ਸਾਕਾ ਨੀਲਾ ਤਾਰਾ: ਨਾਕਾਬਿਲ-ਏ-ਮੁਆਫੀ ਇਤਿਹਾਸਕ ਗੁਨਾਹ

TeamGlobalPunjab
15 Min Read

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ;

ਸਾਕਾ ਨੀਲਾ ਤਾਰਾ ਦੇ ਬੀਜ ਤਾਂ ਸੰਨ 1975 ਵਿੱਚ ਹੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਨ ਵਿੱਚ ਬੀਜੇ ਗਏ ਸਨ, ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁਧ ਮੋਰਚਾ ਲਾ ਦਿੱਤਾ ਗਿਆ ਸੀ। ਸਾਰੇ ਭਾਰਤ ਵਿੱਚ ਕੇਵਲ ਪੰਜਾਬ ਹੀ ਇੱਕੋ ਇੱਕ ਸੂਬਾ ਹੈ ਜਿਸ ਵਿਚੋਂ ਹਜ਼ਾਰਾਂ ਲੋਕਤੰਤਰ ਦੇ ਹਮਾਇਤੀਆਂ ਨੇ ਕੇਂਦਰੀ ਸਰਕਾਰ ਵੱਲੋਂ ਲਾਈ ਐਂਮਰਜੈਂਸੀ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਗ੍ਰਿਫਤਾਰੀਆਂ ਦਿੱਤੀਆਂ। ਉਨੀ ਮਹੀਨੇ ਦੇ ਲੰਮੇ ਸਮੇਂ ਲਈ ਇਹ ਮੋਰਚਾ ਉਦੋਂ ਤਕ ਚਲਿਆ, ਜਦ ਤਕ ਐਂਮਰਜੈਂਸੀ ਨੂੰ ਵਾਪਿਸ ਲੈਣ ਦਾ ਫੈਸਲਾ ਕਰ ਦਿੱਤਾ ਗਿਆ ਸੀ। ਸੰਨ 1975 ਵਿੱਚ ਹੀ ਅਲਾਹਾਬਾਦ ਹਾਈ ਕੋਰਟ ਦੇ ਜੱਜ ਸ੍ਰੀ ਜਗਮੋਹਨ ਸਿਨਹਾ ਨੇ ਇੰਦਰਾ ਗਾਂਧੀ ਦੇ ਖਿਲਾਫ ਇੱਕ ਫੈਸਲਾ ਸੁਣਾਇਆ ਸੀ, ਜਿਸ ਕਾਰਨ ਉਸ ਨੂੰ ਬਤੌਰ ਪ੍ਰਧਾਨ ਮੰਤਰੀ ਅਸਤੀਫਾ ਦੇਣਾ ਪੈਣਾ ਸੀ। ਬਜਾਏ ਇਸ ਦੇ ਕਿ ਉਹ ਦੇਸ਼ ਦੀ ਨਿਆਂ ਪ੍ਰਣਾਲੀ ਦੇ ਫੈਸਲੇ ਸਨਮੁੱਖ ਅਸਤੀਫਾ ਦੇ ਕੇ ਇਸ ਦਾ ਮਾਣ ਰੱਖਦੀ, ਉਲਟਾ ਉਸ ਨੇ ਸਾਰੇ ਮੁਲਕ ਵਿੱਚ ਸੰਕਟਮਈ ਹਾਲਾਤ ਦਾ ਐਲਾਨ ਕਰ ਕੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਹੋਰ ਨਾਪਸੰਦ ਆਵਾਜ਼ ਕੱਢਣ ਵਾਲਿਆਂ ਨੂੰ ਜੇਲ੍ਹੀਂ ਡੱਕ ਦਿੱਤਾ।

