ਸੂਬੇ ਦੇ ਦੋ ਮੰਤਰੀਆਂ ‘ਚ ਚੱਲ ਰਹੇ ਵਿਵਾਦ ਨੂੰ ਜਾਤੀ ਰੰਗ ਦੇਣ ਦੀ ਕੋਸ਼ਿਸ਼

TeamGlobalPunjab
2 Min Read

ਚੰਡੀਗੜ੍ਹ: ਸੂਬੇ ‘ਚ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਿੱਚ ਚੱਲ ਰਹੇ ਵਿਵਾਦ ਦੇ ਸਿਲਸਿਲੇ ਨੇ ਜਾਤੀ ਰੰਗਤ ਲੈਣੀ ਸ਼ੁਰੂ ਕਰ ਦਿੱਤੀ ਹੈ । ਹੁਣ ਕਾਂਗਰਸ ਇਸ ਗੱਲ ਦੀ ਜਾਂਚ ਕਰਵਾਏਗੀ ਕਿ ਆਖਰ ਇਸ ਪੂਰੇ ਮਾਮਲੇ ਵਿੱਚ ਜਾਤੀ ਕਿੱਥੋ ਆ ਗਈ ।

ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਹਨ ਅਤੇ ਇਸ ਮਾਮਲੇ ਨੂੰ ਸਭ ਤੋਂ ਪਹਿਲਾਂ ਭੋਆ ਦੇ ਦਲਿਤ ਵਿਧਾਇਕ ਜੋਗਿੰਦਰ ਪਾਲ ਨੇ ਅੱਗ ‘ਚ ਤੇਲ ਪਾਉਣ ਦਾ ਕੰਮ ਕਰ ਦਿੱਤਾ ਸੀ। ਪਾਰਟੀ ਦੀ ਪਰੇਸ਼ਾਨੀ ਵੀ ਇਸ ਗੱਲ ਨੂੰ ਲੈ ਕੇ ਹੀ ਹੈ ਕਿ ਜਦੋਂ ਚੰਨੀ ਨੇ ਇਹ ਗੱਲ ਮੀਡਿਆ ਵਿੱਚ ਨਹੀਂ ਕਹੀ ਤਾਂ ਜੋਗਿੰਦਰ ਪਾਲ ਨੇ ਕਿਵੇਂ ਇਸ ਮਾਮਲੇ ਨੂੰ ਜਾਤੀ ਰੰਗਤ ਦੇ ਦਿੱਤੀ।

ਉਥੇ ਹੀ , ਚੰਨੀ ਨੇ ਮੀਡਿਆ ਨੂੰ ਦਿੱਤੇ ਬਿਆਨ ਵਿੱਚ ਵਾਰ – ਵਾਰ ਦਲਿਤ ਹੋਣ ‘ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਰਫਿਊ ਨਾਂ ਲੱਗਿਆ ਹੁੰਦਾ ਤਾਂ ਪੂਰੇ ਸੂਬੇ ਵਿੱਚ ਭੰਨਤੋੜ ਹੋ ਜਾਂਦੀ। ਪਾਰਟੀ ਚੰਨੀ ਦੇ ਇਸ ਬਿਆਨ ਨੂੰ ਵੀ ਗੰਭੀਰਤਾ ਨਾਲ ਲੈ ਰਹੀ ਹੈ ਕਿ ਕਿਤੇ ਅਜਿਹਾ ਨਾਂ ਹੋਵੇ ਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੋਵੇ ਅਤੇ ਉਸਨੂੰ ਰੂਪ ਕੋਈ ਹੋਰ ਦਿੱਤਾ ਜਾ ਰਿਹਾ ਹੋਵੇ। ਹਾਲਾਂਕਿ ਚੰਨੀ ਅਤੇ ਬਾਜਵਾ ਵਿੱਚ ਜਾਤੀਵਾਦ ਵਰਗੀ ਕੋਈ ਗੱਲ ਨਹੀਂ ਸੀ। ਇਸਦੇ ਬਾਵਜੂਦ ਮਾਮਲਾ ਜਾਤੀ ਰੂਪ ਲੈ ਗਿਆ।

ਚੰਨੀ ਨੇ ਦਾਅਵਾ ਕੀਤਾ ਸੀ ਕਿ ਬਾਜਵਾ ਉਨ੍ਹਾਂ ਦੇ ਘਰ ਆਏ ਤੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ। ਜਦੋਂ ਕਿ ਬਾਜਵਾ ਨੇ ਚੰਨੀ ਦੇ ਘਰ ਜਾਣ ਦੀ ਗੱਲ ਕਬੂਲ ਕਰਦਿਆਂ ਕਿਹਾ ਕਿ ਉਨ੍ਹਾਂ ਕੋਈ ਧਮਕੀ ਨਹੀਂ ਦਿੱਤੀ । ਉਨ੍ਹਾਂ ਕਿਹਾ ਕਿ ਉਹ ਚੰਨੀ ਦਾ ਸਤਿਕਾਰ ਕਰਦੇ ਹਨ ਕਿਉਂਕਿ ਉਹ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਹਨ। ਬਾਜਵਾ ਨੇ ਚੰਨੀ ਨੂੰ ਭਲਾ ਬੰਦਾ ਦੱਸਦੇ ਹੋਏ ਕਿਹਾ ਕਿ ਕਾਂਗਰਸ ਵਿਚ ਜਾਤਪਾਤ ਵਾਲੀ ਕੋਈ ਗੱਲ ਨਹੀਂ ਹੈ।

- Advertisement -

Share this Article
Leave a comment