ਵਿਸ਼ੇਸ਼ ਆਰਥਿਕ ਪੈਕੇਜ਼ ਦਾ ਕੀਤਾ ਐਲਾਨ,17 ਮਈ ਤੋਂ ਬਾਅਦ ਵੀ ਤਾਲਾਬੰਦੀ ਰਹੇਗੀ ਜਾਰੀ

TeamGlobalPunjab
2 Min Read

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੋਰੋਨਾ ਸੰਕਟ ਦੇ ਦੌਰਾਨ ਰਾਸ਼ਟਰ ਨੂੰ 5ਵੀ ਵਾਰ ਸੰਬੋਧਿਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਦੇਸ਼ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਇੱਕ ਵਿਸ਼ੇਸ਼ ਆਰਥਿਕ ਪੈਕੇਜ ਦਾ ਐਲਾਨ ਕੀਤਾ, ਜਿਸ ਦੀ ਵਿਸਥਾਰ ਨਾਲ ਜਾਣਕਾਰੀ ਵਿੱਤ ਮੰਤਰਾਲੇ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰਾਲੇ ਅਤੇ ਆਰਬੀਆਈ ਵੱਲੋਂ ਐਲਾਨੇ ਪੈਕੇਜ ਨੂੰ ਮਿਲਾ ਕੇ ਇਹ ਪੈਕੇਜ ਲਗਭਗ  20 ਲੱਖ ਕਰੋੜ ਰੁਪਏ ਬਣਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੌਥੀ ਤਾਲਾਬੰਦੀ 18 ਮਈ ਨੂੰ ਲਾਗੂ ਹੋਵੇਗੀ ਜਿਸ ਦੇ ਸਾਰੇ ਨਿਯਮ ਨਵੇਂ ਹੋਣਗੇ। ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਪਿਛਲੇ 4 ਮਹੀਨੇ ਤੋਂ ਜਾਨਲੇਵਾ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੇਸ਼ ਦੇ ਬਹੁਤ ਸਾਰੇ ਪਰਿਵਾਰਾਂ ਨੇ ਆਪਣਿਆਂ ਨੂੰ ਗੁਆਇਆ ਹੈ ਮੈਂ ਉਨ੍ਹਾਂ ਸਾਰਿਆਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਿਰ ਕਰਦਾ ਹਾਂ।

ਪੀਐੱਮ ਮੋਦੀ ਨੇ ਕਿਹਾ ਕਿ 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ, 2020 ‘ਚ ਦੇਸ਼ ਦੀ ਵਿਕਾਸ ਯਾਤਰਾ ਨੂੰ ਸਵੈ-ਨਿਰਭਰ ਭਾਰਤ ਅਭਿਆਨ ਨੂੰ ਇੱਕ ਨਵੀਂ ਰਫਤਾਰ ਦੇਵੇਗਾ। ਇਹ ਪੈਕੇਜ ਭਾਰਤ ਦੀ ਜੀ.ਡੀ.ਪੀ. ਦਾ ਲਗਭਗ 10 ਫੀਸਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਪੈਕੇਜ ਸਾਡੇ ਛੋਟੇ, ਘਰੇਲੂ ਉਦਯੋਗਾਂ ਲਈ ਹੈ ਜੋ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹਨ। ਇਹ ਆਰਥਿਕ ਪੈਕੇਜ ਦੇਸ਼ ਦੇ ਉਸ ਮਜ਼ਦੂਰ ਅਤੇ ਕਿਸਾਨੀ ਲਈ ਹੈ, ਜੋ ਹਰ ਮੌਸਮ ਵਿੱਚ, ਹਰ ਸਥਿਤੀ ਵਿੱਚ ਦੇਸ਼ ਵਾਸੀਆਂ ਲਈ ਦਿਨ ਰਾਤ ਮਿਹਨਤ ਕਰਦਾ ਹੈ ਨਾਲ ਹੀ ਇਹ ਪੈਕੇਜ ਉਸ ਮੱਧ ਵਰਗ ਲਈ ਹੈ ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦਾ ਹੈ।

ਪੀਐੱਮ ਮੋਦੀ ਨੇ ਕਿਹਾ ਕਿ ਇਸ ਆਰਥਿਕ ਪੈਕੇਜ ‘ਚ ਹਰ ਵਰਗ ਲਈ ਮਹੱਤਵਪੂਰਨ ਐਲਾਨ ਕੀਤਾ ਜਾਵੇਗਾ ਅਤੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਬਾਅਦ ਵਿਚ ਵਿੱਤ ਮੰਤਰਾਲੇ ਦੁਆਰਾ ਦਿੱਤੀ ਜਾਵੇਗੀ।

- Advertisement -

Share this Article
Leave a comment