ਜਗਤਾਰ ਸਿੰਘ ਸਿੱਧੂ;
ਪੰਜਾਬ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਉਪਰ ਬੰਬਾਂ ਦੇ ਮੁੱਦੇ ਨੂੰ ਲੈਕੇ ਕੇਸ ਦਰਜ ਕਰਨ ਬਾਰੇ ਹਾਕਮ ਧਿਰ ਆਪ ਅਤੇ ਵਿਰੋਧੀ ਕਾਂਗਰਸ ਇਕ ਦੂਜੇ ਦੇ ਆਹਮੋ ਸਾਹਮਣੇ ਆ ਗਏ ਹਨ। ਕਿਹਾ ਜਾ ਸਕਦਾ ਹੈ ਕਿ ਪੰਜਾਬ ਦੀਆਂ ਦੋ ਵੱਡੀਆਂ ਧਿਰਾਂ ਦਾ ਰਾਜਸੀ ਟਕਰਾਅ ਸਿਖਰਾਂ ਉਤੇ ਪੁੱਜ ਗਿਆ ਹੈ । ਆਮ ਤੌਰ ਉੱਤੇ ਚੋਣਾਂ ਵੇਲੇ ਇਸ ਤਰ੍ਹਾਂ ਦਾ ਟਕਰਾਅ ਵੇਖਿਆ ਜਾਂਦਾ ਹੈ ਪਰ ਇਹ ਟਕਰਾਅ ਪੰਜਾਬ ਦੇ ਰਾਜਸੀ ਦ੍ਰਿਸ਼ ਨੂੰ ਲਾਜ਼ਮੀ ਪ੍ਰਭਾਵਿਤ ਕਰੇਗਾ। ਅੱਜ ਵੀ ਮੋਹਾਲੀ ਵਿਖੇ ਕਾਂਗਰਸ ਅਤੇ ਆਪ ਵਲੋਂ ਇਕ ਦੂਜੇ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ । ਕਾਂਗਰਸ ਦੀ ਤਕਰੀਬਨ ਸਮੁੱਚੀ ਲੀਡਰਸ਼ਿਪ ਅੱਜ ਪ੍ਰਤਾਪ ਬਾਜਵਾ ਦੇ ਨਾਲ ਖੜ੍ਹੀ ਵਿਖਾਈ ਦਿੱਤੀ ਅਤੇ ਮੋਹਾਲੀ ਦੇ ਥਾਣੇ ਦੀ ਪੇਸ਼ੀ ਤੱਕ ਬਹੁਤ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਨਾਲ ਗਏ।ਦੂਜੇ ਪਾਸੇ ਆਪ ਦੇ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਵੱਲੋਂ ਮਾਰਚ ਕੀਤਾ ਗਿਆ ।ਆਪ ਦਾ ਦੋਸ਼ ਹੈ ਕਿ ਕਾਂਗਰਸ ਦੇ ਨੇਤਾ ਪ੍ਰਤਾਪ ਬਾਜਵਾ ਬੰਬਾਂ ਦੀ ਅਫਵਾਹ ਫੈਲਾਕੇ ਪੰਜਾਬ ਦੇ ਲੋਕਾਂ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹਨ ਅਤੇ ਜੇਕਰ ਬੰਬਾਂ ਵਾਲੇ ਬਿਆਨ ਦੇ ਕੋਈ ਸਬੂਤ ਹਨ ਤਾਂ ਪੁਲੀਸ ਨੂੰ ਜਾਣਕਾਰੀ ਦਿੱਤੀ ਜਾਵੇ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇਹ ਆਖ ਰਹੇ ਹਨ ਕਿ ਵਿਰੋਧੀ ਧਿਰ ਆਗੂ ਬਿਆਨ ਦੇ ਤੱਥਾਂ ਦਾ ਕੋਈ ਸਬੂਤ ਪੇਸ਼ ਕਰਨ ਜਾਂ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੋਸ਼ ਹੇਠ ਕਾਰਵਾਈ ਦਾ ਸਾਹਮਣਾ ਕਰੇ।