ਇੱਕ ਰਾਜਨੀਤਕ ਇਤਿਹਾਸਕਾਰ ਅਨੁਸਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਆਗੂਆਂ ਨੂੰ ਇਸ ਸਮਝੌਤੇ ਦੀ ਪੇਸ਼ਕਸ਼ ਕੀਤੀ ਸੀ ਕਿ ਅਕਾਲੀ ਦਲ ਆਗੂ ਐਂਮਰਜੈਂਸੀ ਦਾ ਸਮਰਥਨ ਕਰ ਦੇਣ, ਜਿਸ ਦੇ ਫ਼ਲਸਰੂਪ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਕਾਇਮ ਕਰ ਦਿੱਤੀ ਜਾਵੇਗੀ। ਭਵਿੱਖ ਵਿੱਚ ਵੀ ਕਾਂਗਰਸ ਪਾਰਟੀ ਅਕਾਲੀ ਦਲ ਦੀ ਹਮਾਇਤ ਕਰਦੀ ਰਹੇਗੀ, ਜਿਸ ਤਰ੍ਹਾਂ ਆਜ਼ਾਦੀ ਤੋਂ ਬਾਅਦ ਛੇਵੇਂ ਦਹਾਕੇ ਵਿੱਚ ਅਕਾਲੀ-ਕਾਂਗਰਸ ਇਕੱਠਿਆਂ ਚੋਣਾਂ ਲੜਦੇ ਸਨ। ਐਂਮਰਜੈਂਸੀ ਲੱਗਣ ਵਕ਼ਤ ਜਥੇਦਾਰ ਮੋਹਣ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸਿਰਕਰਦਾ ਨੇਤਾਵਾਂ ਨਾਲ ਸਲਾਹ ਕਰਕੇ ਇਹ ਫੈਸਲਾ ਕੀਤਾ ਕਿ ਸ੍ਰ.ਕਪੂਰ ਸਿੰਘ ਆਈ. ਸੀ. ਐਸ.ਦੀ ਕੇਂਦਰੀ ਸਰਕਾਰ ਵੱਲੋਂ ਭੇਜੀ ਇਸ ਤਜਵੀਜ਼ ਬਾਰੇ ਸਲਾਹ ਲੈ ਲਈ ਜਾਵੇ। ਸ੍ਰ.ਕਪੂਰ ਸਿੰਘ ਨੇ ਕੇਂਦਰੀ ਸਰਕਾਰ ਵੱਲੋਂ ਭੇਜੀ ਇਸ ਤਜਵੀਜ਼ ਦਾ ਸਮਰਥਨ ਕੀਤਾ ਕਿ ਇਹ ਫੈਸਲਾ ਲਾਗੂ ਕਰਨ ਸਦਕਾ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋਵੇਗਾ। ਜਦੋਂ ਸ੍ਰ.ਕਪੂਰ ਸਿੰਘ ਦੀ ਇਸ ਤਜਵੀਜ਼ ਬਾਰੇ ਅਕਾਲੀ ਨੇਤਾਵਾਂ ਵਿੱਚ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਸੀ ਤਾਂ ਇੱਕ ਪ੍ਰਮੁੱਖ ਅਕਾਲੀ ਆਗੂ ਨੇ ਤਤਕਾਲੀਨ ਜਨਸੰਘ (ਵਰਤਮਾਨ ਭਾਰਤੀ ਜਨਤਾ ਪਾਰਟੀ) ਦੇ ਪ੍ਰਮੁੱਖ ਆਗੂ ਤੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਨਾਲ ਵੀ ਗੱਲ ਕੀਤੀ, ਜਿਸ ਨੇ ਐਂਮਰਜੈਂਸੀ ਖਿਲਾਫ ਮੋਰਚਾ ਲਾਉਣ ਦੀ ਸਲਾਹ ਦਿੱਤੀ। ਮੋਰਚਾ ਲਾਉਣ ਵਾਲੀ ਗੱਲ ਮੰਨ ਲਈ ਗਈ ਤੇ ਪੰਜਾਬ ਦੀ ਰਾਜਨੀਤਕ, ਵਿੱਦਿਅਕ, ਸਭਿਆਚਾਰਕ ਅਤੇ ਆਰਥਿਕ ਬਰਬਾਦੀ ਦਾ ਮੁੱਢ ਬੱਝ ਗਿਆ।

- Advertisement -

ਸ੍ਰੀਮਤੀ ਇੰਦਰਾ ਗਾਂਧੀ ਦੇ ਮਨ ਵਿੱਚ ਅਕਾਲੀ ਦਲ ਦੇ ਨੇਤਾਵਾਂ ਨੂੰ ਯਾਦ ਰੱਖਣ ਵਾਲਾ ਸਬਕ ਸਿਖਾਉਣ ਦੀ ਧਾਰਨਾ ਪੱਕੀ ਹੋ ਗਈ। ਐਂਮਰਜੈਂਸੀ ਹਟਾਉਣ ਪਿਛੋਂ ਸੰਨ 1977 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ। ਸ੍ਰੀਮਤੀ ਇੰਦਰਾ ਗਾਂਧੀ ਖੁਦ ਸ੍ਰੀ ਰਾਜ ਨਰਾਇਣ ਹੱਥੋਂ ਚੋਣ ਹਾਰ ਗਈ। ਡੱਡੂਆਂ ਦੀ ਪਸੇਰੀ ਦੀ ਤਰ੍ਹਾਂ ਬਣੀ ਜਨਤਾ ਪਾਰਟੀ ਅਤੇ ਹੋਰ ਪਾਰਟੀਆਂ ਦੀ ਸਾਂਝੀ ਸਰਕਾਰ ਤਿੰਨ ਸਾਲਾਂ ਵਿੱਚ ਹੀ ਢਹਿ-ਢੇਰੀ ਹੋ ਗਈ ਤੇ ਮੁੜ ਸ੍ਰੀਮਤੀ ਇੰਦਰਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਕਾਇਮ ਹੋ ਗਈ। ਸ੍ਰੀਮਤੀ ਇੰਦਰਾ ਗਾਂਧੀ ਅਤੇ ਗਿਆਨੀ ਜ਼ੈਲ ਸਿੰਘ ਪੰਜਾਬ ਵਿੱਚ ਸਥਾਪਤ ਅਕਾਲੀ ਲੀਡਰਸ਼ਿਪ ਦਾ ਬਦਲ ਤਲਾਸ਼ਦੇ ਅਤੇ ਤਰਾਸ਼ਦੇ ਰਹੇ। ਸੰਨ 1978 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਰੰਕਾਰੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਰੁੱਧ ਕੀਤੇ ਜਾ ਰਹੇ ਨਾਕਾਬਿਲੇ-ਬਰਦਾਸ਼ਤ ਕੂੜ ਪ੍ਰਚਾਰ ਨੂੰ ਰੋਕਣ ਲਈ ਗਏ ਤੇਰਾਂ ਸਿੰਘਾਂ ਦੀ ਸ਼ਹੀਦੀ ਉਪਰੰਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਨੇਤਾ ਵਜੋਂ ਉੱਭਰੇ। ਸਾਰੇ ਰਾਜਨੀਤਕ ਪ੍ਰਭਾਵਾਂ ਤੋਂ ਮੁਕਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖਾਲਸ ਸਿੱਖ ਹਿੱਤਾਂ ਨੂੰ ਪ੍ਰਨਾਏ ਇੱਕ ਇਮਾਨਦਾਰ, ਲਾਲਚਹੀਣ ਅਤੇ ਨਿੱਡਰ ਸ਼ਖ਼ਸੀਅਤ ਸਨ। ਉਨ੍ਹਾਂ ਲਈ ਰਾਜਸੀ ਰੁਤਬੇ ਨਾਦਾਰਦ ਸਨ।

