ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਦੇਸ਼ ਦੇ ਪੰਜ ਰਾਜਾਂ ਦੇ ਆਏ ਚੋਣ ਨਤੀਜਿਆਂ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਕੁਝ ਮਹੀਨਿਆਂ ਤੱਕ ਅਗਲੇ ਸਾਲ ਆ ਰਹੀਆਂ ਪਾਰਲੀਮੈਂਟ ਦੀਆਂ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੂੰ ਕੇਂਦਰ ਦੀ ਸਰਕਾਰ ਬਣਾਉਣ ਤੋਂ ਰੋਕਣਾ ਵਿਰੋਧੀ ਧਿਰਾਂ ਲਈ ਬਹੁਤ ਵੱਡੀ ਚੁਣੌਤੀ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛਤੀਸਗੜ੍ਹ ਵਿੱਚ ਵੋਟਰਾਂ ਨੇ ਭਾਜਪਾ ਨੂੰ ਜ਼ਬਰਦਸਤ ਹੁੰਗਾਰਾ ਦਿੱਤਾ ਹੈ। ਇਸ ਜਿੱਤ ਲਈ ਮੋਦੀ ਦਾ ਜਾਦੂ ਚੱਲਿਆ ਹੈ। ਪ੍ਰਧਾਨ ਮੰਤਰੀ ਵਲੋਂ ਚੋਣ ਰੈਲੀਆਂ ਨੂੰ ਲਗਾਤਾਰ ਸਮਾਂ ਦਿੱਤਾ ਗਿਆ ਅਤੇ ਵਿਰੋਧੀ ਧਿਰ ਨੂੰ ਟਿਕਾ ਕੇ ਰਗੜੇ ਲਾਏ ਗਏ। ਮੋਦੀ ਦੇ ਮੁਕਾਬਲੇ ਵਿੱਚ ਵਿਰੋਧੀ ਧਿਰ ਕੋਲ ਅਜਿਹਾ ਆਗੂ ਨਹੀਂ ਸੀ ਜਿਹੜਾ ਵੋਟਰਾਂ ਲਈ ਖਿੱਚ ਦਾ ਕੇਂਦਰ ਬਣਦਾ। ਭਾਜਪਾ ਕੋਲ ਸ਼ਿਵ ਰਾਜ ਪਾਟਿਲ ਅਤੇ ਵਸੁੰਦਰਾ ਰਾਜੇ ਸਿੰਧੀਆ ਵਰਗੇ ਸੂਬਾ ਪੱਧਰ ਦੇ ਅਜਿਹੇ ਆਗੂ ਸਨ ਜਿਹੜੇ ਕਿ ਆਪੋ ਆਪਣਾ ਰਾਜਾਂ ਅੰਦਰ ਆਪਣਾ ਚੰਗਾ ਪ੍ਰਭਾਵ ਰਖਦੇ ਹਨ।
ਵਿਰੋਧੀ ਧਿਰਾਂ ਦੇ ਗਠਜੋੜ ਇੰਡੀਆ ਵਿੱਚ ਸ਼ਾਮਲ ਪਾਰਟੀਆਂ ਕਈ ਤਾਂ ਇਕ ਦੂਜੇ ਦੇ ਵਿਰੋਧ ਵਿੱਚ ਖੜੀਆਂ ਸਨ। ਇਸ ਦਾ ਫਾਇਦਾ ਸੁਭਾਵਿਕ ਹੀ ਭਾਜਪਾ ਨੂੰ ਜਾਣਾ ਸੀ। ਕਾਂਗਰਸ ਨੂੰ ਕੇਵਲ ਤੇਲੰਗਾਨਾ ਦੀ ਜਿੱਤ ਉਪਰ ਹੀ ਸਬਰ ਕਰਨਾ ਪਿਆ। ਕਾਂਗਰਸ ਅਤੇ ਉਸ ਦੇ ਕਈ ਸਹਿਯੋਗੀਆਂ ਦਾ ਕਹਿਣਾ ਹੈ ਕਿ ਪੰਜ ਰਾਜਾਂ ਦੇ ਚੋਣ ਨਤੀਜੇ ਗਠਜੋੜ ਲਈ ਪਾਰਲੀਮੈਂਟ ਚੋਣ ਵਾਸਤੇ ਕੋਈ ਅਹਿਮੀਅਤ ਨਹੀ ਰੱਖਦੇ ਪਰ ਕੀ ਇੰਡੀਆ ਗਠਜੋੜ ਵਿੱਚ ਸ਼ਾਮਲ ਪਾਰਟੀਆਂ ਆਪਣੇ ਮਤਭੇਦ ਭੁਲਾਕੇ ਇੱਕ ਪਲੇਟਫਾਰਮ ਉੱਪਰ ਲੜ ਸਕਦੀਆਂ ਹਨ? ਇਕ ਅੰਦਾਜੇ ਅਨੁਸਾਰ ਜੇਕਰ ਚਾਰ ਸੌ ਸੀਟਾਂ ਉਪਰ ਇੰਡੀਆ ਗਠਜੋੜ ਸਹਿਮਤੀ ਨਾਲ ਚੋਣ ਲੜੇਗਾ ਤਾਂ ਭਾਜਪਾ ਨੂੰ ਟੱਕਰ ਦਿੱਤੀ ਜਾ ਸਕਦੀ ਹੈ। ਜੇਕਰ ਸਹਿਮਤੀ ਨਾਂ ਬਣੀ ਤਾਂ ਪੰਜ ਰਾਜਾਂ ਦੇ ਆਏ ਨਤੀਜਿਆਂ ਵਰਗੇ ਹੀ ਨਤੀਜੇ ਪਾਰਲੀਮੈਂਟ ਦੇ ਆਉਣਗੇ। ਇਸ ਤੋਂ ਇਲਾਵਾ ਭਾਜਪਾ ਕੋਲ ਮਜਬੂਤ ਵਰਕਰਾਂ ਦੀ ਟੀਮ ਹੈ ਜਿਹੜੀ ਕਿ ਚੋਣ ਨੂੰ ਪੂਰੇ ਹੌਂਸਲੇ ਨਾਲ ਲੜਦੀ ਹੈ। ਭਾਜਪਾ ਨੇ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਮੋਦੀ ਦੀਆਂ ਗਰੰਟੀਆਂ ਹੀ ਅਸਲ ਹਨ ਪਰ ਬਾਕੀ ਤਾਂ ਕੇਵਲ ਚੋਣ ਵਾਅਦੇ ਹਨ ਜੋ ਕਿ ਪੂਰੇ ਨਹੀਂ ਹੋਣਗੇ।
ਪ੍ਰਧਾਨ ਮੰਤਰੀ ਮੋਦੀ ਦਾ ਇਹ ਸੁਨੇਹਾ ਬੜਾ ਅਹਿਮ ਹੈ ਕਿ ਤਿੰਨ ਰਾਜਾਂ ਵਿਚ ਹੋਈ ਜਿੱਤ ਪਾਰਲੀਮੈਂਟ ਚੋਣ ਵਿੱਚ ਪਾਰਟੀ ਦੀ ਹੋਣ ਜਾ ਰਹੀ ਜਿੱਤ ਵੱਲ ਸੰਕੇਤ ਕਰਦੀ ਹੈ। ਭਾਜਪਾ ਨੇ ਉਤਰੀ ਭਾਰਤ ਦੇ ਵਡੇ ਰਾਜਾਂ ਉੱਪਰ ਜਿੱਤ ਦਾ ਝੰਡਾ ਝੁਲਾ ਦਿੱਤਾ ਹੈ ਇਨਾਂ ਰਾਜਾਂ ਵਿਚ ਯੂਪੀ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਦੇਸ਼ ਦੇ ਕੁਲ 12 ਰਾਜਾਂ ਉੱਪਰ ਭਾਜਪਾ ਦਾ ਰਾਜ ਹੈ ਜਦੋਂ ਕਿ ਕਾਂਗਰਸ ਕੋਲ ਤਿੰਨ ਰਾਜਾਂ ਵਿਚ ਸਰਕਾਰ ਹੈ । ਇਹ ਰਾਜਸੀ ਪ੍ਰਸਥਿਤੀਆਂ ਕਾਂਗਰਸ ਲਈ ਪਾਰਲੀਮੈਂਟ ਚੋਣ ਵਾਸਤੇ ਵੱਡੀ ਚੁਣੌਤੀ ਹਨ।
ਸੰਪਰਕਃ 9814002186