ਕਾਂਗਰਸ ਪਾਰਟੀ ਬਾਰੇ ਮੀਡੀਆ ਵਿੱਚ ਅਕਸਰ ਧੜੇਬੰਦੀ ਦੀਆਂ ਖਬਰਾਂ ਨੂੰ ਉਭਾਰਿਆ ਜਾਂਦਾ ਹੈ ਪਰ ਪ੍ਰਤਾਪ ਬਾਜਵਾ ਉੱਤੇ ਹੋਈ ਕਾਰਵਾਈ ਨੇ ਪੰਜਾਬ ਕਾਂਗਰਸ ਨੂੰ ਇਕਵਾਰ ਤਾਂ ਇੱਕਠਾ ਕਰ ਦਿੱਤਾ । ਅੱਜ ਬਾਜਵਾ ਦੀ ਹਮਾਇਤ ਵਿੱਚ ਇਕਠੇ ਹੋਏ ਆਗੂਆਂ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ, ਰਾਣਾ ਗੁਰਜੀਤ ਸਿੰਘ, ਨਾਗਰਾ ਅਤੇ ਕਈ ਹੋਰ ਵੱਡੇ ਚਿਹਰੇ ਸ਼ਾਮਲ ਸਨ। ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਮੋਹਾਲੀ ਥਾਣੇ ਵਿੱਚ ਪੇਸ਼ੀ ਵੇਲੇ ਬਾਜਵਾ ਨੂੰ ਕਈ ਆਗੂਆਂ ਨਾਲ ਇੱਕਠੇ ਗੱਡੀ ਵਿੱਚ ਲੈਕੇ ਗਏ। ਬੇਸ਼ਕ ਪੁੱਛਗਿੱਛ ਵੇਲੇ ਬਾਜਵਾ ਇਲਾਵਾ ਕਿਸੇ ਹੋਰ ਕਾਂਗਰਸੀ ਆਗੂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ । ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਵੀ ਬਾਜਵਾ ਦੇ ਹੱਕ ਵਿੱਚ ਬਿਆਨ ਦਿੱਤਾ ਹੈ।
ਪੰਜਾਬ ਵਿਚ ਸ਼ਾਇਦ ਬਹੁਤ ਅਰਸੇ ਬਾਅਦ ਹੋਇਆ ਹੈ ਕਿ ਪੁਲੀਸ ਵਲੋਂ ਕਿਸੇ ਰਾਜਸੀ ਆਗੂ ਵਿਰੁੱਧ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਸਰਕਾਰ ਵਿਰੁੱਧ ਵਿਰੋਧੀ ਧਿਰਾਂ ਵਲੋਂ ਇਕਮੁਠਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਜਵਾ ਵਿਰੁੱਧ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਸਰਕਾਰ ਨੂੰ ਸਿੱਧੇ ਤੌਰ ਤੇ ਘੇਰਿਆ ਹੈ ।ਅਕਾਲੀ ਨੇਤਾ ਬਿਕਰਮ ਮਜੀਠੀਆ ਨੇ ਵੀ ਅਮਨ ਕਾਨੂੰਨ ਦੀ ਸਥਿਤੀ ਦਾ ਮਾਮਲਾ ਉਠਾਇਆ ਹੈ।
ਭਾਜਪਾ ਆਪਣੇ ਤੌਰ ਤੇ ਅਮਨ ਕਾਨੂੰਨ ਦੀ ਸਥਿਤੀ ਬਾਰੇ ਸਰਕਾਰ ਨੂੰ ਘੇਰ ਰਹੀ ਹੈ ਪਰ ਪੰਜਾਬ ਦੇ ਕਈ ਮਾਮਲਿਆਂ ਵਿੱਚ ਸਪੱਸ਼ਟ ਸਟੈਂਡ ਨਾ ਲੈਣ ਕਾਰਨ ਕਿਸੇ ਵੀ ਮਾਮਲੇ ਵਿੱਚ ਮੀਡੀਆ ਦੀਆਂ ਸੁਰਖੀਆਂ ਦੇ ਇਲਾਵਾ ਕੋਈ ਖਾਸ ਪ੍ਰਭਾਵ ਨਹੀਂ ਬਣਾ ਸਕੀ। ਪਾਰਟੀ ਕਾਂਗਰਸ ਅਤੇ ਆਪ ਦੋਵਾਂ ਤੋਂ ਦੂਰੀ ਬਣਾ ਰਹੀ ਹੈ।
ਸੰਪਰਕ 9814002186