ਸ੍ਰੀਮਤੀ ਇੰਦਰਾ ਗਾਂਧੀ ਨੇ ਪੰਜਾਬ ਦੇ ਜਲ-ਹਿੱਤਾਂ ਨੂੰ ਬੁਰੀ ਤਰ੍ਹਾਂ ਢਾਹ ਲਾਉਂਦੀ ਸਤਲੁਜ-ਯਮੁਨਾ ਲਿੰਕ ਨਹਿਰ ਦਾ ਉਦਘਾਟਨ ਕਪੂਰੀ ਪਿੰਡ ਵਿਖੇ ਕਰ ਦਿੱਤਾ, ਜਿਸ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਨੇ ਕਪੂਰੀ ਮੋਰਚਾ ਲਾ ਦਿੱਤਾ। ਇਸ ਸਮੇਂ ਹੀ ਸਰਕਾਰ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਲਈ ਜਾਨ ਤੋਂ ਵੀ ਵੱਧ ਪਿਆਰੇ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਰਿਹਾਅ ਕਰਾਉਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅੰਮ੍ਰਿਤਸਰ ਮੋਰਚਾ ਲਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਦੋਵੇਂ ਮੋਰਚੇ “ਧਰਮ-ਯੁੱਧ ਮੋਰਚਾ” ਦੇ ਨਾਂ ਹੇਠ ਇਕੱਠੇ ਕਰ ਦਿੱਤੇ। ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਮੋਰਚਾ ਡਿਕਟੇਟਰ ਥਾਪ ਦਿੱਤਾ ਗਿਆ। ਹਰ ਰੋਜ਼ ਗ੍ਰਿਫ਼ਤਾਰੀਆਂ ਦੇਣ ਤੋਂ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੋਸ਼ੀਲੀਆਂ ਤਕਰੀਰਾਂ ਹੁੰਦੀਆਂ, ਜਿਸ ਵਿਚ ਮੁੱਖ ਤਕਰੀਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੁੰਦੀ। ਧਰਮ ਯੁੱਧ ਮੋਰਚੇ ਦਾ ਮੁੱਖ ਉਦੇਸ਼ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਨਾ ਸੀ। ਪੰਜਾਬ ਦੀਆਂ ਬਿਲਕੁਲ ਹੱਕੀ ਅਤੇ ਜਾਇਜ਼ ਮੰਗਾਂ ਦੀ ਪੂਰਤੀ ਸਬੰਧੀ ਸਬੰਧੀ ਅਕਾਲੀ ਆਗੂਆਂ ਅਤੇ ਕੇਂਦਰੀ ਹਕੂਮਤ ਦਰਮਿਆਨ ਕਈ ਬੇਸਿੱਟਾ ਮੀਟਿੰਗਾਂ ਹੋਈਆਂ।

