ਦਿੱਲੀ ਹਾਈ ਕੋਰਟ : ਬਜ਼ੁਰਗ ਮਾਤਾ-ਪਿਤਾ ਨਾਲ ਦੁਰਵਿਵਹਾਰ ਕਰਨ ਵਾਲੇ ਬੱਚਿਆਂ ਦੀ ਹੁਣ ਖੈਰ ਨਹੀ

TeamGlobalPunjab
2 Min Read

ਨਵੀਂ ਦਿੱਲੀ :  ਬਜ਼ੁਰਗ ਮਾਤਾ-ਪਿਤਾ ਨੂੰ ਘਰੋਂ ਬਾਹਰ ਕੱਢਣ ਤੇ ਦੁਰਵਿਵਹਾਰ ਕਰਨ ਵਾਲੇ ਬੱਚਿਆਂ ਦੀ ਹੁਣ ਖੈਰ ਨਹੀਂ। ਦਿੱਲੀ ਹਾਈ ਕੋਰਟ ਨੇ ਪੂਰਬ ਕੈਲਾਸ਼ ਦੇ ਪਿਤਾ ਅਤੇ ਪੁੱਤਰ ਦੇ ਵਿਚਕਾਰ ਜਾਇਦਾਦ ਦੇ ਵਿਵਾਦ ਸਬੰਧੀ ਕੇਸ ਵਿੱਚ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ। ਜਸਟਿਸ ਨਵੀਨ ਚਾਵਲਾ ਦੀ ਸਿੰਗਲ ਬੈਂਚ ਨੇ ਕਿਹਾ ਕਿ ਬਜ਼ੁਰਗ ਪਿਤਾ ਨੂੰ ਇਹ ਕਾਨੂੰਨੀ ਅਧਿਕਾਰੀ ਹੈ ਕਿ ਉਹ ਜਦੋਂ ਚਾਹੇ ਆਪਣੇ ਪੁੱਤਰ, ਧੀ ਜਾਂ ਕਾਨੂੰਨੀ ਵਾਰਸ ਨੂੰ ਘਰੋਂ ਬਾਹਰ ਦਾ ਰਸਤਾ ਦਿਖਾ ਸਕਦਾ ਹੈ। ਕੋਰਟ ਨੇ ਕਿਹਾ ਕਿ ਚਾਹੇ ਜਾਇਦਾਦ ਪਿਤਾ  ਪੁਰਖੀ ਹੈ ਜਾਂ ਉਨ੍ਹਾਂ ਨੇ ਆਪ ਬਣਾਈ ਹੋਵੇ ਤੇ ਨਾਲ ਹੀ ਬਜ਼ੁਰਗ ਪਿਤਾ ਨੂੰ ਇਹ ਵੀ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਸ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ ਜਾਂ ਰਹਿਣ ਲਈ ਖਰਚਾ ਨਹੀਂ ਦਿੱਤਾ ਜਾ ਰਿਹਾ।

ਜਸਟਿਸ ਨਵੀਨ ਚਾਵਲਾ ਦੀ ਸਿੰਗਲ ਬੈਂਚ ਨੇ ਦਿੱਲੀ ਮੇਨਟੇਨੈਂਸ ਐਂਡ ਵੈਲਫੇਅਰ ਆਫ ਪੇਰੈਂਟਸ ਐਂਡ ਸੀਨੀਅਰ ਸਿਟੀਜ਼ਨਜ਼ ਰੂਲਜ਼ 2009 ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਕਾਨੂੰਨ ਸਿਰਫ ਬੱਚਿਆਂ ਨੂੰ ਸਜ਼ਾ ਦੇਣ ਤੱਕ ਹੀ ਸੀਮਿਤ ਨਹੀਂ ਹੈ। ਕੋਰਟ ਨੇ ਕਿਹਾ ਕਿ ਜੇਕਰ ਇੱਕ ਵਾਰ ਇਹ ਸਾਬਤ ਹੋ ਜਾਂਦਾ ਹੈ ਕਿ ਬੱਚਿਆਂ ਦਾ ਮਾਪਿਆਂ ਦੀ ਜਾਇਦਾਦ ‘ਤੇ ਕੋਈ ਅਧਿਕਾਰ ਨਹੀਂ ਹੈ ਤੇ ਬਜ਼ੁਰਗ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇਹ ਤੱਥ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਕਾਫ਼ੀ ਹਨ।

ਜ਼ਿਕਰਯੋਗ ਹੈ ਕਿ ਬਜ਼ੁਰਗ ਨੇ ਆਪਣੇ ਪੁੱਤਰ ਤੋਂ ਪ੍ਰੇਸ਼ਾਨ ਹੋ ਕੇ ਉਸ ਨੂੰ ਘਰੋਂ ਬਾਹਰ ਕੱਢਣ ਲਈ ਅਦਾਲਤ ਵਿੱਚ ਅਪੀਲ ਕੀਤੀ ਸੀ। ਅਦਾਲਤ ਨੇ ਬਜ਼ੁਰਗ ਦੇ ਪੱਖ ਵਿੱਚ ਫੈਸਲਾ ਸੁਣਾਉਂਦੇ ਹੋਏ ਪੁੱਤਰ ਨੂੰ ਘਰ ਤੋਂ ਬਾਹਰ ਨਿਕਲਣ ਦਾ ਆਦੇਸ਼ ਜਾਰੀ ਕੀਤਾ ਹੈ। ਅਦਾਲਤ ਨੇ ਵਿਰੋਧੀ ਧਿਰ (ਪੁੱਤਰ) ਦੀ ਉਸ ਦਲੀਲ ਨੂੰ ਵੀ ਖਾਰਿਜ ਕਰ ਦਿੱਤਾ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਉਨ੍ਹਾਂ ਦੀ ਜਾਇਦਾਦ ਪਿਤਾ ਪੁਰਖੀ ਹੈ ਤੇ ਉਸ ‘ਤੇ ਉਸ ਦਾ ਵੀ ਬਰਾਬਰ ਦਾ ਅਧਿਕਾਰ ਹੈ। ਅਦਾਲਤ ਨੇ ਇਸ ਦਲੀਲ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਬਜ਼ੁਰਗ ਨਾਗਰਿਕਾਂ ਨੂੰ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਦਾ ਕਾਨੂੰਨੀ ਅਧਿਕਾਰ ਹੈ ਚਾਹੇ ਉਨ੍ਹਾਂ ਦੀ ਜਾਇਦਾਦ ਪਿਤਾ ਪੁਰਖੀ ਹੀ ਕਿਉਂ ਨਾ ਹੋਵੇ।



Share this Article
Leave a comment