-ਅਵਤਾਰ ਸਿੰਘ
ਮੰਗਲੇਸ਼ ਡਬਰਾਲ ਹਿੰਦੀ ਦਾ ਹੀ ਪ੍ਰਤਿਬੱਧ ਕਵੀ ਨਹੀਂ ਸੀ, ਬਲਕਿ ਭਾਰਤੀ ਭਾਸ਼ਾਵਾਂ ਦਾ ਵੀ ਪ੍ਰਬੁੱਧ ਕਵੀ ਸੀ। ਉਸ ਨੇ ਆਪਣੀ ਖੱਬੇ-ਪੱਖੀ ਵਿਚਾਰਧਾਰਾ ਦੀ ਪ੍ਰਤਿਬੱਧਤਾ ਸਦਕਾ ਕਵਿਤਾ ਨੂੰ ਨਵਾਂ ਅਤੇ ਨਵੇਕਲਾ ਮੁਹਾਂਦਰਾ ਪ੍ਰਦਾਨ ਕੀਤਾ। ਮੰਗਲੇਸ਼ ਆਪਣੀ ਕਵਿਤਾ ‘ਚ ਉਸ ਵਰਗ ਦੀ ਨਿਸ਼ਾਨਦੇਹੀ ਬੜੀ ਸ਼ਿੱਦਤ ਨਾਲ ਕਰਦਾ ਹੈ, ਜੋ ਦੁਰਕਾਰਿਆ ਅਤੇ ਬੁਰੀ ਤਰ੍ਹਾਂ ਲਤਾੜਿਆ ਗਿਆ ਹੈ, ਜਾਂ ਫੇਰ ਉਸ ਨੂੰ ਬੜੀ ਬੇਰਹਿਮੀ ਨਾਲ ਹਾਸ਼ੀਏ ‘ਤੇ ਸੁੱਟ ਦਿੱਤਾ ਗਿਆ। ਦੁੱਖ ਦੀ ਅਜਿਹੀ ਨੇੜਤਾ ਉਸ ਬੰਦੇ ਨੂੰ ਹੁੰਦੀ ਹੈ, ਜਿਸ ਨੇ ਦੁੱਖਾਂ ਨੂੰ ਆਪਣੇ ਪਿੰਡੇ ਉੱਤੇ ਹੰਢਾਇਆ ਹੋਵੇ। ਮੰਗਲੇਸ਼ ਦੀ ਕਵਿਤਾ ਇਸ ਅਹਿਸਾਸ ਨੂੰ ਇਸ ਦ੍ਰਿਸ਼ ਵਾਂਗ ਦਿਖਾਉਂਦੀ ਜਾਪਦੀ ਹੈ।
ਮੈਂ ਸ਼ਹਿਰ ਨੂੰ ਦੇਖਿਆ
ਉੱਥੇ ਕੋਈ ਕਿਵੇਂ ਰਹਿ ਸਕਦਾ ਹੈ
ਇਹ ਜਾਣਨ ਮੈਂ ਗਿਆ
ਮੁੜ ਕੇ ਨਾ ਆਇਆ।
ਮੰਗਲੇਸ਼ ਡਬਰਾਲ ਦਾ ਜਨਮ 16 ਮਈ, 1948 ਨੂੰ ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਦੇ ਪਿੰਡ ਕਾਫਲਪਾਨੀ ‘ਚ ਹੋਇਆ। ਵਿਭਿੰਨ ਅਖ਼ਬਾਰਾਂ, ਰਸਾਲਿਆਂ ‘ਚ ਲੰਮੇ ਸਮੇਂ ਤੱਕ ਕੰਮ ਕਰਨ ਦੇ ਬਾਅਦ ਉਹ ਤਿੰਨ ਸਾਲ ਤੱਕ ਨੈਸ਼ਨਲ ਬੁੱਕ ਟਰੱਸਟ ਦੇ ਸਲਾਹਕਾਰ ਰਹੇ। ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ‘ਪਹਾੜ ਪਰ ਲਾਲਟੈਨ’, ‘ਘਰ ਕਾ ਰਾਸਤਾ’, ‘ਹਮ ਜੋ ਦੇਖਤੇ ਹੈਂ’, ‘ਆਵਾਜ਼ ਭੀ ਏਕ ਜਗਹ ਹੈ’, ‘ਨਏ ਯੁਗ ਮੇਂ ਸ਼ਤਰੂ’ ਅਤੇ ‘ਸਿਮਰਤੀ ਭੀ ਏਕ ਸਮਯ ਹੈ’ ਆਦਿ ਨਾਂ ਸ਼ਾਮਿਲ ਹਨ। ਮੰਗਲੇਸ਼ ਬਹੁਤ ਵੱਡੇ ਅਨੁਵਾਦਕ ਵੀ ਸਨ। ਬ੍ਰੈਖ਼ਤ, ਯਾਨਿਸ ਰਿਤਸੋਸ ਰੋਜ਼ਵਿਚ, ਨੈਰੂਦਾ ਆਦਿ ਕਵੀਆਂ ਦੀਆਂ ਕਵਿਤਾਵਾਂ ਅੰਗ੍ਰੇਜ਼ੀ ਰਾਹੀਂ ਹਿੰਦੀ ‘ਚ ਅਨੁਵਾਦ ਕੀਤੀਆਂ। ਉਨ੍ਹਾਂ ਨੇ ਨਾਗਾਰਜੁਨ, ਨਿਰਮਲ ਵਰਮਾ, ਮਹਾਸ਼ਵੇਤਾ ਦੇਵੀ ਵਰਮਾ, ਗੁਰਦਿਆਲ ਸਿੰਘ, ਕੁਰਰਤੁਲ ਐਨ ਹੈਦਰ ਵਰਗੇ ਸਾਹਿਤਕਾਰਾਂ ‘ਤੇ ਡਾਕੂਮੈਂਟਰੀ ਲਈ ਡਾਇਲਾਗ (script writing) ਲਿਖੇ। ਉਨ੍ਹਾਂ ਨੇ ਸਮਾਜ, ਸੰਗੀਤ, ਸਿਨੇਮਾ ਅਤੇ ਕਲਾ ‘ਤੇ ਸਮੀਖਿਆਤਮਿਕ ਲੇਖ ਵੀ ਲਿਖੇ।