ਸਾਕਾ ਨੀਲਾ ਤਾਰਾ ਦਾ ਵਿਸਥਾਰ ਬਿਆਨਦੀਆਂ ਕਿਤਾਬਾਂ ਵਿੱਚ ਦਰਜ ਹੈ ਕਿ ਭਾਰਤੀ ਫੌਜ ਦੇ ਜਨਰਲ ਸ਼ੁਬੇਗ ਸਿੰਘ ਨੇ ਬੰਗਲਾਦੇਸ਼ ਨੂੰ ਪਾਕਿਸਤਾਨੀ ਹਾਕਮਾਂ ਤੋਂ ਅਜ਼ਾਦ ਕਰਵਾਉਣ ਲਈ ਨਿਰਣਾਇਕ ਭੂਮਿਕਾ ਨਿਭਾਈ ਸੀ। ਜਦੋਂ ਬਿਹਾਰ ਵਿੱਚ ਸ੍ਰੀ ਜੈ ਪ੍ਰਕਾਸ਼ ਨਰਾਇਣ ਨੇ ਕੇਂਦਰੀ ਸਰਕਾਰ ਵਿਰੁੱਧ ਬੜਾ ਭਾਰੀ ਅੰਦੋਲਨ ਚਲਾ ਦਿੱਤਾ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜਨਰਲ ਸ਼ੁਬੇਗ ਸਿੰਘ ਨੂੰ ਜੈ ਪ੍ਰਕਾਸ਼ ਨਰਾਇਣ ਦਾ ਅੰਦੋਲਨ ਕੁਚਲਣ ਲਈ ਹੁਕਮ ਕੀਤਾ, ਜਿਸ ਨੂੰ ਜਨਰਲ ਸ਼ੁਬੇਗ ਸਿੰਘ ਨੇ ਇਹ ਕਹਿ ਕੇ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਸਿਵਲ ਅੰਦੋਲਨ ਨੂੰ ਕੁਚਲਣ ਲਈ ਫ਼ੌਜੀ ਵਰਤੋਂ ਯੋਗ ਨਹੀਂ ਹੈ। ਇੰਦਰਾ ਗਾਂਧੀ ਹੁਕਮ-ਅਦੂਲੀ ਬਰਦਾਸ਼ਤ ਨਹੀਂ ਸੀ ਕਰਦੀ ਤੇ ਜਨਰਲ ਸੁਬੇਗ ਸਿੰਘ ਨੂੰ ਬੇਸਿਰ-ਪੈਰ ਦੋਸ਼ ਲਾ ਕੇ ਫੌਜ ਦੀ ਨੌਕਰੀ ਤੋਂ ਰੁਖ਼ਸਤ ਕਰ ਦਿੱਤਾ। ਮਾਨਸਿਕ ਤੌਰ ‘ਤੇ ਜ਼ਖ਼ਮੀ ਹੋਇਆ ਜਨਰਲ ਸ਼ੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਥੇ ਵਿੱਚ ਸ਼ਾਮਲ ਹੋ ਗਿਆ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਪਰਿਸਰ ਦੀ ਰਖਵਾਲੀ ਦੀ ਜ਼ਿੰਮੇਵਾਰੀ ਅਤੇ ਵਿਉਂਤਬੰਦੀ ਆਪਣੇ ਹੱਥ ਲੈ ਲਈ।

