ਪਠਾਨਕੋਟ: ਪਠਾਨਕੋਟ ਦੇ ਇੱਕ ਪਰਿਵਾਰ ਲਈ ਅਮਰੀਕਾ ਦਾ ਸੁਪਨਿਆਂ ਵਾਲਾ ਸੈਰ-ਸਪਾਟਾ ਦੌਰਾ ਅਚਾਨਕ ਸੋਗ ਵਿੱਚ ਬਦਲ ਗਿਆ। ਨਿਊਯਾਰਕ ਦੇ ਮਸ਼ਹੂਰ ਸੈਂਟਰਲ ਪਾਰਕ ਵਿੱਚ ਘੋੜਾ-ਬੱਗੀ ਦੀ ਸੈਰ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿੱਚ 18 ਸਾਲਾ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਰੋਮਾਂਚ ਪਠਾਨਕੋਟ ਦੀ ਇੰਦਿਰਾ ਕਾਲੋਨੀ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਪਹਿਲੀ ਵਾਰ ਨਿਊਯਾਰਕ ਘੁੰਮਣ ਗਿਆ ਹੋਇਆ ਸੀ।
ਜਾਣਕਾਰੀ ਮੁਤਾਬਕ ਪਰਿਵਾਰ ਕੁਝ ਦਿਨ ਪਹਿਲਾਂ ਹੀ ਅਮਰੀਕਾ ਪਹੁੰਚਿਆ ਸੀ ਅਤੇ ਨਿਊਯਾਰਕ ਦੇ ਮਸ਼ਹੂਰ ਸੈਲਾਨੀ ਸਥਾਨਾਂ ਦੀ ਸੈਰ ਕਰ ਰਿਹਾ ਸੀ। ਇਸ ਦੌਰਾਨ ਉਹ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਦੀ ਸਵਾਰੀ ਕਰਨ ਲਈ ਗਏ। ਸਭ ਕੁਝ ਆਮ ਚੱਲ ਰਿਹਾ ਸੀ, ਪਰ ਕੁਝ ਹੀ ਪਲਾਂ ਵਿੱਚ ਖੁਸ਼ੀ ਦਾ ਇਹ ਮਾਹੌਲ ਡਰਾਉਣੇ ਹਾਦਸੇ ਵਿੱਚ ਬਦਲ ਗਿਆ।

ਪੁਲਿਸ ਮੁਤਾਬਕ ਰੋਮਾਂਚ ਆਪਣੇ ਪਰਿਵਾਰ ਅਤੇ ਹੋਰ ਯਾਤਰੀਆਂ ਨਾਲ ਬੱਗੀ ਵਿੱਚ ਬੈਠਾ ਹੋਇਆ ਸੀ ਕਿ ਚੈਰੀ ਹਿੱਲ ਇਲਾਕੇ ਨੇੜੇ ਘੋੜਾ ਅਚਾਨਕ ਬੇਕਾਬੂ ਹੋ ਗਿਆ। ਘੋੜਾ ਤੇਜ਼ੀ ਨਾਲ ਦੌੜ ਪਿਆ ਅਤੇ ਬੱਗੀ ਨੂੰ ਖਿੱਚਦਾ ਹੋਇਆ ਅੱਗੇ ਲੈ ਗਿਆ। ਕੁਝ ਦੂਰੀ ’ਤੇ ਜਾ ਕੇ ਬੱਗੀ ਇੱਕ ਹੋਰ ਘੋੜਾ-ਗੱਡੀ ਨਾਲ ਟਕਰਾ ਗਈ ਅਤੇ ਸੜਕ ’ਤੇ ਪਲਟ ਗਈ।
ਹਾਦਸੇ ਦੌਰਾਨ ਰੋਮਾਂਚ ਬੱਗੀ ਤੋਂ ਉੱਛਲ ਕੇ ਸੜਕ ’ਤੇ ਡਿੱਗ ਗਿਆ ਅਤੇ ਉਸ ਦੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਹੜਕੰਪ ਮਚ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ।

ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਮਾਪਿਆਂ ਨੇ ਆਪਣੇ ਪੁੱਤ ਨਾਲ ਵਾਪਰਿਆ ਇਹ ਹਾਦਸਾ ਆਪਣੀਆਂ ਅੱਖਾਂ ਨਾਲ ਦੇਖਿਆ। ਘਟਨਾ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਹਾਦਸੇ ਸਮੇਂ ਬੱਗੀ ਚਾਲਕ ਆਪਣੀ ਸੀਟ ’ਤੇ ਨਹੀਂ ਸੀ ਅਤੇ ਉਹ ਯਾਤਰੀਆਂ ਦੀਆਂ ਤਸਵੀਰਾਂ ਖਿੱਚਣ ਲਈ ਹੇਠਾਂ ਉਤਰਿਆ ਹੋਇਆ ਸੀ। ਇਸ ਘਟਨਾ ਤੋਂ ਬਾਅਦ ਚਾਲਕ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਨੇ ਨਿਊਯਾਰਕ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਘੋੜਾ-ਗੱਡੀ ਸੇਵਾ ਦੀ ਸੁਰੱਖਿਆ ਨੂੰ ਲੈ ਕੇ ਮੁੜ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਇਸ ਪ੍ਰਥਾ ਨੂੰ ਬੰਦ ਕਰਨ ਦੀ ਮੰਗ ਵੀ ਤੇਜ਼ ਹੋ ਗਈ ਹੈ।