”ਪਹਾੜਾਂ ਦੇ ਦੁੱਖ ਸਾਡੇ ਪਿੱਛੇ ਹਨ, ਮੈਦਾਨਾਂ ਦੇ ਦੁੱਖ ਮੂਹਰੇ…” ਜਰਮਨ ਕਵੀ ਬਰਤੌਲਤ ਬ੍ਰੈਖ਼ਤ ਦੀਆਂ ਕਾਵਿ ਪੰਕਤੀਆਂ ਉਨ੍ਹਾਂ ਨੂੰ ਬਹੁਤ ਚੰਗੀਆਂ ਲਗਦੀਆਂ ਸਨ ਅਤੇ ਉਹ ਅਕਸਰ ਦੁਹਰਾਇਆ ਕਰਦੇ ਸਨ। ਇਉਂ ਲਗਦਾ ਸੀ ਜਿਵੇਂ ਪਹਾੜਾਂ ‘ਤੇ ਨਾ ਰਹਿ ਸਕਣ ਅਤੇ ਮੈਦਾਨਾਂ ਨੂੰ ਨਾ ਸਹਿ ਸਕਣ ਦਾ ਜੋ ਅਣਕਿਹਾ ਦੁੱਖ ਹੈ, ਉਸ ‘ਚ ਇਹ ਪੰਕਤੀਆਂ ਉਨ੍ਹਾਂ ਨੂੰ ਕੋਈ ਦਿਲਾਸਾ ਦਿੰਦੀਆਂ ਹੋਣ।
ਪਿਛਲੇ ਦਸ ਦਿਨਾਂ ਤੋਂ ਕੋਰੋਨਾ ਦੀ ਭਿਆਨਕ ਬੀਮਾਰੀ ਨਾਲ ਲੜਦਿਆਂ ਆਖ਼ਿਰ ਉਹ ਪਹਾੜ ਦਾ ਪੁੱਤ ਹਮੇਸ਼ ਲਈ ਖ਼ਾਮੋਸ਼ ਹੋ ਗਿਆ। ਨਿਰਸੰਦੇਹ ਮੰਗਲੇਸ਼ ਪੰਜਾਬੀ, ਪੰਜਾਬ ਅਤੇ ਹਿੰਦੀ ਭਾਸ਼ਾ ਦਰਮਿਆਨ ਇੱਕ ਮਜ਼ਬੂਤ ਪੁਲ ਵਾਂਗ ਕੰਮ ਕਰਦੇ ਸਨ ਅਤੇ ਉਹ ਪੁਲ 9 ਦਸੰਬਰ ਦੀ ਸ਼ਾਮ ਨੂੰ ਟੁੱਟ ਗਿਆ।
ਹਿੰਦੀ ਦੇ ਪ੍ਰਬੁੱਧ ਕਵੀ ਮੰਗਲੇਸ਼ ਡਬਰਾਲ ਦੀ ਬੇਵਕਤੀ ਮੌਤ ‘ਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਕਾਰਜਕਾਰਨੀ ਪ੍ਰਧਾਨ ਡਾ. ਅਲੀ ਜਾਵੇਦ, ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਮੈਂਬਰ ਸਕੱਤਰੇਤ ਵਨੀਤ ਕੁਮਾਰ, ਪ੍ਰਲੇਸ ਪੰਜਾਬ ਦੇ ਪ੍ਰਧਾਨ ਪ੍ਰੋ. ਤੇਜਵੰਤ ਗਿੱਲ, ਕਾਰਜਕਾਰੀ ਪ੍ਰਧਾਨ ਡਾ. ਸੁਰਜੀਤ ਬਰਾੜ, ਜਨਰਲ ਸਕੱਤਰ ਸੁਰਜੀਤ ਜੱਜ, ਚੇਅਰਮੈਨ ਪ੍ਰਲੇਸ ਚੰਡੀਗੜ੍ਹ ਡਾ. ਲਾਭ ਸਿੰਘ ਖੀਵਾ, ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਰਮੇਲ ਸਿੰਘ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਡਾ. ਕੁਲਦੀਪ ਸਿੰਘ ਦੀਪ, ਸੱਤਿਆਪਾਲ ਸਹਿਗਲ, ਦੇਸ ਨਿਰਮੋਹੀ (ਆਧਾਰ ਪ੍ਰਕਾਸ਼ਨ), ਤਰਸੇਮ, ਡਾ. ਜੋਗਿੰਦਰ ਸਿੰਘ ਨਿਰਾਲਾ ਆਦਿ ਲੇਖਕਾਂ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਮੰਗਲੇਸ਼ ਦੇ ਜਾਣ ਨਾਲ ਹਿੰਦੀ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।