ਪੰਜਾਬੀਆਂ ਵਿੱਚ ਧਾਰਮਿਕ ਦੁਫੇੜ ਪਾਉਣ ਲਈ ਮੰਦਰਾਂ ਵਿੱਚ ਗਊਆਂ ਦੇ ਸਿਰ ਅਤੇ ਗੁਰਦੁਆਰਿਆਂ ਵਿੱਚ ਬੀੜੀਆਂ ਸਿਗਰਟਾਂ ਸੁੱਟਣ ਦੀਆਂ ਕੋਝੀਆਂ ਕਾਰਵਾਈਆਂ ਹੋਈਆਂ। ਬੇਕਸੂਰ ਲੋਕਾਂ ਦੇ ਕੇਵਲ ਹਿੰਦੂ ਸਿੱਖ ਹੋਣ ਕਰਕੇ ਕਤਲ ਹੋਏ। ਪੰਜਾਬ ਤੋਂ ਬਾਹਰ ਕਿਸੇ ਸੂਬੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਨਕਸ਼ੇ ‘ਤੇ ਅਧਾਰਿਤ ਇਮਾਰਤ ਬਣਾ ਕੇ ਸਾਕਾ ਨੀਲਾ ਤਾਰਾ ਕਾਰਵਾਈ ਦੀ ਫ਼ੌਜੀ ਸਿਖਲਾਈ ਦੇ ਕੇ ਰੀਹਰਸਲ ਕਰਵਾਈ ਗਈ। ਵੱਧ ਤੋਂ ਵੱਧ ਸਿੱਖਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤਿੰਨ ਜੂਨ ਸੰਨ ਚੁਰਾਸੀ ਨੂੰ ਸਾਕਾ ਨੀਲਾ ਤਾਰਾ ਕਰਨ ਲਈ ਫ਼ੌਜੀ ਤਿਆਰੀ ਕਰ ਲਈ ਗਈ। ਇਸ ਫੌਜੀ ਕਾਰਵਾਈ ਦਾ ਕਮਾਂਡਰ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਸੀ। ਸਾਰੇ ਪੰਜਾਬ ਵਿੱਚ ਸਖ਼ਤ ਕਰਫਿਊ ਨਾਫਿਜ਼ ਕਰ ਦਿੱਤਾ ਗਿਆ। ਪਿੰਡਾਂ ਵਿੱਚ ਹਾਲਾਤ ਭੜਕ ਗਏ। ਤੀਹ ਜੂਨ ਉਨੀ ਸੌ ਚੁਰਾਸੀ ਦੇ “ਇੰਡੀਆ ਟੂਡੇ” ਅੰਕ ਵਿੱਚ ਦਰਜ ਹੈ ਕਿ ਪਿੰਡ ਗੋਹਲਵੜ, ਅਜਨਾਲਾ, ਰਾਜਾ ਸਾਂਸੀ, ਢੰਡ ਕਸੇਲ, ਬਟਾਲਾ ਅਤੇ ਫਤਿਹਪੁਰ ਰਾਜਪੂਤਾਂ ਆਦਿ ਤੋਂ ਹਜ਼ਾਰਾਂ ਜ਼ੋਸ਼ੀਲੇ ਨੌਜਵਾਨ ਰਵਾਇਤੀ ਘਰੇਲੂ ਹਥਿਆਰਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਲਈ ਚਲ ਪਏ, ਜਿਨ੍ਹਾਂ ਨੂੰ ਫੌਜ ਅਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੇ ਸ਼ਹਿਰ ਦੀਆਂ ਹੱਦਾਂ ਤੋਂ ਹੀ ਮਸ਼ੀਨ ਗੰਨਾਂ ਦੀ ਤਾਕਤ ਦਾ ਮੁਜਾਹਰਾ ਅਤੇ ਇਸਤੇਮਾਲ ਕਰਕੇ ਵਾਪਸ ਮੁੜਨ ਲਈ ਮਜਬੂਰ ਕਰ ਦਿੱਤਾ। ਇੱਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਡਾਂਗਾਂ, ਕਿਰਪਾਨਾਂ, ਬਰਛਿਆਂ ਅਤੇ ਟਕੂਆਂ ਆਦਿ ਹਥਿਆਰਾਂ ਦਾ ਸਵੈ-ਚਲਿਤ ਬੰਦੂਕਾਂ (ਆਟੋਮੈਟਿਕ ਰਾਇਫਲਾਂ) ਅਤੇ ਮਸੀ਼ਨ-ਗੰਨਾਂ ਨਾਲ ਕੀ ਮੁਕਾਬਲਾ।

