ਨਵੀਂ ਦਿੱਲੀ : ਜਾਨਲੇਵਾ ਕੋਰੋਨਾ ਵਾਇਰਸ (ਕੋਵਿਡ-19) ਦੇ ਵੱਧਦੇ ਪ੍ਰਭਾਵ ਨੂੰ ਦੇਖਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਦੀ ਜਨਤਾ ਨੂੰ ਜਨਤਕ ਕਰਫਿਊ ਲਗਾਉਣ ਦੀ ਅਪੀਲ ਕੀਤੀ ਗਈ ਹੈ। ਕੋਰੋਨਾ ਵਾਇਰਸ (ਕੋਵਿਡ-19) ਹੁਣ ਤੱਕ ਦੁਨੀਆ ਦੇ 186 ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਹੈ। ਇਸ ਖਤਰਨਾਕ ਸੰਕਰਮਣ ਦਾ ਪ੍ਰਭਾਵ ਭਾਰਤ ਵਿਚ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਭਾਰਤ ‘ਚ ਕੋਰੋਨਾ ਸੰਕਰਮਣ ਦੇ 330 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਦੇਸ਼ ਦੀ ਜਨਤਾ ਜਨਤਕ ਕਰਫਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਜਨਤਕ ਕਰਫਿਊ ਐਤਵਾਰ ਯਾਨੀ ਅੱਜ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹੇਗਾ। ਇਸ ਦੌਰਾਨ ਲੋਕ ਆਪਣੇ ਘਰਾਂ ਵਿਚ ਹੀ ਰਹਿਣਗੇ ਤੇ ਜਨਤਾ ਕਰਫਿਊ ਦੀ ਪਾਲਣਾ ਕਰਨਗੇ ਤਾਂ ਜੋ ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਵੱਧਣ ਤੋਂ ਰੋਕਿਆ ਜਾ ਸਕੇ।
ਪੰਜਾਬ ਰਾਜ ਦੇ ਪਟਿਆਲਾ ਤੇ ਜਲੰਧਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੇ ਕੋਰੋਨਾ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਅਹਿਤਿਆਤ ਵਜੋਂ 3–3 ਦਿਨ ਦਾ ਜਨਤਾ–ਕਰਫ਼ਿਊ ਦਾ ਐਲਾਨ ਕੀਤਾ ਹੈ। ਅੱਜ ਦੇ ਦਿਨ ਜਨਤਕ ਟਰਾਂਸਪੋਰਟ ਦੇ ਲਗਭਗ ਸਾਰੇ ਹੀ ਸਾਧਨ ਰੋਕ ਦਿੱਤੇ ਗਏ ਹਨ। ਇਸ ਦੇ ਨਾਲ ਹੀ ਦੇਸ਼ ਦੇ ਸਾਰੇ ਬਾਜ਼ਾਰ ਵੀ ਅੱਜ ਬੰਦ ਰਹਿਣਗੇ।
ਜਨਤਾ–ਕਰਫ਼ਿਊ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ ਤੋਂ ਦੇਸ਼ ਦੀ ਜਨਤਾ ਲਈ ਇੱਕ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਸਾਰੇ ਨਾਗਰਿਕ ਇਸ ਰਾਸ਼ਟਰ–ਪੱਧਰੀ ਮੁਹਿੰਮ ਦਾ ਹਿੱਸਾ ਬਣਨ ਤੇ ਕੋਰੋਨਾ ਵਿਰੁੱਧ ਜੰਗ ਨੂੰ ਸਫ਼ਲ ਬਣਾਉਣ। ਸਾਡਾ ਸੰਜਮ ਤੇ ਸੰਕਲਪ ਇਸ ਮਹਾਂਮਾਰੀ ਨੂੰ ਹਰਾ ਕੇ ਰਹੇਗਾ।’
जनता कर्फ्यू शुरू हो रहा है…
मेरी विनती है कि सभी नागरिक इस देशव्यापी अभियान का हिस्सा बनें और कोरोना के खिलाफ लड़ाई को सफल बनाएं।
हमारा संयम और संकल्प इस महामारी को परास्त करके रहेगा। #JantaCurfew pic.twitter.com/p5onFBSoPB
— Narendra Modi (@narendramodi) March 22, 2020
ਦੱਸ ਦਈਏ ਕਿ ਜਾਨਲੇਵਾ ਕੋਰੋਨਾ ਵਾਇਰਸ ਨਾਲ ਹੁਣ ਤੱਕ ਵਿਸ਼ਵ ਪੱਧਰ ‘ਤੇ 12 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਲਗਭਗ 2 ਲੱਖ 70 ਹਜ਼ਾਰ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ।