ਪੀਐੱਮ-ਕਿਸਾਨ ਯੋਜਨਾ: ਸਭ ਤੋਂ ਜਿਆਦਾ ‘ਅਯੋਗ’ ਲਾਭਪਾਤਰੀ ਪੰਜਾਬ ’ਚ

TeamGlobalPunjab
2 Min Read

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਆਪਣੀ ਅਤਿ ਉਤਸ਼ਾਹੀ ਪੀਐੱਮ-ਕਿਸਾਨ ਯੋਜਨਾ ਤਹਿਤ 20.48 ਲੱਖ ਅਯੋਗ ਲਾਭਪਾਤਰੀਆਂ ਨੂੰ 1364 ਕਰੋੜ ਰੁਪਏ ਦੀ ਅਦਾਇਗੀ ਦਿੱਤੀ ਹੈ। ਇਹ ਖੁਲਾਸਾ ਸੂਚਨਾ ਦੇ ਅਧਿਕਾਰ ਤਹਿਤ ਕੇਂਦਰੀ ਖੇਤੀ ਮੰਤਰਾਲੇ ਤੋਂ ਮੰਗੀ ਜਾਣਕਾਰੀ ਨਾਲ ਹੋਇਆ ਹੈ। ਅੰਕੜਿਆਂ ਦੀ ਮੰਨੀਏ ਤਾਂ ਸਭ ਤੋਂ ਜਿਆਦਾ ‘ਅਯੋਗ’ ਲਾਭਪਾਤਰੀ ਪੰਜਾਬ ਨਾਲ ਸਬੰਧਤ ਹਨ। ਮੋਦੀ ਸਰਕਾਰ ਨੇ ਸਾਲ 2019 ’ਚ ਪੀਐੱਮ-ਕਿਸਾਨ ਯੋਜਨਾ ਨੂੰ ਸ਼ੁਰੂ ਕੀਤਾ ਸੀ, ਜਿਸ ਤਹਿਤ 2 ਹੈਕਟੇਅਰ ਤੱਕ ਦੀ ਜ਼ਮੀਨ ਮਾਲਕੀ ਵਾਲੇ ਛੋਟੇ ਕਿਸਾਨ ਪਰਿਵਾਰਾਂ ਨੂੰ ਸਾਲਾਨਾ 6000 ਰੁਪਏ ਤਿੰਨ ਬਰਾਬਰ ਕਿਸ਼ਤਾਂ ’ਚ ਦਿੱਤੇ ਜਾਂਦੇ ਹਨ।

ਕੇਂਦਰੀ ਖੇਤੀ ਮੰਤਰਾਲੇ ਨੇ ਆਰਟੀਆਈ ਅਰਜ਼ੀ ਦੇ ਜਵਾਬ ’ਚ ਅਜਿਹੇ ਅਯੋਗ ਲਾਭਪਾਤਰੀਆਂ ਦੇ ਦੋ ਵਰਗਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਪੀਐੱਮ-ਕਿਸਾਨ ਸਕੀਮ ਤਹਿਤ ਅਦਾਇਗੀਆਂ ਦਿੱਤੀਆਂ ਗਈਆਂ ਹਨ। ਇਹ ਦੋ ਵਰਗ ‘ਅਯੋਗ ਕਿਸਾਨ’ ਤੇ ‘ਆਮਦਨ ਕਰ ਅਦਾ ਕਰਨ ਵਾਲੇ ਕਿਸਾਨ’ ਹਨ। ਆਰਟੀਆਈ ਤਹਿਤ ਸੂਚਨਾ ਹਾਸਲ ਕਰਨ ਵਾਲੇ ਸੀਐੱਚਆਰਆਈ ਦੇ ਵੈਂਕਟੇਸ਼ ਨਾਇਕ ਨੇ ਕਿਹਾ, ‘ਇਨ੍ਹਾਂ ਅਯੋਗ ਲਾਭਪਾਤਰੀਆਂ ਚੋਂ ਅੱਧੇ ਤੋਂ ਵੱਧ 55.58 ਫੀਸਦੀ ‘ਆਮਦਨ ਕਰ ਅਦਾ ਕਰਨ ਵਾਲੇ ਵਰਗ’ ਜਦਕਿ 44.41 ਫੀਸਦੀ ‘ਅਯੋਗ ਕਿਸਾਨ’ ਵਰਗ ਨਾਲ ਸਬੰਧਤ ਹਨ।’ ਨਾਇਕ ਨੇ ਕਿਹਾ ਕਿ ਖੇਤੀ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2019 ’ਚ ਪੀਐੱਮ-ਕਿਸਾਨ ਯੋਜਨਾ ਦੇ ਸ਼ੁਰੂਆਤ ਤੋਂ ਲੈ ਕੇ 31 ਜੁਲਾਈ 2020 ਤੱਕ ‘ਅਯੋਗ ਲਾਭਪਾਤਰੀਆਂ’ ਦੇ ਉਪਰੋਕਤ ਦੋਵਾਂ ਵਰਗਾਂ ਨੂੰ 1364.13 ਕਰੋੜ ਰੁਪਏ ਦੀ ਅਦਾਇਗੀ ਦਿੱਤੀ ਜਾ ਚੁੱਕੀ ਹੈ।

ਦੱਸ ਦਈਏ ਇਨ੍ਹਾਂ ਅਯੋਗ ਲਾਭਪਾਤਰੀਆਂ ’ਚੋਂ ਵੱਡੀ ਗਿਣਤੀ ਪੰਜ ਰਾਜਾਂ- ਪੰਜਾਬ, ਅਸਾਮ, ਮਹਾਰਾਸ਼ਟਰ, ਗੁਜਰਾਤ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹਨ। ਅੰਕੜਿਆਂ ਮੁਤਾਬਕ 23.16 ਫੀਸਦੀ  ਅਯੋਗ ਲਾਭਪਾਤਰੀਆਂ ਨਾਲ ਪੰਜਾਬ ਇਸ ਸੂਚੀ ’ਚ ਸਿਖਰ ’ਤੇ ਹੈ। ਅਸਾਮ ਤੇ ਮਹਾਰਾਸ਼ਟਰ ਕ੍ਰਮਵਾਰ 16.87 ਫੀਸਦੀ ਤੇ 13.99 ਫੀਸਦੀ ਨਾਲ ਇਸ ਸੂਚੀ ’ਚ ਦੂਜੇ ਤੇ ਤੀਜੇ ਸਥਾਨ ’ਤੇ ਹਨ। ਜੇਕਰ ਇਨ੍ਹਾਂ ਅੰਕੜਿਆਂ ਨੂੰ ਇਕੱਠਿਆਂ ਕਰੀਏ ਤਾਂ ਅੱਧੇ ਨਾਲੋਂ ਵੱਧ ਅਯੋਗ ਲਾਭਪਾਤਰੀ, ਜਿਨ੍ਹਾਂ ਨੂੰ ਅਦਾਇਗੀ ਕੀਤੀ ਗਈ ਹੈ, ਇਨ੍ਹਾਂ ਤਿੰਨ ਰਾਜਾਂ ਤੋਂ ਹਨ। ਗੁਜਰਾਤ ਚੌਥੀ ਤੇ ਉੱਤਰ ਪ੍ਰਦੇਸ਼ ਪੰਜਵੀਂ ਥਾਂ ਹੈ ਤੇ ਸਿੱਕਮ ਇਕ ਅਯੋਗ ਲਾਭਪਾਤਰੀ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ।

Share This Article
Leave a Comment