- Advertisement -

ਨਵੰਬਰ ਉਨੀ ਸੌ ਚੁਰਾਸੀ ਦੇ ਮਾਸਿਕ “ਅਕਸ” ਵਿੱਚ ਫੌਜੀ ਕਾਰਵਾਈਆਂ ਨੂੰ ਰੂਪਮਾਨ ਕਰਦੀ ਇੱਕ ਦਿਲ ਕੰਬਾਊ ਘਟਨਾ ਛਪੀ ਹੈ ਕਿ ਪੰਜ ਜੂਨ ਉਨੀ ਸੌ ਚੁਰਾਸੀ ਨੂੰ ਸਵੇਰੇ ਦਸ ਕੁ ਵਜੇ ਅੰਮ੍ਰਿਤਸਰ ਮਹਿਤਾ ਸੜਕ ‘ਤੇ ਅੰਮ੍ਰਿਤਸਰੋਂ ਦਸ ਕਿਲੋਮੀਟਰ ਦੂਰ ਪਿੰਡ ਫਤਿਹਪੁਰ ਰਾਜਪੂਤਾਂ ਵਿਖੇ ਬੱਸ-ਅੱਡੇ ‘ਤੇ ਇਕੱਠੇ ਹੋ ਕੇ ਬਾਬਾ ਰਾਮਦਿਆਲ ਦੀ ਦੁਕਾਨ ਉਤੇ ਮਠਿਆਈ ਵਾਲੀ ਅਲਮਾਰੀ ਉੱਤੇ ਰੱਖੇ ਟਰਾਂਜ਼ਿਸਟਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਵਰਤਮਾਨ ਹਾਲਾਤ ਜਾਨਣ ਦੇ ਉਤਸਕ, ਖ਼ਬਰਾਂ ਸੁਣ ਰਹੇ ਸ਼ਾਂਤਮਈ ਪਿੰਡ ਵਾਸੀਆਂ ਤੇ ਫੌਜ ਦੇ ਇੱਕ ਕੈਪਟਨ ਨੇ ਫੌਜੀ ਟਰੱਕ ਵਿਚੋਂ ਉੱਤਰ ਕੇ ਹੱਥ ਵਿੱਚ ਫੜੀ ਲੋਡਿਡ ਸਟੇਨਗੰਨ ਨਾਲ ਅੰਨੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇੱਕ ਅੰਮਿ੍ਤਧਾਰੀ ਸਿੰਘ ਸ਼ਹੀਦ ਹੋ ਗਿਆ ਤੇ ਇੱਕ ਤੇਰਾਂ ਸਾਲ ਦੇ ਬੱਚੇ ਬਿਕਰਮਜੀਤ ਸਿੰਘ ਦੀ ਬਾਂਹ ਵਿਚ ਦੀ ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਫੌਜ ਦੇ ਕੈਪਟਨ ਦੇ ਮਨ ਵਿੱਚ ਐਨਾ ਜਨੂੰਨ ਭਰਿਆ ਸੀ ਕਿ ਸੱਠ ਤੋਂ ਵੱਧ ਨਗਰ ਨਿਵਾਸੀਆਂ, ਜਿਨ੍ਹਾਂ ਵਿੱਚ ਕਾਫੀ ਗਿਣਤੀ ਸਰਕਾਰੀ ਮੁਲਾਜ਼ਮਾਂ ਦੀ ਸੀ, ਦੇ ਝੱਗੇ ਪਜਾਮੇ ਲੁਹਾ ਕੇ ਲੋਹ ਵਾਂਗ ਤਪੀ ਸੜਕ ‘ਤੇ ਢਿੱਡ ਪਰਨੇ ਲੰਮਿਆਂ ਪੈਣ ਲਈ ਹੁਕਮ ਦਿੱਤਾ। ਆਪਣੀ ਮਾਨਸਿਕ ਜ਼ਹਿਰ ਉਗਲਦਾ ਹੋਇਆ ਉਹ ਉੱਚੀ ਉੱਚੀ ਕੂਕ ਰਿਹਾ ਸੀ, “ਯੇ ਸਾਲੇ ਸਪੋਲੀਏ ਹੈਂ ਸਪੋਲੀਏ।” ਜਖਮੀ ਬੱਚੇ ਦਾ ਪਿਤਾ ਸ੍ਰ.ਕੁਲਦੀਪ ਸਿੰਘ, ਜੋ ਸੜਕ ਦੇ ਪਰਲੇ ਪਾਸੇ ਖਲੋਤਾ ਵਿਲਕ ਰਿਹਾ ਸੀ, ਨੂੰ ਬੱਚੇ ਕੋਲ ਨਹੀਂ ਆਉਣ ਦਿੱਤਾ ਗਿਆ। ਭਲਾ ਹੋਵੇ ਥੋੜੇ ਸਮੇਂ ਬਾਅਦ ਪਹੁੰਚੇ ਇੱਕ ਵੱਡੇ ਫੌਜੀ ਅਫਸਰ ਦਾ ਜਿਸ ਨੇ ਸਾਰੇ ਪੀੜਤਾਂ ਨੂੰ ਪਾਣੀ ਪੀਣ ਦੀ ਇਜਾਜ਼ਤ ਦਿੱਤੀ ਅਤੇ ਜਖਮੀ ਬੱਚੇ ਨੂੰ ਫੌਜ ਦੇ ਵਾਹਨ ਵਿੱਚ ਅੰਮ੍ਰਿਤਸਰ ਵਿਖੇ ਇਲਾਜ ਲਈ ਭੇਜਿਆ।

 

ਸ੍ਰੀ ਹਰਿਮੰਦਰ ਸਾਹਿਬ ਪਰਿਸਰ ਵਿੱਚ ਤਿੰਨ ਜੂਨ ਤੋਂ ਸੱਤ ਜੂਨ ਤਕ ਗਹਿਗੱਚ ਲੜਾਈ ਹੋਈ, ਜਿਸ ਵਿੱਚ ਸਿੱਖਾਂ ਦਾ ਸਰਬ-ਉੱਚ ਧਾਰਮਿਕ-ਸਿਆਸੀ ਸ਼ਕਤੀ ਦਾ ਸੁਮੇਲ ਸ੍ਰੀ ਅਕਾਲ ਤਖ਼ਤ ਸਾਹਿਬ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਢਾਹ ਦਿੱਤਾ ਗਿਆ। ਰਾਮਗੜ੍ਹੀਆ ਬੁੰਗੇ ਦੇ ਮੀਨਾਰਾਂ ਦਾ ਨੁਕਸਾਨ ਹੋਇਆ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੱਥ ਲਿਖਤ ਬੀੜ ਵੀ ਗੋਲੀਆਂ ਨਾਲ ਜ਼ਖ਼ਮੀ ਹੋਏ। ਸ੍ਰੀ ਹਰਿਮੰਦਰ ਸਾਹਿਬ ਅੰਦਰ ਕੀਰਤਨ ਕਰਦੇ ਇੱਕ ਰਾਗੀ ਸਿੰਘ ਦੀ ਗੋਲੀ ਲੱਗਣ ਨਾਲ ਸ਼ਹੀਦੀ ਹੋ ਗਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸ਼ੁਬੇਗ ਸਿੰਘ ਅਤੇ ਸੈਂਕੜੇ ਸੂਰਬੀਰ ਸਿੰਘ ਸ੍ਰੀ ਆਕਾਲ ਤਖ਼ਤ ਦੇ ਅੰਦਰ ਅਤੇ ਬਾਹਰ ਸ਼ਹੀਦ ਹੋ ਗਏ। ਫੌਜ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਈ ਨੇਤਾ ਅਤੇ ਮੈਂਬਰ ਸਹੀ ਸਲਾਮਤ ਗ੍ਰਿਫਤਾਰ ਕਰ ਲਏ ਗਏ।

