ਨਵੀ ਦਿੱਲੀ : ਇੱਕ ਨਿੱਜੀ ਜੈੱਟ ਮੰਗਲਵਾਰ ਰਾਤ ਨੂੰ ਤੁਰਕੀ ਦੀ ਰਾਜਧਾਨੀ ਅੰਕਾਰਾ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ। ਲੀਬੀਆ ਦੇ ਚੋਟੀ ਦੇ ਫੌਜੀ ਅਧਿਕਾਰੀ ਜਨਰਲ ਮੁਹੰਮਦ ਅਲੀ ਅਹਿਮਦ ਅਲ-ਹਦਾਦ ਸਮੇਤ ਇਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ। ਲੀਬੀਆ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਤਕਨੀਕੀ ਸਮੱਸਿਆ ਆ ਗਈ, ਜਿਸ ਕਾਰਨ ਇਹ ਹਾਦਸਾ ਹੋਇਆ।
ਜਾਣਕਾਰੀ ਦਿੰਦਿਆਂ ਲੀਬੀਆ ਦੇ ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਅੰਕਾਰਾ ਤੋਂ ਲੀਬੀਆ ਵਾਪਸ ਆ ਰਿਹਾ ਸੀ , ਜਿੱਥੇ ਲੀਬੀਆ ਦਾ ਇੱਕ ਵਫ਼ਦ ਪਹਿਲਾਂ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਵਧਾਉਣ ਲਈ ਉੱਚ-ਪੱਧਰੀ ਗੱਲਬਾਤ ਲਈ ਤੁਰਕੀ ਗਿਆ ਸੀ। ਫਾਲਕਨ-50 ਬਿਜ਼ਨਸ ਜੈੱਟ ਦਾ ਮਲਬਾ ਅੰਕਾਰਾ ਤੋਂ ਲਗਭਗ 70 ਕਿਲੋਮੀਟਰ ਦੂਰ ਹੇਮਾਨਾ ਜ਼ਿਲ੍ਹੇ ਦੇ ਕੇਸਿਕਕਾਵਕ ਪਿੰਡ ਦੇ ਨੇੜੇ ਮਿਲਿਆ ਹੈ। ਜਹਾਜ਼ ਨੇ ਅੰਕਾਰਾ ਦੇ ਏਸੇਨਬੋਗਾ ਹਵਾਈ ਅੱਡੇ ਤੋਂ ਰਾਤ 8:30 ਵਜੇ ਉਡਾਣ ਭਰੀ। ਲਗਭਗ 40 ਮਿੰਟ ਬਾਅਦ ਹਵਾਈ ਟ੍ਰੈਫਿਕ ਕੰਟਰੋਲ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਨੇ ਪਹਿਲਾਂ ਹੇਮਾਨਾ ਨੇੜੇ ਐਮਰਜੈਂਸੀ ਲੈਂਡਿੰਗ ਸਿਗਨਲ ਵੀ ਭੇਜਿਆ ਸੀ ।ਐਮਰਜੈਂਸੀ ਲੈਂਡਿੰਗ ਲਈ ਉਤਰਦੇ ਸਮੇਂ ਜਹਾਜ਼ ਰਾਡਾਰ ਤੋਂ ਗਾਇਬ ਹੋ ਗਿਆ।
ਲੀਬੀਆ ਦੇ ਪ੍ਰਧਾਨ ਮੰਤਰੀ ਅਬਦੁਲ-ਹਾਮਿਦ ਦਬੀਬਾਹ ਨੇ ਜਨਰਲ ਮੁਹੰਮਦ ਅਲੀ ਅਹਿਮਦ ਅਲ-ਹਦਾਦ ਅਤੇ ਹੋਰ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਫ਼ਦ ਵਾਪਿਸ ਦੇਸ਼ ਪਰਤ ਰਿਹਾ ਸੀ।
ਦੱਸ ਦਈਏ ਹਾਦਸੇ ਵਿੱਚ ਮਾਰੇ ਗਏ ਹੋਰ ਅਧਿਕਾਰੀਆਂ ਵਿੱਚ ਜਨਰਲ ਅਲ-ਫਿਤੌਰੀ ਘ੍ਰਾਈਬੇਲ (ਆਰਮੀ ਚੀਫ਼ ਆਫ਼ ਸਟਾਫ਼), ਬ੍ਰਿਗੇਡੀਅਰ ਜਨਰਲ ਮਹਿਮੂਦ ਅਲ-ਕਤਾਵੀ (ਮਿਲਟਰੀ ਪ੍ਰੋਡਕਸ਼ਨ ਅਥਾਰਟੀ ਦੇ ਮੁਖੀ), ਮੁਹੰਮਦ ਅਲ-ਅਸਾਵੀ ਦੀਆਬ (ਚੀਫ਼ ਆਫ਼ ਸਟਾਫ਼ ਦੇ ਸਲਾਹਕਾਰ), ਅਤੇ ਮੁਹੰਮਦ ਉਮਰ ਅਹਿਮਦ ਮਹਿਜੂਬ (ਮਿਲਟਰੀ ਫੋਟੋਗ੍ਰਾਫਰ) ਸ਼ਾਮਲ ਸਨ। ਹਾਦਸੇ ਵਿੱਚ ਚਾਰ ਅਧਿਕਾਰੀਆਂ ਅਤੇ ਤਿੰਨ ਚਾਲਕ ਦਲ ਦੇ ਮੈਂਬਰਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

