ਵਾਸ਼ਿੰਗਟਨ: ਧਰਤੀ ਤੋਂ ਬਾਹਰ ਜੀਵਨ ਹੈ ਜਾਂ ਨਹੀਂ ਇਸ ਬਾਰੇ ਚੱਲ ਰਿਹਾ ਸਸਪੈਂਸ ਹੁਣ ਕੁਝ ਹੱਦ ਤੱਕ ਸਾਫ ਹੋ ਸਕਦਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਪੈਂਟਾਗਨ ਨੇ ਪਹਿਲੀ ਵਾਰ ਕੁਝ ਗੁਪਤ ਫਾਈਲਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਆਸਮਾਨ ਵਿੱਚ ਵੇਖੀਆਂ ਗਈਆਂ ਅਣਪਛਾਤੀਆਂ ਉੱਡਣ ਵਸਤੂਆਂ (UFO) ਬਾਰੇ ਰਿਪੋਰਟਾਂ ਸ਼ਾਮਲ ਹਨ। ਪੈਂਟਾਗਨ ਨੇ ਇਨ੍ਹਾਂ ਨੂੰ “Unidentified Anomalous Phenomena” (UAPs) ਨਾਮ ਦਿੱਤਾ ਹੈ।
ਰੱਖਿਆ ਵਿਭਾਗ ਮੁਤਾਬਕ ਇਹ ਕਦਮ ਪਾਰਦਰਸ਼ਤਾ ਵਧਾਉਣ ਲਈ ਚੁੱਕਿਆ ਗਿਆ ਹੈ, ਤਾਂ ਜੋ ਲੋਕ ਆਪਣੇ ਨਤੀਜੇ ਖੁਦ ਕੱਢ ਸਕਣ। ਕਿਹਾ ਗਿਆ ਕਿ ਪਹਿਲਾਂ ਅਜਿਹੀਆਂ ਘਟਨਾਵਾਂ ‘ਤੇ ਖੁੱਲ੍ਹੀ ਚਰਚਾ ਨਹੀਂ ਹੋਣ ਦਿੱਤੀ ਜਾਂਦੀ ਸੀ।
ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੈਥ ਨੇ ਕਿਹਾ ਕਿ ਇਹ ਫਾਈਲਾਂ ਲੰਮੇ ਸਮੇਂ ਤੋਂ ਗੁਪਤ ਰੱਖੀਆਂ ਗਈਆਂ ਸਨ ਅਤੇ ਇਨ੍ਹਾਂ ਕਾਰਨ ਕਾਫ਼ੀ ਅਟਕਲਾਂ ਲੱਗਦੀਆਂ ਰਹੀਆਂ। ਹੁਣ ਸਮਾਂ ਆ ਗਿਆ ਹੈ ਕਿ ਲੋਕ ਖੁਦ ਇਹ ਜਾਣਕਾਰੀ ਵੇਖਣ।
ਰੱਖਿਆ ਮੰਤਰਾਲੇ ਦੀ ਵੈੱਬਸਾਈਟ ‘ਤੇ 160 ਤੋਂ ਵੱਧ ਫਾਈਲਾਂ ਜਾਰੀ ਕੀਤੀਆਂ ਗਈਆਂ ਹਨ। ਦਸੰਬਰ 1947 ਦੀ ਇੱਕ ਰਿਪੋਰਟ ਵਿੱਚ ਉੱਡਣ ਖਟੋਲੇ ਦੇਖੇ ਜਾਣ ਬਾਰੇ ਕਈ ਘਟਨਾਵਾਂ ਦਾ ਜ਼ਿਕਰ ਹੈ, ਜਦਕਿ 1948 ਦੀ ਇੱਕ ਇੰਟੈਲੀਜੈਂਸ ਰਿਪੋਰਟ ‘ਚ UFO ਦੇਖੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਇਲਾਵਾ 2023 ਦੀਆਂ ਫਾਈਲਾਂ ਵਿੱਚ ਦਰਸਾਇਆ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀਆਂ ਟੀਮਾਂ ਨੇ ਆਸਮਾਨ ਵਿੱਚ ਨਾਰੰਗੀ ਰੰਗ ਦੇ ਗੋਲਿਆਂ ਨੂੰ ਵੇਖਿਆ, ਜਿਨ੍ਹਾਂ ਵਿੱਚੋਂ ਛੋਟੇ ਲਾਲ ਗੋਲੇ ਨਿਕਲ ਰਹੇ ਸਨ।
ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਰਵਰੀ ਵਿੱਚ ਹੀ UFO ਅਤੇ ਏਲੀਅਨ ਨਾਲ ਜੁੜੀਆਂ ਫਾਈਲਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਕਈ ਇਤਿਹਾਸਕ ਮਾਮਲਿਆਂ ਨਾਲ ਜੁੜੇ ਦਸਤਾਵੇਜ਼ ਜਾਰੀ ਕੀਤੇ ਗਏ ਸਨ, ਹਾਲਾਂਕਿ ਉਨ੍ਹਾਂ ਵਿੱਚ ਕੋਈ ਨਵੀਂ ਵੱਡੀ ਜਾਣਕਾਰੀ ਸਾਹਮਣੇ ਨਹੀਂ ਆਈ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