 

ਸਿੱਖਾਂ ਦੀ ਮਾਨਸਿਕਤਾ ਵਲੂੰਧਰੀ ਗਈ। ਸ੍ਰੀ ਹਰਿਮੰਦਰ ਸਾਹਿਬ ਪਰਿਸਰ ‘ਤੇ ਟੈਂਕਾਂ ਤੋਪਾਂ ਨਾਲ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਹਰਿਮੰਦਰ ਸਾਹਿਬ ‘ਤੇ ਗੋਲ਼ੀਆਂ ਚਲਾਉਣ ਅਤੇ ਸੈਂਕੜੇ ਬੇਗੁਨਾਹ ਸ਼ਰਧਾਲੂਆਂ ਨੂੰ ਸ਼ਹੀਦ ਕਰਨ ਅਤੇ ਸੈਂਕੜੇ ਬੇਗੁਨਾਹ ਸ਼ਰਧਾਲੂਆਂ ਨੂੰ ਜੇਲ੍ਹਾਂ ਵਿੱਚ ਡੱਕਣ, ਸਿੱਖ ਰੈਂਫਰੈਂਸ ਲਾਇਬ੍ਰੇਰੀ ਦੀ ਲੁੱਟ ਆਦਿ ਬੇਹੁਰਮਤੀ ਵਾਲ਼ੀਆਂ ਕਾਰਵਾਈਆਂ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਦੇ ਸੰਚਾਲਕ ਭਗਤ ਪੂਰਨ ਸਿੰਘ ਜੀ, ਇਲਸਟ੍ਰੇਟਡ ਵੀਕਲੀ ਦੇ ਸੰਪਾਦਕ ਖੁਸ਼ਵੰਤ ਸਿੰਘ ਆਦਿ ਨੇ ਪਦਮਸ਼੍ਰੀ ਸਨਮਾਨ ਵਾਪਸ ਕਰ ਕੇ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ। ਫੌਜ ਦਾ ਵੀ ਕਾਫੀ ਜਾਨੀ ਨੁਕਸਾਨ ਹੋਇਆ। ਭਾਰਤ ਸਰਕਾਰ ਵੱਲੋਂ ਜਾਰੀ ਵਾਈਟ ਪੇਪਰ ਅਨੁਸਾਰ 554 ਸਿਵਲੀਅਨ, ਫੌਜ ਦੇ 4 ਅਫਸਰ, 4 ਜੇ. ਓ. ਸੀ.ਅਤੇ 84 ਹੋਰ ਰੈਂਕਾਂ ਦੇ ਫੌਜੀ ਮਾਰੇ ਗਏ। ਇਸ ਵਾਈਟ ਪੇਪਰ ਅਨੁਸਾਰ 121 ਸਿਵਲੀਅਨ, 15 ਫੌਜ ਦੇ ਅਫਸਰ, 19 ਜੇ. ਓ.ਸੀ. ਅਤੇ 253 ਹੋਰ ਰੈਂਕ ਦੇ ਫੌਜੀ ਫ਼ੱਟੜ ਹੋਏ। ਨਿਆਂ ਪਸੰਦ ਅਤੇ ਧਰਮਨਿਰਪੱਖ ਦੇਸ਼ ਵਾਸੀਆਂ ਲਈ ਇਹ ਬਹੁਤ ਅਣਚਾਹੀ ਅਤੇ ਦੁੱਖਦਾਈ ਘਟਨਾ ਸੀ ਅਤੇ ਹੈ, ਕਿਉਂਕਿ ਮਾਰੇ ਗਏ ਅਤੇ ਜ਼ਖ਼ਮੀ ਹੋਏ ਫੌਜੀ ਅਤੇ ਸਿਵਲੀਅਨ, ਆਪਣੇ ਹੀ ਦੇਸ਼ ਦੇ ਵਸਨੀਕ ਸਨ।

