ਨਵੀਂ ਦਿੱਲੀ: ਪਿਛਲੇ ਕੁਝ ਦਿਨਾਂ ਤੋਂ ਕੀਮਤਾਂ ‘ਚ ਕਟੌਤੀ ਦੀਆਂ ਅਟਕਲਾਂ ਅਤੇ ਖਬਰਾਂ ਵਿਚਾਲੇ ਸਰਕਾਰ ਨੇ ਹੁਣ ਇਸ ‘ਤੇ ਆਪਣਾ ਜਵਾਬ ਦਿੱਤਾ ਹੈ ਤੇ ਦੱਸਿਆ ਹੈ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਅਗਲੀ ਕਟੌਤੀ ਕਦੋਂ ਹੋਣ ਵਾਲੀ ਹੈ।
ਪੈਟਰੋਲੀਅਮ ਸਕੱਤਰ ਪੰਕਜ ਜੈਨ ਨੇ ਵੀਰਵਾਰ ਨੂੰ ਇਸ ਸਬੰਧ ‘ਚ ਕਿਹਾ ਕਿ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ (OMCs) ਈਂਧਨ ਦੀਆਂ ਕੀਮਤਾਂ ਨੂੰ ਘਟਾਉਣ ਦਾ ਫੈਸਲਾ ਲੈਣਗੀਆਂ। ਜੇ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਕੁਝ ਹੋਰ ਸਮੇਂ ਲਈ ਨਰਮ ਰਹਿੰਦੀਆਂ ਹਨ ਤਾਂ ਸਰਕਾਰੀ ਤੇਲ ਕੰਪਨੀਆਂ ਇਸ ਸਬੰਧ ‘ਚ ਫੈਸਲਾ ਲੈ ਸਕਦੀਆਂ ਹਨ। ਪੈਟਰੋਲੀਅਮ ਸਕੱਤਰ ਨੇ ਇੱਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ।
ਦੇਸ਼ ਦੀਆਂ ਤਿੰਨ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (IOCL), ਹਿੰਦੁਸਤਾਨ ਪੈਟਰੋਲੀਅਮ (HPCL) ਅਤੇ ਭਾਰਤ ਪੈਟਰੋਲੀਅਮ (BPCL) ਡੀਜ਼ਲ ਤੇ ਪੈਟਰੋਲ ਅਤੇ ਹੋਰ ਪੈਟਰੋਲੀਅਮ ਪਦਾਰਥਾਂ ਦਾ ਪ੍ਰਚੂਨ ਵਪਾਰ ਕਰਦੀਆਂ ਹਨ। ਇਹ ਸਰਕਾਰੀ ਤੇਲ ਕੰਪਨੀਆਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਦੇ ਹਿਸਾਬ ਨਾਲ ਹਰ ਪੰਦਰਵਾੜੇ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ।
ਸਰਕਾਰ ਦੀ ਇਹ ਪਹਿਲੀ ਟਿੱਪਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਸਰਕਾਰ ਇਕ ਵਾਰ ਫਿਰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ‘ਚ ਕਟੌਤੀ ਕਰ ਸਕਦੀ ਹੈ। ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਆਖਰੀ ਕਟੌਤੀ 14 ਮਾਰਚ, 2024 ਨੂੰ ਕੀਤੀ ਗਈ ਸੀ। ਉਸ ਸਮੇਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ 2-2 ਰੁਪਏ ਪ੍ਰਤੀ ਲੀਟਰ ਦੀ ਕਮੀ ਆਈ ਸੀ। ਭਾਵ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਆਖਰੀ ਕਟੌਤੀ ਨੂੰ 6 ਮਹੀਨੇ ਹੋ ਗਏ ਹਨ ਅਤੇ ਉਨ੍ਹਾਂ 6 ਮਹੀਨਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।