ਨਿਊਜ਼ ਡੈਸਕ: ਇਜ਼ਰਾਈਲ ਅਤੇ ਹਮਾਸ ਵਿਚਕਾਰ ਗਾਜ਼ਾ ਵਿੱਚ ਲਗਭਗ ਡੇਢ ਸਾਲ ਤੋਂ ਚੱਲ ਰਹੀ ਜੰਗ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ। ਇਜ਼ਰਾਈਲ ਦੇ ਲੋਕ ਸਮਝੌਤੇ ਦੀ ਮੰਗ ਕਰਦੇ ਹੋਏ ਸੜਕਾਂ ‘ਤੇ ਉਤਰ ਆਏ ਹਨ। ਲੋਕਾਂ ਨੇ ਜੰਗਬੰਦੀ ‘ਤੇ ਸਮਝੌਤੇ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਯੁੱਧ ਖਤਮ ਹੋਣਾ ਚਾਹੀਦਾ ਹੈ ਅਤੇ ਗਾਜ਼ਾ ਵਿੱਚ ਬੰਦ ਸਾਰੇ 50 ਮਰੇ ਹੋਏ ਅਤੇ ਜ਼ਿੰਦਾ ਕੈਦੀਆਂ ਨੂੰ ਵਾਪਿਸ ਲਿਆਂਦਾ ਜਾਣਾ ਚਾਹੀਦਾ ਹੈ। ਨਾਲ ਹੀ, ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਸਮਝੌਤਾ ਕਰਵਾਉਣ ਲਈ ਦਖਲ ਦੇਣਾ ਚਾਹੀਦਾ ਹੈ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ‘ਤੇ ਲਿਖਿਆ ਸੀ ਕਿ ਟਰੰਪ ਨੂੰ ਵੱਡਾ ਸਮਝੌਤਾ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਗਾਜ਼ਾ ਵਿੱਚ ਸੰਘਰਸ਼ ਨੂੰ ਖਤਮ ਕਰਨ ਲਈ ਸਾਰੀਆਂ ਸਬੰਧਿਤ ਧਿਰਾਂ ਨੂੰ ਇੱਕ ਮੇਜ਼ ‘ਤੇ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਕੋਈ ਹੱਲ ਨਾ ਲੱਭਿਆ ਗਿਆ ਤਾਂ ਇਹ ਟਕਰਾਅ ਹੋਰ ਗੁੰਝਲਦਾਰ ਹੋ ਸਕਦਾ ਹੈ ਅਤੇ ਇਹ ਪੂਰੇ ਪੱਛਮੀ ਏਸ਼ੀਆ ਨੂੰ ਪ੍ਰਭਾਵਿਤ ਕਰੇਗਾ। ਅਮਰੀਕਾ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਗਾਜ਼ਾ ਵਿੱਚ ਮਨੁੱਖੀ ਸੰਕਟ ਨਾ ਵਧੇ।
ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੇ ਟਕਰਾਅ ਨੂੰ ਲੈ ਕੇ ਦੋਹਾ ਵਿੱਚ ਜੰਗਬੰਦੀ ਦੀ ਗੱਲਬਾਤ ਚੱਲ ਰਹੀ ਹੈ। ਹਮਾਸ ਦੇ ਇੱਕ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਮੂਹ ਅੰਤਰਿਮ ਜੰਗਬੰਦੀ ‘ਤੇ ਵਿਚਾਰ ਨਹੀਂ ਕਰੇਗਾ।ਹਮਾਸ ਦੇ ਇਜ਼ੂਦੀਨ ਅਲ-ਕਾਸਮ ਬ੍ਰਿਗੇਡ ਦੇ ਬੁਲਾਰੇ ਅਬੂ ਉਬੈਦਾ ਨੇ ਕਿਹਾ ਕਿ ਅਸੀਂ ਚੱਲ ਰਹੀ ਗੱਲਬਾਤ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਸਦਾ ਨਤੀਜਾ ਇੱਕ ਮਜ਼ਬੂਤ ਸਮਝੌਤਾ ਹੋਵੇਗਾ ਜੋ ਸਾਡੇ ਲੋਕਾਂ ਵਿਰੁੱਧ ਜੰਗ ਦੇ ਅੰਤ, ਕਬਜ਼ਾ ਕਰਨ ਵਾਲੀਆਂ ਫੌਜਾਂ ਦੀ ਵਾਪਸੀ ਅਤੇ ਸਾਡੇ ਲੋਕਾਂ ਨੂੰ ਰਾਹਤ ਦੀ ਗਰੰਟੀ ਦੇਵੇਗਾ।