ਭਾਰਤ ਸਰਕਾਰ ਨੇ ਨਿਹੰਗ ਸੰਤਾ ਸਿੰਘ ਨੂੰ ਮੋਹਰਾ ਬਣਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਰਵਾਈ, ਜਿਸ ਨੂੰ ਸਿੱਖ-ਸੰਗਤ ਨੇ ਪ੍ਰਵਾਨ ਨਹੀਂ ਕੀਤਾ। ਭਿੰਡਰਾਂਵਾਲਾ ਦਮਦਮੀ ਟਕਸਾਲ ਜਥਾ ਮਹਿਤਾ ਦੀ ਅਗਵਾਈ ਹੇਠ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਇਮਾਰਤ ਮੁੜ ਸੁਰਜੀਤ ਕੀਤੀ ਗਈ। ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਕੀਤੀ ਗਈ, ਕਿਉਂਕਿ ਸਰੋਵਰ ਦੇ ਅੰਮ੍ਰਿਤ ਜਲ ਵਿੱਚ ਸਾਕਾ ਨੀਲਾ ਤਾਰਾ ਸਮੇਂ ਫੌਜ ਦੇ ਜਵਾਨਾਂ ਅਤੇ ਜੁਝਾਰੂ ਸਿੰਘਾਂ ਦਾ ਖ਼ੂਨ ਰਲ਼ ਗਿਆ ਸੀ। ਭਾਈ ਸੰਤੋਖ ਸਿੰਘ ਯਾਦਗਾਰੀ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ ਲਿਖਤ ਬੀੜਾਂ, ਗੁਰੂ ਸਾਹਿਬਾਨ ਦੇ ਹੁਕਮਨਾਮੇ, ਜਨਮ ਸਾਖੀਆਂ ਆਦਿ ਬੇਸ਼ਕੀਮਤੀ ਧਾਰਮਿਕ ਗ੍ਰੰਥ ਗਾਇਬ ਕਰ ਦਿੱਤੇ ਗਏ।

ਇਸ ਸਾਕੇ ਤੋਂ ਕੇਵਲ ਪੰਜ ਮਹੀਨੇ ਦੇ ਅੰਦਰ ਅੰਦਰ ਬਾਅਦ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ। ਇੰਦਰਾ ਗਾਂਧੀ ਦੇ ਕਤਲ ਪਿੱਛੋਂ ਦਿੱਲੀ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਫਿਰ ਪੰਜਾਬ ਵਿੱਚ ਨਿੱਤ ਬੇਗੁਨਾਹ ਕਤਲਾਂ ਦਾ ਨਿੰਦਣਯੋਗ ਵਰਤਾਰਾ ਵਰਤਦਾ ਰਿਹਾ ਜੋ 1992 ਵਿੱਚ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਬਣਨ ਤੋਂ ਕੁਝ ਮਹੀਨੇ ਪਿੱਛੋਂ ਤਕ ਜਾਰੀ ਰਿਹਾ। ਇਸ ਲੰਬੀ ਬੁਰਛਾਗਰਦੀ ਕਾਰਨ ਪੰਜਾਬ ਦਾ ਆਰਥਿਕ, ਸਭਿਆਚਾਰਕ ਅਤੇ ਸੰਸਥਾਵਾਂ ਦਾ ਨਾ-ਪੂਰਿਆਂ ਜਾਣ ਵਾਲਾ ਨੁਕਸਾਨ ਹੋਇਆ। ਉਹ ਨਹਿਸ਼ ਦਿਨਾਂ ਨੂੰ ਚੇਤੇ ਕਰਕੇ ਅਜੇ ਵੀ ਮਨ ਦੁਖੀ ਹੋ ਜਾਂਦੈ। 5 ਫਰਵਰੀ 1762 ਨੂੰ ਕੁੱਪ ਰਹੀੜਾ ਵਿਖੇ ਵਾਪਰਿਆ “ਵੱਡਾ ਘੱਲੂਘਾਰਾ” ਜਿਸ ਵਿੱਚ ਤਕਰੀਬਨ ਚਾਲੀ ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਝੰਗੀ ਅਹਿਮਦ ਸ਼ਾਹ ਦੁਰਾਨੀ ਦੀਆਂ ਫੌਜਾਂ ਹੱਥੋਂ ਸ਼ਹੀਦ ਹੋਏ, ਕਾਹਨੂੰਵਾਨ ਦੀ ਛੰਭ ਵਿੱਚ 1 ਅਤੇ 2 ਮਈ 1746 ਨੂੰ ਵਾਪਰਿਆ “ਛੋਟਾ ਘੱਲੂਘਾਰਾ” ਜਿਸ ਵਿੱਚ ਦਸ ਹਜ਼ਾਰ ਤੋਂ ਵੱਧ ਖਾਲਸੇ ਲਾਹੌਰ ਦੇ ਦੀਵਾਨ ਲਖਪਤ ਰਾਏ ਦੀਆਂ ਫੌਜਾਂ ਨਾਲ ਲੜਦੇ ਹੋਏ ਸ਼ਹੀਦ ਹੋਏ, ਤੋਂ ਬਾਅਦ 3 ਤੋਂ 7 ਜੂਨ ਸੰਨ 1984 ਨੂੰ ਸਾਕਾ ਨੀਲਾ ਤਾਰਾ ਦੇ ਨਾਂ ਹੇਠ ਵਾਪਰਿਆ ਘੱਲੂਘਾਰਾ ਸਿੱਖ ਇਤਿਹਾਸ, ਮਾਨਸਿਕਤਾ ਅਤੇ ਚੇਤਿਆਂ ਦਾ ਨਾਸੂਰ ਬਣ ਗਿਆ ਹੈ।

ਸੰਪਰਕ : 9815840755

Share this Article
Leave a comment